ਸਾਦਿਕ (ਪਰਮਜੀਤ)-ਆਪਣੇ ਪਰਿਵਾਰ ਲਈ ਕਮਾਈ ਕਰਨ ਗਏ ਨੌਜਵਾਨ ਦੀ ਦੁਬਈ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਰ ਹੋਰ ਵੀ ਦੁਖ ਦੀ ਗੱਲ ਹੈ ਕਿ ਕੋਰੋਨਾ ਦੇ ਕਹਿਰ ਕਾਰਨ ਕੋਈ ਕਿਸੇ ਦੇ ਦੁੱਖ ਵਿਚ ਵੀ ਸ਼ਰੀਕ ਨਹੀਂ ਹੋ ਸਕਦਾ। ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਭੁਪਿੰਦਰ ਸਿੰਘ ਸੰਧੂ ਜੰਡਵਾਲਾ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ ਦੇ ਸਾਦਿਕ ਨੇੜਲੇ ਪਿੰਡ ਢਿੱਲਵਾਂ ਖੁਰਦ ਵਿਖੇ ਸੁਖਦੀਪ ਸਿੰਘ(39) ਪੁੱਤਰ ਸੋਹਣ ਸਿੰਘ ਵਾਸੀ ਬਹਿਬਲ ਕਲਾਂ ਆਪਣੀ ਪਤਨੀ ਵੀਰਪਾਲ ਕੌਰ ਤੇ ਬੇਟੇ ਤਨਵੀਰ ਸਿੰਘ (12) ਛੇ ਸਾਲ ਤੋਂ ਰਹਿ ਰਿਹਾ ਸੀ। ਕਰੀਬ ਦੋ ਸਾਲ ਪਹਿਲਾਂ ਉਹ ਦੁਬਈ ਗਿਆ ਅਤੇ ਵੈਡ ਐਡਕਜ਼ ਕੰਪਨੀ ਵਿਚ ਬਤੌਰ ਟਰੱਕ ਡਰਾਈਵਰ ਨੌਕਰੀ ਕਰਨ ਲੱਗਾ ।
ਦਸੰਬਰ 2019 'ਚ ਉਹ ਪਿੰਡ ਆਇਆ ਤੇ ਬੀਤੀ 23 ਫਰਵਰੀ 2020 ਨੂੰ ਉਹ ਇਹ ਕਹਿ ਕੇ ਵਾਪਸ ਦੁਬਈ ਪਰਤ ਗਿਆ ਕਿ ਦੋ ਕੁ ਸਾਲ ਹੋਰ ਕਮਾ ਲਵਾ ਫਿਰ ਪਿੰਡ ਬੱਚਿਆਂ ਕੋਲ ਹੀ ਰਹਾਂਗੇ। ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ। ਉਥੇ ਅਚਾਨਕ ਜਦ ਉਹ ਟਰੱਕ ਰੋਕ ਕੇ ਜਾਣ ਲੱਗਾ ਤਾਂ ਡਿੱਗ ਪਿਆ ਤੇ ਉਸ ਦੀ 25 ਮਾਰਚ ਨੂੰ ਮੌਤ ਹੋ ਗਈ। ਕੰਪਨੀ ਅਤੇ ਉਥੇ ਉਸ ਦੇ ਸਾਥੀ ਮੁਲਾਜ਼ਮਾਂ ਨੇ ਬੜੇ ਯਤਨ ਕੀਤੇ ਕੇ ਮ੍ਰਿਤਕ ਦੇਹ ਨੂੰ ਪਿੰਡ ਪੁੱਜਦਾ ਕਰ ਦਿੱਤਾ ਜਾਵੇ ਤੇ ਫਿਰ ਹੀ ਪਰਿਵਾਰ ਨੂੰ ਮੌਤ ਬਾਰੇ ਦੱਸਿਆ ਜਾਵੇ। ਪਰ ਦੁਨੀਆ ਵਿਚ ਕੋਰੋਨਾ ਦੇ ਚੱਲ ਰਹੇ ਪ੍ਰਕੋਪ ਕਾਰਨ ਹਵਾਈ ਉਡਾਨਾਂ ਬੰਦ ਹੋਣ ਕਾਰਨ ਯਤਨ ਸਫਲ ਨਹੀਂ ਹੋ ਸਕੇ।
ਮ੍ਰਿਤਕ ਦੇ ਸਹੁਰਾ ਦਰਸ਼ਨ ਸਿੰਘ ਨੇ ਦੱਸਿਆ ਕਿ ਸਾਡੇ ਲੜਕਾ ਨਾ ਹੋਣ ਕਾਰਨ ਉਹ ਪਰਿਵਾਰ ਸਮੇਤ ਸਾਡੇ ਕੋਲ ਹੀ ਪੁੱਤ ਬਣ ਕੇ ਰਹਿ ਰਿਹਾ ਸੀ। ਕਰੀਬ ਦੋ ਸਾਲ ਪਹਿਲਾਂ ਉਸ ਨੂੰ ਅਟੈਕ ਦੀ ਸ਼ਿਕਾਇਤ ਹੋਈ ਸੀ। ਪਰ ਦਵਾਈ ਚੱਲਦੀ ਰਹੀ ਤੇ ਉਹ ਉਥੇ ਕੰਮ ਕਰਦਾ ਰਿਹਾ। ਮ੍ਰਿਤਕ ਦੇ ਸਮੂਹ ਪਰਿਵਾਰ ਨੇ ਭਾਰਤ ਸਰਕਾਰ, ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ ਫਰੀਦਕੋਟ,ਡਿਪਟੀ ਕਮਿਸ਼ਨਰ ਫਰੀਦਕੋਟ,ਸਰਬਤ ਦਾ ਭਲਾ ਟਰਸਟ ਦੇ ਐੱਸ.ਪੀ. ਸਿੰਘ ਓਬਰਾਏ, ਬਲਜਿੰਦਰ ਕੌਰ ਐੱਮ.ਐੱਲ.ਏ, ਐੱਮ.ਪੀ. ਭਗਵੰਤ ਮਾਨ ਨੂੰ ਵੀ ਚਿੱਠੀ ਭੇਜ ਕੇ ਮੰਗ ਕੀਤੀ ਕਿ ਸੁਖਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆ ਕੇ ਪਰਿਵਾਰ ਦੇ ਹਵਾਲੇ ਕਰਨ ਦੀ ਮੰਗ ਕੀਤੀ ਤਾਂ ਜੋ ਪਰਿਵਾਰ ਅੰਤਿਮ ਰਸਮਾਂ ਪੂਰੀਆਂ ਕਰ ਸਕੇ।
Punjab Wrap Up : ਪੜ੍ਹੋ 29 ਮਾਰਚ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
NEXT STORY