ਫਰੀਦਕੋਟ (ਰਾਜਨ) : ਫਰੀਦਕੋਟ ਦੇ ਬੱਸ ਸਟੈਂਡ ਨੇੜੇ ਇਕ ਦਰਦਨਾਕ ਹਾਦਸੇ ਵਿਚ ਦਸਵੀਂ ਜਮਾਤ ਦੇ ਇਕ ਵਿਦਿਆਰਥੀ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸੇ ਦੌਰਾਨ ਸਕੂਟਰੀ ਦਾ ਸੰਤੁਲਨ ਵਿਗੜਨ ਕਾਰਨ ਵਿਦਿਆਰਥੀ ਸੜਕ ’ਤੇ ਡਿੱਗ ਪਿਆ ਅਤੇ ਪਿੱਛੋਂ ਆ ਰਹੀ ਫੀਡ ਨਾਲ ਭਰੀ ਟਰਾਲੀ ਦਾ ਟਾਇਰ ਉਸ ਦੇ ਉੱਪਰੋਂ ਲੰਘ ਗਿਆ, ਜਿਸ ਕਾਰਨ ਉਸ ਦਾ ਇਕ ਲੱਤ ਬੁਰੀ ਤਰ੍ਹਾਂ ਨੁਕਸਾਨੀ ਗਈ। ਮਿਲੀ ਜਾਣਕਾਰੀ ਮੁਤਾਬਕ ਪ੍ਰਭਕਰਨ ਸਿੰਘ, ਜੋ ਦਸਵੀਂ ਜਮਾਤ ਦਾ ਵਿਦਿਆਰਥੀ ਹੈ, ਆਪਣੇ ਸਾਥੀ ਨਾਲ ਟਿਊਸ਼ਨ ਤੋਂ ਵਾਪਸ ਘਰ ਆ ਰਿਹਾ ਸੀ। ਇਸ ਦੌਰਾਨ ਬੱਸ ਸਟੈਂਡ ਨੇੜੇ ਨਗਰ ਕੌਂਸਲ ਦੀ ਪਾਣੀ ਵਾਲੀ ਟੈਂਕੀ ਖੜ੍ਹੀ ਹੋਣ ਕਾਰਨ ਉਸ ਦੀ ਸਕੂਟਰੀ ਦਾ ਹਲਕਾ ਜਿਹਾ ਟਕਰਾਅ ਹੋ ਗਿਆ। ਟੱਕਰ ਤੋਂ ਬਾਅਦ ਸਕੂਟਰੀ ਦਾ ਸੰਤੁਲਨ ਵਿਗੜ ਗਿਆ ਅਤੇ ਪ੍ਰਭਕਰਨ ਸਿੰਘ ਸੜਕ ’ਤੇ ਡਿੱਗ ਪਿਆ। ਵਿਦਿਆਰਥੀ ਦੇ ਸਾਥੀ ਨੇ ਦੱਸਿਆ ਕਿ ਪ੍ਰਭਕਰਨ ਸਿੰਘ ਦੇ ਡਿੱਗਦੇ ਹੀ ਪਿੱਛੋਂ ਆ ਰਹੀ ਫੀਡ ਨਾਲ ਭਰੀ ਟਰਾਲੀ ਦਾ ਟਾਇਰ ਉਸ ਉੱਪਰ ਚੜ੍ਹ ਗਿਆ, ਜਿਸ ਕਾਰਨ ਉਸ ਦੀ ਲੱਤ ’ਤੇ ਗੰਭੀਰ ਸੱਟ ਲੱਗੀ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਕਾਫ਼ੀ ਚੋਟਾਂ ਆਈਆਂ।
ਘਟਨਾ ਦੇ ਚਸ਼ਮਦੀਦ ਰਾਹਗੀਰਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਵਿਦਿਆਰਥੀ ਟਰਾਲੀ ਦੇ ਹੇਠਾਂ ਫਸ ਗਿਆ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਉਸ ਨੂੰ ਟਰਾਲੀ ਹੇਠੋਂ ਬਾਹਰ ਕੱਢਿਆ। ਉਨ੍ਹਾਂ ਦੋਸ਼ ਲਾਇਆ ਕਿ ਐਂਬੂਲੈਂਸ ਨੂੰ ਸੂਚਿਤ ਕਰਨ ਦੇ ਬਾਵਜੂਦ ਕਰੀਬ ਅੱਧੇ ਘੰਟੇ ਬਾਅਦ ਪਹੁੰਚੀ। ਇਸ ਦੌਰਾਨ ਸੜਕ ਸੁਰੱਖਿਆ ਫੋਰਸ (ਐੱਸ. ਐੱਸ. ਐੱਫ.) ਦੇ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਜ਼ਖ਼ਮੀ ਵਿਦਿਆਰਥੀ ਨੂੰ ਰੈਸਕਿਊ ਕਰ ਕੇ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਹਾਦਸੇ ਦੀ ਖ਼ਬਰ ਤੋਂ ਬਾਅਦ ਇਲਾਕੇ ’ਚ ਚਿੰਤਾ ਦਾ ਮਾਹੌਲ ਬਣ ਗਿਆ।
ਘਰ ਦੇ ਬਾਹਰ ਬੈਠੇ ਬਜ਼ੁਰਗ 'ਤੇ ਹਮਲਾ! ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਦਾ ਐਕਸ਼ਨ
NEXT STORY