ਫ਼ਰੀਦਕੋਟ (ਹਾਲੀ, ਰਾਜਨ) - ਫਰੀਦਕੋਟ ਜਸਪਾਲ ਕਤਲ ਕਾਂਡ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਪੁਰਾਣੀ 'ਸਿਟ' ਦੀ ਥਾਂ 4 ਸੀਨੀਅਰ ਅਧਿਕਾਰੀਆਂ 'ਤੇ ਆਧਾਰਤ ਫਿਰੋਜ਼ਪੁਰ ਦੇ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ 'ਚ ਨਵੀਂ 'ਸਿਟ' ਬਣਾ ਦਿੱਤੀ ਗਈ ਹੈ। ਨਵੀਂ ਬਣਾਈ 'ਸਿਟ' ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪੁਰਾਣੀ 'ਸਿਟ' ਤੋਂ ਇਸ ਕੇਸ ਸਬੰਧੀ ਸਾਰੀ ਫ਼ਾਈਲ ਹਾਸਲ ਕਰ ਲਈ ਹੈ। ਇਸ 'ਸਿਟ' 'ਚ ਆਈ. ਜੀ. ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਦੇ ਐੱਸ. ਐੱਸ. ਪੀ, ਫ਼ਰੀਦਕੋਟ ਦੇ ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਅਤੇ ਐੱਸ. ਪੀ. ਐੱਚ. ਭੁਪਿੰਦਰ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਸਿਟ' ਮੁਖੀ ਆਈ. ਜੀ. ਛੀਨਾ ਨੇ ਦੱਸਿਆ ਕਿ 'ਸਿਟ' ਨੇ ਪੀੜਤ ਪਰਿਵਾਰ, ਫ਼ੜੇ ਗਏ ਪੁਲਸ ਮੁਲਾਜ਼ਮ ਅਤੇ ਹੋਰਨਾਂ ਦੇ ਬਿਆਨ ਕਲਮਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਇਸ ਸਬੰਧੀ ਲੋੜੀਂਦੀ ਸੀ. ਸੀ. ਟੀ. ਵੀ. ਫ਼ੁਟੇਜ ਵੀ ਕਬਜ਼ੇ 'ਚ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਜਾਂਚ ਪਿੰਡ ਰੱਤੀ ਰੋੜੀ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕੀਤੀ ਹੈ, ਜਿਥੋਂ ਜਸਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹਰ ਰੋਜ਼ 'ਸਿਟ' ਦੇ ਅਧਿਕਾਰੀ ਐੱਸ. ਐੱਸ. ਪੀ. ਦਫ਼ਤਰ ਵਿਚ ਬੈਠਿਆ ਕਰਨਗੇ ਅਤੇ ਸਾਰੇ ਲੋਕਾਂ ਨੂੰ ਖੁੱਲ੍ਹ ਸੱਦਾ ਹੈ ਕਿ ਉਨ੍ਹਾਂ ਕੋਲ ਇਸ ਮਾਮਲੇ 'ਚ ਜੋ ਵੀ ਜਾਣਕਾਰੀ ਹੋਵੇ, ਉਹ ਉਨ੍ਹਾਂ ਨੂੰ ਦਫ਼ਤਰ ਆ ਕੇ ਦੇਣ।
ਇਸ ਸਬੰਧੀ ਬਣਾਈ ਗਈ ਐਕਸ਼ਨ ਕਮੇਟੀ ਨੂੰ ਅਪੀਲ ਕਰਦਿਆਂ ਆਈ. ਜੀ. ਛੀਨਾ ਨੇ ਕਿਹਾ ਕਿ ਉਹ ਆਪਣਾ ਧਰਨਾ ਖਤਮ ਕਰ ਕੇ ਪੁਲਸ ਨੂੰ ਸਹਿਯੋਗ ਦੇਣ ਤਾਂ ਕਿ ਐੱਸ. ਐੱਸ. ਪੀ. ਦਫ਼ਤਰ 'ਚ ਰੋਜ਼ਾਨਾ ਕੰਮ ਲਈ ਆਉਂਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਕ ਸਵਾਲ ਦੇ ਜਵਾਬ 'ਚ 'ਸਿਟ' ਮੁਖੀ ਨੇ ਦੱਸਿਆ ਕਿ ਜਸਪਾਲ ਦੀ ਨਹਿਰ ਵਿਚ ਸੁੱਟੀ ਗਈ ਲਾਸ਼ ਨੂੰ ਲੱਭਣ ਲਈ ਗੋਤਾਖੋਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ ਅਤੇ ਗੋਤਾਖੋਰਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗੋਤਾਖੋਰਾਂ ਦੇ ਨਾਲ ਪੁਲਸ ਅਤੇ ਪੀੜਤ ਪਰਿਵਾਰ ਦੇ ਮੈਂਬਰ ਵੀ ਮੌਜੂਦ ਹਨ।
ਕੈਪਟਨ ਅਮਰਿੰਦਰ ਅਤੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਦੀ ਆਪਸੀ ਲੜਾਈ ਹੁਣ 'ਆਰ-ਪਾਰ' ਦੀ
NEXT STORY