ਜਲੰਧਰ : ਸਿਆਸੀ ਗਲਿਆਰਿਆਂ ਵਿੱਚ ਅੱਜ ਉਸ ਵੇਲੇ ਭੂਚਾਲ ਆ ਗਿਆ ਜਦੋਂ ਆਮ ਆਦਮੀ ਪਾਰਟੀ (ਆਪ) ਦੇ ਸਭ ਤੋਂ ਨਜ਼ਦੀਕੀ ਮੰਨੇ ਜਾਣ ਵਾਲੇ ਚਿਹਰੇ ਰਾਘਵ ਚੱਢਾ ਨੇ 6 ਹੋਰ ਐੱਮ.ਪੀਜ਼ ਨੇ ਭਾਰਤੀ ਜਨਤਾ ਪਾਰਟੀ ਨਾਲ ਰਲੇਵ੍ਹੇ ਦਾ ਐਲਾਨ ਕਰ ਦਿੱਤਾ। ਇਸ ਧਮਾਕੇ ਨੇ ਨਾ ਸਿਰਫ਼ ਦਿੱਲੀ ਅਤੇ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ, ਸਗੋਂ ਰਾਜ ਸਭਾ ਦੇ ਗਣਿਤ ਨੂੰ ਵੀ ਬਦਲ ਦਿੱਤਾ ਹੈ।
ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਰਾਘਵ ਚੱਢਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਨਾਲ ਸੰਦੀਪ ਪਾਠਕ, ਅਸ਼ੋਕ ਮਿੱਤਲ, ਹਰਭਜਨ ਸਿੰਘ, ਸਵਾਤੀ ਮਾਲੀਵਾਲ, ਵਿਕਰਮ ਸਾਹਨੀ ਅਤੇ ਰਾਜਿੰਦਰ ਗੁਪਤਾ ਨੇ ਵੀ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਚੱਢਾ ਨੇ ਕਿਹਾ, "ਮੈਂ 15 ਸਾਲ ਇਸ ਪਾਰਟੀ ਨੂੰ ਦਿੱਤੇ, ਪਰ ਅੱਜ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਂ ਗਲਤ ਪਾਰਟੀ ਵਿੱਚ ਸਹੀ ਇਨਸਾਨ ਸੀ।"
ਸੂਤਰਾਂ ਮੁਤਾਬਕ ਪਿਛਲੇ ਕੁੱਝ ਸਮੇਂ ਤੋਂ ਪਾਰਟੀ ਹਾਈਕਮਾਂਡ ਅਤੇ ਇਨ੍ਹਾਂ ਐੱਮ.ਪੀਜ਼ ਵਿਚਾਲੇ ਤਣਾਅ ਚੱਲ ਰਿਹਾ ਸੀ। ਰਾਘਵ ਚੱਢਾ ਨੂੰ ਪਾਰਟੀ ਵਿੱਚ ਅਹੁਦੇ ਤੋਂ ਹਟਾਉਣਾ ਵੀ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ। ਬਾਗੀ ਧੜੇ ਨੇ ਦੋਸ਼ ਲਾਇਆ ਕਿ ਪਾਰਟੀ ਆਪਣੇ ਮੂਲ ਸਿਧਾਂਤਾਂ ਤੋਂ ਭਟਕ ਚੁੱਕੀ ਹੈ। ਹੁਣ ਇਸ ਪੂਰੀ ਘਟਨਾ ਵਿਚਾਲੇ ਇਕ ਸਵਾਲ ਹਰੇਕ ਦੇ ਮਨ ਵਿੱਚ ਉੱਠ ਰਿਹਾ ਕਿ ਜੇਕਰ ਇਹ ਸਾਰੇ ਐੱਮ.ਪੀਜ਼ ਭਾਜਪਾ ਵਿੱਚ ਚੱਲੇ ਜਾਣਗੇ ਤਾਂ ਕਿ ਉਨ੍ਹਾਂ ਦੀ ਰਾਜ ਸਭਾ ਜਾਂ ਸੰਸਦ ਦੀ ਮੈਂਬਰੀ ਖੁੱਸ ਜਾਵੇਗੀ? ਇਨ੍ਹਾਂ ਦੀ ਥਾਂ ਪਾਰਟੀ ਹੋਰ ਕਿਸ ਨੂੰ ਇਹ ਜ਼ਿੰਮੇਵਾਰੀ ਸੌਂਪੇਗੀ। ਇਨ੍ਹਾਂ ਸਵਾਲਾਂ ਦੇ ਜਵਾਬ ਵਿਚਾਲੇ ਆਓ ਸਭ ਤੋਂ ਪਹਿਲਾਂ ਤਹਾਨੂੰ ਦੱਸਦੇ ਹਾਂ ਕਿ ਅਜਿਹੇ ਹਾਲਾਤਾਂ ਵਿੱਚਾਲੇ ਕਾਨੂੰਨੀ ਪੇਚ ਹੈ ਕੀ ਭਾਵ ਕੀ ਕਹਿੰਦਾ ਹੈ ਦਲ-ਬਦਲੀ ਵਿਰੋਧੀ ਕਾਨੂੰਨ?
ਕਾਨੂੰਨੀ ਪੇਚ ਅਤੇ ਕੁਰਸੀ ਦਾ ਸਵਾਲ
ਦਲ-ਬਦਲੀ ਵਿਰੋਧੀ ਕਾਨੂੰਨ (Anti-Defection Law) ਦੇ ਤਹਿਤ, ਜੇਕਰ ਕੋਈ ਇਕੱਲਾ ਐੱਮ.ਪੀ. ਪਾਰਟੀ ਛੱਡਦਾ ਹੈ ਤਾਂ ਉਸ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ। ਪਰ ਇੱਥੇ 'ਆਪ' ਦੇ 10 ਵਿੱਚੋਂ 7 ਸਾਂਸਦ (ਜੋ ਕਿ 2/3 ਬਣਦੇ ਹਨ) ਇੱਕਜੁੱਟ ਹੋ ਕੇ ਗਏ ਹਨ। ਕਾਨੂੰਨੀ ਮਾਹਿਰਾਂ ਅਨੁਸਾਰ, ਇਹ ਧੜਾ ਰਾਜ ਸਭਾ ਸਕੱਤਰੇਤ ਨੂੰ ਰਲੇਵੇਂ ਦਾ ਪੱਤਰ ਸੌਂਪ ਚੁੱਕਾ ਹੈ। ਇਸ ਸਥਿਤੀ ਵਿੱਚ ਇਨ੍ਹਾਂ ਦੀ ਐੱਮ.ਪੀ. ਵਜੋਂ ਕੁਰਸੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕਿਉਂਕਿ ਇਨ੍ਹਾਂ ਹਾਲਾਤਾਂ ਜੇਕਰ ਕਿਸੇ ਪਾਰਟੀ ਦੇ 2/3 (ਦੋ-ਤਿਹਾਈ) ਮੈਂਬਰ ਇਕੱਠੇ ਹੋ ਕੇ ਕਿਸੇ ਦੂਜੀ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ, ਤਾਂ ਇਸ ਨੂੰ ਕਾਨੂੰਨੀ ਤੌਰ 'ਤੇ 'ਰਲੇਵਾਂ' (Merger) ਮੰਨਿਆ ਜਾਂਦਾ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਵਿੱਚ ਕੁੱਲ 10 ਮੈਂਬਰ ਹਨ। 10 ਦਾ ਦੋ-ਤਿਹਾਈ ਹਿੱਸਾ ਲਗਭਗ 6.66 ਬਣਦਾ ਹੈ, ਯਾਨੀ ਘੱਟੋ-ਘੱਟ 7 ਮੈਂਬਰਾਂ ਦਾ ਸਾਥ ਹੋਣਾ ਜ਼ਰੂਰੀ ਹੈ। ਕਿਉਂਕਿ ਇਨ੍ਹਾਂ ਮੈਂਬਰਾਂ ਦੀ ਗਿਣਤੀ ਪੂਰੀ 7 (2/3) ਹੈ, ਇਸ ਲਈ ਇਨ੍ਹਾਂ ਦੀ ਮੈਂਬਰਸ਼ਿਪ (ਕੁਰਸੀ) ਨਹੀਂ ਖੁੱਸੇਗੀ। ਉਹ ਸਦਨ ਵਿੱਚ ਭਾਜਪਾ ਦੇ ਮੈਂਬਰਾਂ ਵਜੋਂ ਜਾਣੇ ਜਾਣਗੇ।
'ਆਪ' ਅਤੇ ਭਾਜਪਾ ਦੀ ਪ੍ਰਤੀਕਿਰਿਆ
ਆਮ ਆਦਮੀ ਪਾਰਟੀ ਨੇ ਇਸ ਨੂੰ 'ਲੋਕਤੰਤਰ ਦਾ ਕਤਲ' ਕਰਾਰ ਦਿੱਤਾ ਹੈ। ਪੰਜਾਬ ਇਕਾਈ ਦੇ ਬੁਲਾਰੇ ਬਲਤੇਜ ਪੰਨੂ ਨੇ ਦੋਸ਼ ਲਾਇਆ ਕਿ ਭਾਜਪਾ ਨੇ ਈਡੀ (ED) ਅਤੇ ਸੀਬੀਆਈ (CBI) ਦਾ ਡਰ ਦਿਖਾ ਕੇ ਅਤੇ ਮੰਤਰੀ ਪਦ ਦਾ ਲਾਲਚ ਦੇ ਕੇ ਇਹ ਤੋੜ-ਫੋੜ ਕੀਤੀ ਹੈ। ਦੂਜੇ ਪਾਸੇ, ਭਾਜਪਾ ਨੇ ਇਸ ਨੂੰ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਵਿੱਚ ਵਿਸ਼ਵਾਸ ਦੱਸਿਆ ਹੈ।
ਇਸ ਘਟਨਾ ਨੇ 'ਆਪ' ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਰਾਜ ਸਭਾ ਵਿੱਚ ਪਾਰਟੀ ਦੀ ਤਾਕਤ ਹੁਣ ਸਿਰਫ਼ 3 ਮੈਂਬਰਾਂ ਤੱਕ ਸਿਮਟ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਇਹ ਬਾਗੀ ਧੜਾ ਪਾਰਟੀ ਦੇ ਚੋਣ ਨਿਸ਼ਾਨ 'ਝਾੜੂ' 'ਤੇ ਵੀ ਦਾਅਵਾ ਠੋਕਦਾ ਹੈ ਜਾਂ ਨਹੀਂ।
'ਆਪ' ਨੂੰ ਛੱਡ ਗਏ 7 MPs, ਜਾਣੋ ਕਿਸ-ਕਿਸ ਨੇ ਛੱਡਿਆ ਪਾਰਟੀ ਦਾ ਸਾਥ
NEXT STORY