ਗੁਰਦਾਸਪੁਰ (ਵਿਨੋਦ) : 30 ਸਾਲ ਪੁਰਾਣੇ ਇਕ ਝੂਠੇ ਮੁਕਾਬਲੇ ’ਚ ਮਾਰੇ ਗਏ ਦੋ ਨੌਜਵਾਨਾਂ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਗੁਰਦਾਸਪੁਰ ਦੇ ਵਧੀਕ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ ਝੂਠਾ ਮੁਕਾਬਲਾ ਕਰਨ ਵਾਲੇ ਦੋ ਪੁਲਸ ਅਧਿਕਾਰੀਆਂ ਨੂੰ ਉਮਰ ਕੈਦ ਤੇ ਪੰਜ-ਪੰਜ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਜ਼ਾ ਪਾਉਣ ਵਾਲੇ ਮੁਲਾਜ਼ਮਾਂ ’ਚ ਥਾਣਾ ਡੇਰਾ ਬਾਬਾ ਨਾਨਕ ’ਚ ਤਾਇਨਾਤ ਤੱਤਕਾਲੀ ਏ. ਐੱਸ. ਆਈ ਚੰਨਣ ਸਿੰਘ ਤੇ ਏ.ਐੱਸ.ਆਈ ਤਰਲੋਕ ਸਿੰਘ ਸ਼ਾਮਲ ਹਨ। ਜਦਕਿ ਇਸ ਮਾਮਲੇ ’ਚ ਸ਼ਾਮਲ ਇਕ ਐੱਸ.ਐੱਚ.ਓ, ਇਕ ਸਹਾਇਕ ਸਬ ਇੰਸਪੈਕਟਰ ਤੇ ਇਕ ਹੈੱਡ ਕਾਂਸਟੇਬਲ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਸ਼ਿਕਾਇਤਕਰਤਾ ਮਹਿਲਾ ਲਖਬੀਰ ਕੌਰ ਵਿਧਵਾ ਹਰਜੀਤ ਸਿੰਘ ਵਾਸੀ ਪਿੰਡ ਅਲਾਵਲਪੁਰ ਕਲਾਨੌਰ ਨੇ ਅਦਾਲਤ ਵਿਚ ਕੇਸ ਦਾਖ਼ਲ ਕੀਤਾ ਸੀ।
ਇਹ ਵੀ ਪੜ੍ਹੋ : ਫਿਰ ਦਾਗਦਾਰ ਹੋਈ ਖਾਕੀ, ਪੰਜਾਬ ਪੁਲਸ ਦੇ ਦੋ ਮੁਲਾਜ਼ਮਾਂ ’ਤੇ ਦੋਸਤਾਂ ਨਾਲ ਮਿਲ ਕੇ ਕੁੜੀ ਨਾਲ ਬਲਾਤਕਾਰ ਦਾ ਦੋਸ਼
ਲਖਬੀਰ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ 5 ਮੁਲਜ਼ਮਾਂ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 302, 364 ਤਹਿਤ ਦੋਸ਼ ਆਇਦ ਹੋਏ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ 21 ਮਾਰਚ 1993 ਨੂੰ ਦੁਪਹਿਰ ਸਮੇਂ ਉਹ ਆਪਣੇ ਪੁੱਤਰ ਬਲਵਿੰਦਰ ਸਿੰਘ ਨਾਲ ਬੱਸ ’ਚ ਸਵਾਰ ਹੋ ਕੇ ਪਿੰਡ ਭੋਮਾ ਤੋਂ ਵਾਪਸ ਆ ਰਹੀ ਸੀ। ਇਸੇ ਬੱਸ ’ਚ ਉਨ੍ਹਾਂ ਦੇ ਜਾਣਕਾਰ ਵਿਰਸਾ ਸਿੰਘ ਉਸ ਦੀ ਪਤਨੀ ਸੁਖਵਿੰਦਰ ਕੌਰ ਤੇ ਪੁੱਤਰ ਬਲਜਿੰਦਰ ਸਿੰਘ ਉਰਫ਼ ਲਾਟੂ ਵੀ ਸਫਰ ਕਰ ਰਹੇ ਸਨ। ਜਦੋਂ ਬੱਸ ਤਲਵੰਡੀ ਰਾਮਾ ਦੇ ਬੱਸ ਸਟਾਪ ’ਤੇ ਰੁਕੀ ਤਾਂ ਅਚਾਨਕ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ.ਐੱਚ.ਓ ਬਲਦੇਵ ਸਿੰਘ, ਕਾਂਸਟੇਬਲ ਚੰਨਣ ਸਿੰਘ, ਕਾਂਸਟੇਬਲ ਨਿਰਮਲ ਸਿੰਘ ਅਤੇ ਕੁਝ ਹੋਰ ਪੁਲਸ ਮੁਲਾਜ਼ਮ ਬੱਸ ’ਚ ਆ ਵੜੇ।
ਇਹ ਵੀ ਪੜ੍ਹੋ : VIP ਨੰਬਰ ਮਰਸੀਡੀਜ਼ ’ਚ ਦੋ ਰੁਪਏ ਕਿੱਲੋ ਕਣਕ ਲੈਣ ਆਇਆ ਵਿਅਕਤੀ, ਵਾਇਰਲ ਵੀਡੀਓ ਨੇ ਸਭ ਦੇ ਉਡਾਏ ਹੋਸ਼
ਉਨ੍ਹਾਂ ਨੇ ਜ਼ਬਰਦਸਤੀ ਉਸ ਦੇ ਪੁੱਤਰ ਬਲਵਿੰਦਰ ਸਿੰਘ ਅਤੇ ਨਾਲ ਸਫਰ ਕਰ ਰਹੇ ਨੌਜਵਾਨ ਬਲਜਿੰਦਰ ਸਿੰਘ ਉਰਫ ਲਾਟੂ ਨੂੰ ਬੱਸ ’ਚੋਂ ਉਤਾਰ ਲਿਆ। ਜਦੋਂ ਇਸ ਬਾਰੇ ਪੁਲਸ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਅੱਤਵਾਦੀ ਹਨ। ਪੁਲਸ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਥਾਣੇ ਲੈ ਗਈ। ਪਰਿਵਾਰ ਤੇ ਪਿੰਡ ਵਾਲੇ ਥਾਣਾ ਡੇਰਾ ਬਾਬਾ ਨਾਨਕ ਗਏ ਅਤੇ ਨੌਜਵਾਨਾਂ ਨੂੰ ਬੇਕਸੂਰ ਦੱਸਦਿਆਂ ਰਿਹਾਅ ਕਰਨ ਦੀ ਮੰਗ ਕੀਤੀ ਪਰ ਉਨ੍ਹਾਂ ਦੀ ਕੋਈ ਨਹੀਂ ਸੁਣੀ ਗਈ। ਉਸ ਸਮੇਂ ਪੁਲਸ ਨੇ ਥਾਣੇ ’ਚ ਬਲਵਿੰਦਰ ਸਿੰਘ ਨਾਮ ਦਾ ਇੱਕ ਹੋਰ ਨੌਜਵਾਨ ਵੀ ਬਿਠਾਇਆ ਹੋਇਆ ਸੀ। 23 ਮਾਰਚ 1993 ਪੁਲਸ ਉਨ੍ਹਾਂ ਨੂੰ ਜ਼ਬਰੀ ਗੱਡੀ ’ਚ ਬਿਠਾ ਕੇ ਪਿੰਡ ਕਠਿਆਲੀ ਵੱਲ ਲੈ ਗਈ। ਨੌਜਵਾਨ ਸ਼ੋਰ ਮਚਾ ਰਹੇ ਸਨ ਕਿ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ। ਥੋੜੇ ਸਮੇਂ ਬਾਅਦ ਜਦੋਂ ਪੁਲਸ ਦੀ ਗੱਡੀ ਕਠਿਆਲੀ ਪਿੰਡ ਪੁੱਜੀ ਤਾਂ ਪਿੰਡ ਵਾਸੀਆਂ ਨੇ ਗੋਲ਼ੀਆਂ ਚੱਲਣ ਦੀ ਆਵਾਜ਼ ਸੁਣੀ।
ਇਹ ਵੀ ਪੜ੍ਹੋ : PGI ਦੇ ਹੈਰਾਨ ਕਰਨ ਵਾਲੇ ਤੱਥ, ਪੰਜਾਬ-ਹਰਿਆਣਾ ਦੇ ਗੱਭਰੂਆਂ ’ਚ ਵਧੀ ਨਾਮਰਦੀ, ਬਜ਼ੁਰਗਾਂ ਦੀ ਸੈਕਸ ਪ੍ਰਤੀ ਰੁਚੀ ਵਧੀ
ਇਸ ਤਰ੍ਹਾਂ ਨੌਜਵਾਨਾਂ ਨੂੰ ਝੂਠੇ ਮੁਕਾਬਲੇ ’ਚ ਮਾਰ ਦਿੱਤਾ ਗਿਆ ਸੀ। ਸ਼ਿਕਾਇਤਕਰਤਾ ਲਖਬੀਰ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਲਾਸ਼ ਵੀ ਨਹੀਂ ਦਿੱਤੀ ਗਈ। ਪੁਲਸ ਨੇ ਖ਼ੁਦ ਹੀ ਸਸਕਾਰ ਕਰ ਦਿੱਤਾ। ਇਸ ਅਹਿਮ ਮਾਮਲੇ ਦੀ ਸੁਣਵਾਈ ਕਰੀਬ ਤੀਹ ਸਾਲ ਤੱਕ ਚੱਲੀ। ਇਸ ਦੌਰਾਨ ਤਿੰਨ ਹੋਰ ਮੁਲਜ਼ਮ ਐੱਸ.ਐੱਚ.ਓ ,ਬਲਦੇਵ ਸਿੰਘ ਏ.ਐੱਸ.ਆਈ ਗਿਆਨ ਸਿੰਘ ਅਤੇ ਹੈੱਡ ਕਾਂਸਟੇਬਲ ਨਿਰਮਲ ਸਿੰਘ ਦੀ ਮੌਤ ਹੋ ਚੁੱਕੀ ਸੀ। ਇਸ ਤਰ੍ਹਾਂ ਅਦਾਲਤ ਨੇ ਦੋ ਪੁਲਸ ਮੁਲਾਜ਼ਮਾਂ ਏ.ਐੱਸ.ਆਈ ਚਾਨਣ ਸਿੰਘ ਅਤੇ ਤਰਲੋਕ ਸਿੰਘ ਨੂੰ ਉਮਰ ਕੈਦ ਦੇ ਨਾਲ-ਨਾਲ ਪੰਜ-ਪੰਜ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨੇ ਦੀ ਇਹ ਰਕਮ ਪੀੜਤ ਪਰਿਵਾਰ ਨੂੰ ਸੌਂਪੀ ਜਾਵੇਗੀ।
ਇਹ ਵੀ ਪੜ੍ਹੋ : ਬਹੁ-ਚਰਚਿਤ ਲਵਪ੍ਰੀਤ ਖ਼ੁਦਕੁਸ਼ੀ ਮਾਮਲਾ, ਕੈਨੇਡਾ ਦੀ ਬੇਅੰਤ ਕੌਰ ਦੇ ਪਰਿਵਾਰ ’ਤੇ 20 ਮਹੀਨਿਆਂ ਬਾਅਦ ਵੱਡੀ ਕਾਰਵਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਕੱਦ ਛੋਟਾ, ਰੁਤਬਾ ਉੱਚਾ, ਜ਼ਿੰਦਾ ਦਿਲੀ ਦੀ ਮਿਸਾਲ ਹੈ 4 ਫੁੱਟ ਦਾ ਸੁਖਪ੍ਰੀਤ, ਹੌਂਸਲਾ ਅਜਿਹਾ ਕਿ ਤੁਸੀਂ ਕਰੋਗੇ ਸਲਾਮ
NEXT STORY