ਮਾਛੀਵਾੜਾ ਸਾਹਿਬ (ਟੱਕਰ) : ਦਿ ਲੁਧਿਆਣਾ ਸਹਿਕਾਰੀ ਕੋਆਪਰੇਟਿਵ ਬੈਂਕ ਦੀ ਸਾਖ਼ਾ ਮਾਛੀਵਾੜਾ ਵਿਖੇ ਅੱਜ ਕਿਸਾਨਾਂ ਵਲੋਂ ਆਪਣੇ ਫਸਲੀ ਕਰਜ਼ੇ ਦੀ ਅਦਾਇਗੀ ਨਾ ਮਿਲਣ ਕਾਰਨ ਰੋਹ ਵਿਚ ਆ ਕੇ ਮਾਛੀਵਾੜਾ-ਸਮਰਾਲਾ ਰੋਡ 'ਤੇ ਧਰਨਾ ਲਾਉਂਦਿਆਂ ਚੱਕਾ ਜਾਮ ਕਰ ਦਿੱਤਾ ਗਿਆ ਅਤੇ ਸਰਕਾਰ ਤੇ ਬੈਂਕ ਪ੍ਰਬੰਧਕਾਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਸਹਿਕਾਰੀ ਬੈਂਕ 'ਚ 13 ਖੇਤੀਬਾੜੀ ਸਹਿਕਾਰੀ ਸਭਾਵਾਂ ਜੁੜੀਆਂ ਹੋਈਆਂ ਹਨ, ਜਿਨ੍ਹਾਂ ਨਾਲ ਕਰੀਬ 70 ਪਿੰਡਾਂ ਦੇ ਕਰੀਬ 6000 ਤੋਂ ਵੱਧ ਕਿਸਾਨ ਫਸਲੀ ਕਰਜ਼ੇ ਦਾ ਲੈਣ-ਦੇਣ ਕਰਦੇ ਹਨ।
ਅੱਜ ਇਨ੍ਹਾਂ ਸਹਿਕਾਰੀ ਸਭਾਵਾਂ ਨਾਲ ਜੁੜੇ ਸੈਂਕੜੇ ਕਿਸਾਨ ਜਿਨ੍ਹਾਂ ਵਲੋਂ ਆਪਣੀ ਫਸਲੀ ਕਰਜ਼ੇ ਦੀ ਰਾਸ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ ਅਗਲੀ ਕਣਕ ਦੀ ਬਿਜਾਈ ਲਈ ਰਾਸ਼ੀ ਲੈਣ ਲਈ ਬੈਂਕ ਆਏ ਸਨ ਪਰ ਅੱਗੋਂ ਬੈਂਕ 'ਚ ਸਟਾਫ਼ ਦੀ ਘਾਟ ਅਤੇ ਕੁੱਝ ਦਿਨਾਂ ਤੋਂ ਕੰਪਿਊਟਰ ਦਾ ਆਨਲਾਈਨ ਸਰਵਰ ਡਾਊਨ ਹੋਣ ਕਾਰਨ ਉਨ੍ਹਾਂ ਨੂੰ ਰਾਸ਼ੀ ਨਹੀਂ ਮਿਲ ਰਹੀ ਸੀ। ਬੈਂਕ 'ਚ ਅਦਾਇਗੀ ਲੈਣ ਲਈ ਖੜ੍ਹੇ ਅਮਰਜੀਤ ਸਿੰਘ ਸਹਿਜੋ ਮਾਜਰਾ, ਰਵਿੰਦਰ ਸਿੰਘ ਰਾਣਵਾਂ, ਮੇਹਰ ਸਿੰਘ, ਦਰਸ਼ਨ ਸਿੰਘ ਤੱਖਰਾਂ, ਨਛੱਤਰ ਸਿੰਘ ਹੇਡੋਂ ਬੇਟ, ਕਮਲਪ੍ਰੀਤ ਹੇਡੋਂ ਬੇਟ, ਰਣਜੀਤ ਸਿੰਘ ਗੜ੍ਹੀ ਤਰਖਾਣਾ, ਨਿਰਮਲ ਸਿੰਘ ਹਸਨਪੁਰ, ਚਰਨਜੀਤ ਸਿੰਘ ਸਰਪੰਚ ਗੜ੍ਹੀ ਸੈਣੀਆਂ ਨੇ ਦੱਸਿਆ ਕਿ ਝੋਨੇ ਦੀ ਫਸਲ ਵੇਚਣ ਤੋਂ ਬਾਅਦ ਕਿਸਾਨਾਂ ਨੇ ਸਹਿਕਾਰੀ ਸਭਾਵਾਂ ਵਿਚ ਆਪਣੀ ਬਣਦੀ ਰਾਸ਼ੀ ਤੇ ਵਿਆਜ ਜਮ੍ਹਾਂ ਕਰਵਾ ਦਿੱਤਾ ਪਰ ਹੁਣ ਜਦੋਂ ਕਣਕ ਦੀ ਬਿਜਾਈ ਲਈ ਉਨ੍ਹਾਂ ਨੂੰ ਆਪਣੇ ਹੱਦ ਕਰਜ਼ੇ 'ਚੋਂ ਪੈਸੇ ਕਢਵਾਉਣ ਆਏ ਤਾਂ ਰੋਜ਼ਾਨਾ ਹੀ ਉਨ੍ਹਾਂ ਨੂੰ ਇਹ ਕਹਿ ਕੇ ਵਾਪਿਸ ਮੋੜ ਦਿੱਤਾ ਜਾਂਦਾ ਹੈ ਕਿ ਕੰਪਿਊਟਰ ਸਿਸਟਮ ਨਹੀਂ ਚੱਲ ਰਿਹਾ ਅਤੇ ਸਟਾਫ਼ ਵੀ ਘੱਟ ਹੈ ਉਹ ਕੁੱਝ ਦਿਨ ਬਾਅਦ ਆਉਣ।
ਕਿਸਾਨਾਂ ਨੇ ਕਿਹਾ ਕਿ ਕਣਕ ਦੀ ਬਿਜਾਈ ਦਾ ਸਮਾਂ ਲੰਘਦਾ ਜਾ ਰਿਹਾ ਹੈ ਪਰ ਉਹ ਖੇਤਾਂ ਵਿਚ ਕੰਮ ਕਰਨ ਦੀ ਬਜਾਏ ਰੋਜ਼ਾਨਾ ਬੈਂਕ ਅੱਗੇ ਕਤਾਰ੍ਹਾਂ ਵਿਚ ਲੱਗ ਕੇ ਰਾਸ਼ੀ ਲੈਣ ਲਈ ਖੱਜਲ-ਖੁਆਰ ਹੋ ਰਹੇ ਹਨ ਪਰ ਸਰਕਾਰ ਤੇ ਬੈਂਕ ਪ੍ਰਬੰਧਕਾਂ ਨੂੰ ਕਿਸਾਨਾਂ ਦੀ ਇਹ ਪ੍ਰੇਸ਼ਾਨੀ ਨਹੀਂ ਦਿਖਾਈ ਦੇ ਰਹੀ। ਖੇਤੀਬਾੜੀ ਸਹਿਕਾਰੀ ਸਭਾ ਪਵਾਤ ਤੇ ਪੂੰਨੀਆਂ ਦੇ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਦੀ ਕਿਸਾਨੀ ਤਾਂ ਪਹਿਲਾਂ ਹੀ ਆਰਥਿਕ ਮੰਦੀ ਤੇ ਕਰਜ਼ੇ ਦੀ ਮਾਰ ਵਿਚ ਡੁੱਬੀ ਪਈ ਹੈ ਅਤੇ ਉਪਰੋਂ ਸਮੇਂ ਸਿਰ ਬੈਂਕਾਂ 'ਚੋਂ ਅਦਾਇਗੀ ਨਾ ਹੋਣ ਕਾਰਨ ਉਨ੍ਹਾਂ ਨੂੰ ਜਲੀਲ ਹੋਣਾ ਪੈ ਰਿਹਾ ਹੈ ਕਿਉਂਕਿ ਇਸ ਰਾਸ਼ੀ ਨਾਲ ਉਨ੍ਹਾਂ ਦਾ ਕਣਕ ਦਾ ਬੀਜ, ਦਵਾਈਆਂ ਤੇ ਖਾਦ ਖਰੀਦਣੀ ਹੈ ਅਤੇ ਦੁਕਾਨਦਾਰਾਂ ਦੇ ਉਧਾਰ ਦੀ ਵਾਪਿਸੀ ਕਰਨੀ ਹੈ ਪਰ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਕਿਨਾਰਾ ਕਰੀ ਬੈਠੀ ਹੈ।
ਸੈਂਕੜੇ ਕਿਸਾਨਾਂ ਵਲੋਂ ਅੱਜ ਬੈਂਕ ਦੇ ਬਾਹਰ ਕਰੀਬ 1 ਘੰਟਾ ਧਰਨਾ ਲਗਾ ਸੜਕ 'ਤੇ ਚੱਕਾ ਜਾਮ ਕਰ ਰੱਖਿਆ ਅਤੇ ਮੌਕੇ 'ਤੇ ਪੁੱਜੇ ਨਾਇਬ ਤਹਿਸੀਲਦਾਰ ਵਿਜੈ ਕੁਮਾਰ, ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਤੇ ਵਿਧਾਇਕ ਦੇ ਪੀ.ਏ ਰਾਜੇਸ਼ ਬਿੱਟੂ ਨੇ ਕਿਸਾਨਾਂ ਨੂੰ ਸਮਝਾਇਆ ਅਤੇ ਬੈਂਕ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰ ਸਮੱਸਿਆ ਦਾ ਹੱਲ ਕਰਨ ਲਈ ਕਿਹਾ। ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਇਹ ਧਰਨਾ ਖ਼ਤਮ ਕਰ ਆਵਾਜਾਈ ਬਹਾਲ ਕੀਤੀ।
ਸਟਾਫ਼ ਦੀ ਕਮੀ ਕਾਰਨ ਕਿਸਾਨਾਂ ਨੂੰ ਆ ਰਹੀ ਪਰੇਸ਼ਾਨੀ
ਜਦੋਂ ਇਸ ਸਬੰਧੀ ਜ਼ਿਲ੍ਹਾ ਬੈਂਕ ਮੈਨੇਜਰ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਕੰਪਿਊਟਰ ਦਾ ਸਰਵਰ ਡਾਊਨ ਹੋਣ ਕਾਰਨ ਕਿਸਾਨਾਂ ਨੂੰ ਅਦਾਇਗੀ ਕਰਨ ਵਿਚ ਪ੍ਰੇਸ਼ਾਨੀ ਆ ਰਹੀ ਹੈ ਅਤੇ ਦੂਸਰਾ ਬੈਂਕਾਂ ਵਿਚ ਸਟਾਫ਼ ਦੀ ਕਮੀ ਵੀ ਹੈ ਜਿਸ ਸਬੰਧੀ ਕੋਸ਼ਿਸ਼ਾਂ ਜਾਰੀ ਹਨ ਕਿ ਨਵੀਂ ਭਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਾਛੀਵਾੜਾ ਬੈਂਕ 'ਚ ਕਿਸਾਨਾਂ ਨੂੰ ਜੋ ਸਮੱਸਿਆ ਆ ਰਹੀ ਹੈ ਉਸ ਸਬੰਧੀ ਉਹ ਤੁਰੰਤ ਢੁੱਕਵੇਂ ਪ੍ਰਬੰਧ ਕਰਨਗੇ।
ਗੁਰਦੁਆਰਾ ਸਾਹਿਬ ਦੇ ਕੈਮਰਿਆਂ ਨੇ ਖੋਲ੍ਹੀ ਪੋਲ, ਸਾਹਮਣੇ ਆਈ ਸਾਬਕਾ ਗ੍ਰੰਥੀ ਦੀ ਕਰਤੂਤ
NEXT STORY