ਫ਼ਤਿਹਗੜ੍ਹ ਸਾਹਿਬ (ਜੱਜੀ, ਜਗਦੇਵ, ਸੁਰੇਸ਼, ਬਖਸ਼ੀ, ਬਿਪਨ) : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਭਾਰਤੀ ਫ਼ੌਜ ਦੇ ਇਕ ਨਕਲੀ ਲੈਫ. ਕਰਨਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੀ. ਆਈ. ਏ. ਸਟਾਫ ਸਰਹਿੰਦ ਦੇ ਇੰਚਾਰਜ ਇੰਸ. ਭੁਪਿੰਦਰ ਸਿੰਘ ਦੀ ਅਗਵਾਈ ’ਚ ਏ. ਐੱਸ . ਆਈ. ਗੁਰਬਚਨ ਸਿੰਘ ਵੱਲੋਂ ਮੁਖਬਰੀ ਦੇ ਆਧਾਰ ’ਤੇ ਸ਼ੋਬਰਾਜ ਸਿੰਘ ਉਰਫ਼ ਸ਼ਿਵਾ ਵਾਸੀ ਪਿੰਡ ਮੰਝ ਫਗੂਵਾਲਾ ਥਾਣਾ ਸਲੇਮ ਟਾਵਰੀ, ਲੁਧਿਆਣਾ ਕੋਲੋਂ ਇਕ 32 ਬੋਰ ਦੀ ਨਾਜਾਇਜ਼ ਪਿਸਤੌਲ ਸਮੇਤ 3 ਰੌਂਦ, ਇਕ ਏਅਰ ਪਿਸਤੌਲ, 5 ਜਾਅਲੀ ਗੋਲ ਮੋਹਰਾਂ, ਇਕ ਵਾਕੀ-ਟਾਕੀ ਸੈੱਟ, ਫ਼ੌਜ ਦੇ ਲੈਫਟੀਨੈਂਟ ਕਰਨਲ ਦੀ ਕਾਲੇ ਰੰਗ ਦੀ ਵਰਦੀ ਤੇ 2 ਹੋਰ ਆਰਮੀ ਦੀਆਂ ਵਰਦੀਆਂ ਬਰਾਮਦ ਹੋਈਆਂ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਸ਼ੋਬਰਾਜ ਕੋਲੋਂ ਪੁਲਸ ਨੇ ਇਕ ਕਾਰ ਦੀ ਨੰਬਰ ਪਲੇਟ ’ਤੇ ਲੱਗਿਆ ਭਾਰਤੀ ਫ਼ੌਜ ਦਾ ਲੋਗੋ, ਇਕ ਲੈਪਟਾਪ ਅਤੇ ਫੌ਼ਜ ਦੇ ਜਾਅਲੀ ਦਸਤਾਵੇਜ਼, ਲੈਫ. ਕਰਨਲ ਰੈਂਕ ਦਾ ਸ਼ਨਾਖਤੀ ਕਾਰਡ ਤੇ ਜਾਅਲੀ ਸਰਟੀਫਿਕੇਟ ਮੌਕੇ ਤੋਂ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬਾਅਦ ’ਚ ਸ਼ੋਬਰਾਜ ਤੋਂ 10 ਹੋਰ ਮੋਹਰਾਂ, ਇਕ ਸਟੈਂਪ ਪੈਡ, ਇਕ ਫ਼ੌਜ ਦਾ ਕੋਟ-ਪੈਂਟ, ਇਕ ਨੀਲੀ ਡੋਰੀ, ਪੰਜ ਖਾਕੀ ਡੋਰੀਆਂ, ਇਕ ਜੀ. ਓ. ਬੈਲਟ ਰੰਗ ਲਾਲ (ਪੰਜਾਬ ਪੁਲਸ), ਇਕ ਜੋੜਾ ਪੀ. ਪੀ. ਐੱਸ . ਬੈਚ, ਇਕ ਜੋੜਾ ਸਟਾਰ, ਇਕ ਕਾਲੇ ਰੰਗ ਦੀ ਡਾਂਗਰੀ, ਇਕ ਪਰੇਡ ਵਾਲੀ ਤਲਵਾਰ, ਇਕ ਖਾਕੀ ਰੰਗ ਦੀ ਜੀ. ਓ. ਕੈਪ (ਪੀ. ਪੀ. ਐੱਸ .), ਦੋ ਵਰਦੀ ਵਾਲੀਆਂ ਤਸਵੀਰਾਂ ਤੇ ਇਕ ਸਿਵਲ ਕੱਪੜਿਆਂ ਵਾਲੀ ਤਸਵੀਰ ਬਰਾਮਦ ਹੋਈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਸ਼ੋਬਰਾਜ ਸਿੰਘ ਖੁਦ ਫ਼ੌਜ ਦੇ ਕਰਨਲ ਰੈਂਕ ਦੀ ਵਰਦੀ ਪਾ ਕੇ ਰੱਖਦਾ ਹੈ ਤੇ ਆਪਣੇ ਤਿੰਨ ਸਾਥੀਆਂ ਨੂੰ ਵੀ ਫ਼ੌਜ ਦੀ ਵਰਦੀ ਪੁਆ ਦਿੰਦਾ ਹੈ, ਜਿਨ੍ਹਾਂ ਕੋਲ ਨਾਜਾਇਜ਼ ਅਸਲਾ ਹੈ ਤੇ ਇਹ ਭੋਲੇ-ਭਾਲੇ ਬੇਰੋਜ਼ਗਾਰ ਲੋਕਾਂ ਨੂੰ ਫ਼ੌਜ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਠੱਗੀ ਮਾਰਦੇ ਹਨ। ਉਨ੍ਹਾਂ ਦੱਸਿਆ ਕਿ ਸ਼ੋਬਰਾਜ ਕੋਲ ਫ਼ੌਜ ਦੇ ਜਾਅਲੀ ਦਸਤਾਵੇਜ਼, ਜਾਅਲੀ ਫਾਰਮ ਅਤੇ ਜਾਅਲੀ ਮੋਹਰਾਂ ਵੀ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਖਬਰੀ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਰਹਿੰਦ ਵਿਖੇ ਧਾਰਾ 419, 420, 465, 467, 468, 471, 472,473, 474, 170, 171 120-ਬੀ ਅਤੇ ਅਸਲਾ ਐਕਟ 25/54/59 ਅਧੀਨ ਮਾਮਲਾ ਦਰਜ ਕੀਤਾ ਹੈ।
ਪੁਲਸ ਨੇ ਫਲੋਟਿੰਗ ਰੈਸਟੋਰੈਂਟ ਨਹਿਰ ਦੇ ਪੁਲ ਸਰਹਿੰਦ ਵਿਖੇ ਨਾਕਾਬੰਦੀ ਕਰ ਕੇ ਸ਼ੋਬਰਾਜ ਸਿੰਘ ਨੂੰ ਕਾਰ ਮਾਰਕਾ ਹੁੰਡਈ ਸੋਨਾਟਾ ਨੰਬਰੀ ਐੱਚ. ਆਰ. 26. ਬੀ. ਐੱਫ.-8023 ਸਮੇਤ ਕਾਬੂ ਕੀਤਾ। ਕੌਂਡਲ ਨੇ ਇਹ ਵੀ ਦੱਸਿਆ ਕਿ ਸ਼ੋਬਰਾਜ ਸਿੰਘ ਨੇ ਬੈਂਕ ਤੋਂ ਫ਼ੌਜ ਦੇ ਜਾਅਲੀ ਦਸਤਾਵੇਜ਼ ਤੇ ਰੈਂਕ ਦੇ ਅਧਾਰ ’ਤੇ 18 ਲੱਖ ਰੁਪਏ ਦਾ ਕਰਜ਼ਾ ਸਾਲ 2018 ’ਚ ਯੈੱਸ ਬੈਂਕ ਲੁਧਿਆਣਾ ਤੋਂ ਅਤੇ 10 ਲੱਖ ਰੁਪਏ ਦਾ ਕਰਜ਼ਾ ਸਾਲ 2018 ’ਚ ਐੱਚ. ਡੀ. ਐੱਫ. ਸੀ. ਬੈਂਕ ਲੁਧਿਆਣਾ ਤੋਂ ਲਏ ਹੋਏ ਹਨ, ਜਿਨ੍ਹਾਂ ਦੀ ਵੀ ਡੂੰਘਾਈ ਨਾਲ ਤਫਤੀਸ਼ ਅਮਲ ’ਚ ਲਿਆਂਦੀ ਜਾਵੇਗੀ। ਸ਼ੋਬਰਾਜ ’ਤੇ ਪਹਿਲਾਂ ਵੀ ਅਸਲਾ ਐਕਟ ਅਧੀਨ ਇਕ ਮੁਕੱਦਮਾ ਸਾਲ 2012 ’ਚ ਥਾਣਾ ਲਾਡੋਵਾਲ, ਜ਼ਿਲ੍ਹਾ ਲੁਧਿਆਣਾ ਅਤੇ ਦੂਜਾ ਮੁਕੱਦਮਾ ਲੁੱਟ-ਖੋਹ ਦਾ ਸਾਲ 2016 ’ਚ ਥਾਣਾ ਬਿਲਾਸਪੁਰ, ਹਿਮਾਚਲ ਪ੍ਰਦੇਸ਼ ਵਿਖੇ ਦਰਜ ਹਨ।
16 ਸਾਲਾ ਨਾਬਾਲਗ ਨੇ ਟੱਪੀਆਂ ਦਰਿੰਦਗੀਆਂ ਦੀ ਹੱਦਾਂ, ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਿਨਾਹ
NEXT STORY