ਫਰੀਦਕੋਟ - 2019 'ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਵਲੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ, ਉਥੇ ਹੀ ਕਾਂਗਰਸ ਅਤੇ ਅਕਾਲੀ ਦਲ ਸਮੇਤ ਬਾਕੀ ਪਾਰਟੀਆਂ ਵਲੋਂ ਉਮੀਦਵਾਰਾਂ ਦਾ ਐਲਾਨ ਕਰਨਾ ਅਜੇ ਬਾਕੀ ਹੈ। 'ਫਰੀਦਕੋਟ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆਂ 'ਚੋਂ ਇਕ ਹੈ। ਇਸ 'ਚ ਵੋਟਰਾਂ ਦੀ ਗਿਣਤੀ 1288090 ਅਤੇ 1369 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਫਰੀਦਕੋਟ ਲੋਕ-ਸਭਾ ਹਲਕਾ 1977 'ਚ ਹੋਂਦ 'ਚ ਆਇਆ ਸੀ ਅਤੇ ਉਸ ਸਮੇਂ ਇਸ 'ਚ ਫਰੀਦਕੋਟ, ਕੋਟਕਪੂਰਾ, ਪੰਜ-ਗਰਾਈ, ਮੋਗਾ, ਬਾਘਾਪੁਰਾਣਾ, ਮੁਕਤਸਰ, ਮਲੋਟ, ਗਿਦੜਬਾਹਾ ਅਤੇ ਲੰਬੀ ਵਿਧਾਨਸਭਾ ਦੇ 9 ਹਲਕੇ ਸ਼ਾਮਲ ਸਨ। 2009 ਦੀਆਂ ਚੋਣਾਂ ਸਮੇਂ ਫਰੀਦਕੋਟ ਲੋਕ-ਸਭਾ ਹਲਕਾ ਰੀਜਰਵ ਘੋਸ਼ਿਤ ਹੋ ਗਿਆ ਅਤੇ ਇਸ ਦੀ ਹੇਠਲੇ ਵਿਧਾਨਸਭਾ ਹਲਕਿਆਂ 'ਚ ਤਬਦੀਲੀ ਕਰ ਦਿੱਤੀ ਗਈ। ਹੁਣ ਇਹ ਲੋਕ-ਸਭਾ ਹਲਕਾ 9 ਵਿਧਾਨਸਭਾ ਹਲਕਿਆਂ 'ਚ ਵੰਡਿਆ ਹੋਇਆ ਹੈ- ਨਿਹਾਲ ਸਿੰਘ ਵਾਲਾ, ਬਾਗਾਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਫਰੀਦਕੋਟ, ਕੋਟਕਪੂਰਾ, ਜੈਤੋ, ਰਾਮਪੁਰਾ ਫੂਲ ।
ਫਰੀਦਕੋਟ ਹਲਕੇ ਦਾ ਇਤਿਹਾਸ
ਫਰੀਦਕੋਟ ਹਲਕੇ 'ਚ ਹੁਣ ਤੱਕ 12 ਵਾਰ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ। ਇਨ੍ਹਾਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਾ ਝੰਡਾ 7 ਵਾਰ ਬੁਲੰਦ ਹੋਇਆ ਹੈ ਜਦਕਿ 3 ਵਾਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਅ) ਇਕ ਵਾਰ ਅਤੇ ਆਮ ਆਦਮੀ ਪਾਰਟੀ ਇਕ ਵਾਰ ਜਿੱਤ ਚੁੱਕੀ ਹੈ। 2009 'ਚ ਹੋਈਆਂ ਲੋਕ ਸਭਾ ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਗੁਲਸ਼ਨ ਨੇ 4,57,734 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਜਦਕਿ ਉਨ੍ਹਾਂ ਦੇ ਵਿਰੋਧੀ ਸੁਖਵਿੰਦਰ ਸਿੰਘ ਡੈਨੀ (ਇਡਿਅਨ ਨੈਸ਼ਨਲ ਕਾਂਗਰਸ ਪਾਰਟੀ) ਨੂੰ 3,95,692 ਵੋਟਾਂ ਅਤੇ ਰੇਸ਼ਮ ਸਿੰਘ (ਬਹੁਜਨ ਸਮਾਜ ਪਾਰਟੀ) ਨੂੰ 34,479 ਵੋਟਾਂ ਹਾਸਲ ਹੋਈਆਂ ਸਨ। ਇਸੇ ਤਰ੍ਹਾਂ 2014 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਸਾਧੂ ਸਿੰਘ ਨੇ 4,50,751 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ ਜਦਕਿ ਉਨ੍ਹਾਂ ਦੇ ਵਿਰੋਧੀ ਪਰਮਜੀਤ ਕੌਰ ਗੁਲਸ਼ਨ (ਸ਼੍ਰੋਮਣੀ ਅਕਾਲੀ ਦਲ) ਨੂੰ 2,78,235 ਵੋਟਾਂ ਅਤੇ ਜੋਗਿੰਦਰ ਸਿੰਘ ਪੰਜਗਰਾਈਆਂ (ਇਡੀਅਨ ਨੈਸ਼ਨਲ ਕਾਂਗਰਸ) ਨੂੰ 3,816 ਵੋਟਾਂ ਮਿਲੀਆਂ ਹਨ।
2014 ਵਿਚ ਪਹਿਲੀ ਵਾਰ ਲੋਕ ਸਭਾ ਚੋਣਾਂ ਲੜਨ ਲਈ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ ਵਲੋਂ ਪ੍ਰੋ. ਸਾਧੂ ਸਿੰਘ ਨੂੰ ਫਰੀਦਕੋਟ ਤੋਂ ਮੈਦਾਨ 'ਚ ਉਤਾਰਿਆ ਗਿਆ। 'ਆਪ' ਵਲੋਂ ਸਾਧੂ ਸਿੰਘ 'ਤੇ ਖੇਡਿਆ ਗਿਆ ਦਾਅ ਬਿਲਕੁਲ ਸਹੀ ਸਾਬਤ ਹੋਇਆ ਅਤੇ ਸਾਧੂ ਸਿੰਘ ਡੇਢ ਲੱਖ ਵੋਟਾਂ ਤੋਂ ਵੱਧ ਦੇ ਵੱਡੇ ਫਰਕ ਨਾਲ ਜੇਤੂ ਰਹੇ। ਹੁਣ ਮੁੜ ਆਮ ਆਦਮੀ ਪਾਰਟੀ ਵਲੋਂ ਫਰੀਦਕੋਟ ਤੋਂ ਲੋਕ ਸਭਾ ਚੋਣਾਂ ਲਈ ਸਾਧੂ ਸਿੰਘ ਦੇ ਨਾਮ ਦੇ ਐਲਾਨ ਕੀਤਾ ਗਿਆ ਹੈ। ਫਿਲਹਾਲ ਅਜੇ ਤਕ ਕਾਂਗਰਸ ਅਤੇ ਅਕਾਲੀ ਦਲ ਵਲੋਂ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਹਨ।
ਚੰਡੀਗੜ੍ਹ : ਚੋਣਾਂ ਤੋਂ ਪਹਿਲਾਂ ਪ੍ਰਸ਼ਾਸਨ ਚੁਣੇਗਾ 'ਸਟੇਟ ਆਈਕਨ'
NEXT STORY