ਗੁਰੂਹਰਸਹਾਏ (ਆਵਲਾ) - ਸਥਾਨਕ ਸ਼ਹਿਰ ’ਚ ਠੱਗਾਂ ਦੀ ਕੋਈ ਘਾਟ ਨਹੀਂ, ਜਿਸ ਕਾਰਨ ਬਹੁਤ ਸਾਰੇ ਲੋਕ ਆਏ ਦਿਨ ਕਿਸੇ ਨਾ ਕਿਸੇ ਠੱਗ ਦਾ ਸ਼ਿਕਾਰ ਹੋ ਜਾਂਦੇ ਹਨ। ਗੁਰੂਹਰਸਹਾਏ ’ਚ ਰਹਿ ਰਿਹਾ ਇਕ ਠੱਗ ਜੋੜਾ ਨਕਲੀ ਸੋਨੇ ਨੂੰ ਅਸਲੀ ਦੱਸ ਲੋਕਾਂ ਨਾਲ ਠੱਗੀਆਂ ਮਾਰਨ ਦਾ ਧੰਦਾ ਕਰ ਰਿਹਾ ਹੈ, ਜੋ ਪਿੰਡ ਭੱਠੇ ਦੇ ਵਸਨੀਕ ਦੱਸੇ ਜਾ ਰਹੇ ਹਨ। ਉਕਤ ਜੋੜਾ ਠੱਗੀ ਦੇ ਮਾਮਲੇ ’ਚ ਜੇਲ੍ਹ ਵੀ ਕੱਟ ਚੁੱਕਾ ਹੈ। ਇਸੇ ਠੱਗ ਜੋੜੇ ਵਲੋਂ ਇਕ ਕਰਿਆਨਾ ਦੁਕਾਨ ਦੇ ਮਾਲਕ ਕੋਲ ਨਕਲੀ ਸੋਨਾ ਗਿਰਵੀ ਰੱਖ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਕੀਲ ਚੰਦ ਖੁਰਾਣਾ ਪੁੱਤਰ ਹੰਸਰਾਜ ਨੇ ਦੱਸਿਆ ਕਿ ਉਹ ਇਕ ਕਰਿਆਨੇ ਦੀ ਦੁਕਾਨ ਦਾ ਕੰਮ ਕਰਦਾ ਹੈ। ਪਿਛਲੇ ਕਈ ਸਾਲਾ ਤੋਂ ਠੱਗ ਪਤੀ-ਪਤਨੀ ਉਸ ਦੀ ਦੁਕਾਨ ਤੋਂ ਸਾਮਾਨ ਲੈ ਕੇ ਰਹੇ ਹਨ।
ਉਸ ਨੇ ਦੱਸਿਆ ਕਿ ਦੋਵੇਂ ਪਤੀ-ਪਤਨੀ ਉਸ ਕੋਲ ਸੋਨਾ ਗਿਰਵੀ ਰੱਖ ਪਿਛਲੇ ਕਰੀਬ ਦੋ ਸਾਲਾਂ ਦੌਰਾਨ 4 ਲੱਖ ਰੁਪਏ ਤੋਂ ਵੱਧ ਦਾ ਪੈਸੇ ਲਿਜਾ ਚੁੱਕੇ ਹਨ। ਵਕੀਲ ਚੰਦ ਨੇ ਦੱਸਿਆ ਕਿ ਬੀਤੀ 29 ਦਸੰਬਰ ਨੂੰ ਠੱਗ ਜੋੜਾ ਜਦੋਂ 36 ਗ੍ਰਾਮ ਸੋਨਾ ਗਿਰਵੀ ਰੱਖਣ ਅਤੇ 1 ਲੱਖ ਰੁਪਏ ਲੈਣ ਆਏ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਇਸ ਸੋਨੇ ਬਦਲੇ ਮੈਂ 80 ਹਜ਼ਾਰ ਰੁਪਏ ਦੇ ਸਕਦਾ ਹਾਂ। ਸਲਾਹ ਕਰਦੇ ਕਰਦੇ ਉਨ੍ਹਾਂ ਨੇ ਜੇਬ ’ਚ ਸੋਨਾ ਪਾ ਲਿਆ ਅਤੇ 80 ਹਜ਼ਾਰ ਰੁਪਏ ਦੇਣ ਦਾ ਕਹਿਣ ਮਗਰੋਂ ਆਦਮੀ ਨੇ ਪੈਂਟ ਦੀ ਦੂਜੀ ਜੇਬ ’ਚੋਂ ਬੜੀ ਚਲਾਕੀ ਨਾਲ ਹੋਰ ਸੋਨਾ ਕੱਢਿਆ। ਸੋਨਾ ਨਕਲੀ ਹੋਣ ਦਾ ਸ਼ੱਕ ਪੈਣ ’ਤੇ ਮੈਂ ਉਨ੍ਹਾਂ ਨੂੰ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ। ਪਿਛਲੇ ਕਾਫੀ ਸਮੇਂ ਤੋਂ ਰੱਖੇ ਸੋਨੇ ਦੀ ਜਦੋਂ ਉਨ੍ਹਾਂ ਨੇ ਜਾਂਚ ਕਰਵਾਈ ਤਾਂ ਸੁਨਿਆਰੇ ਨੇ ਦੱਸਿਆ ਕਿ ਇਹ ਸੋਨਾ ਨਕਲੀ ਹੈ। ਵਕੀਲ ਚੰਦ ਉਨ੍ਹਾਂ ਦੇ ਘਰ ਵੀ ਗਿਆ ਪਰ ਉਹ ਫਰਾਰ ਹੋ ਗਏ। ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਅਤੇ ਠੱਗ ਜੋੜੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਠੱਗ ਜੋੜੇ ਖਿਲਾਫ ਮਿਲੀ ਸ਼ਿਕਾਇਤ ਦੀ ਜਾਂਚ ਪੜਤਾਲ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਬਰਨਾਲਾ 'ਚ ਵਧਦਾ ਜਾ ਰਿਹੈ ਕੈਂਸਰ ਦਾ ਕਹਿਰ, ਦੇਖੋ 2012 ਤੋਂ 2019 ਦੇ ਅੰਕੜੇ
NEXT STORY