ਸੰਗਤ ਮੰਡੀ (ਮਨਜੀਤ) : ਪਿੰਡ ਜੈ ਸਿੰਘ ਵਾਲਾ ਦੇ ਇਕ ਕਰਜ਼ਈ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਹਿਮਾ ਸਿੰਘ (48) ਪੁੱਤਰ ਕਰਨੈਲ ਸਿੰਘ ਸਿਰ 11 ਲੱਖ ਦੇ ਕਰੀਬ ਕਰਜ਼ ਸੀ, ਜਿਸ 'ਚ ਪਿੰਡ ਵਾਲੀ ਬੈਂਕ 'ਚ 6 ਲੱਖ ਦੀ ਲਿਮਟ, ਬਠਿੰਡਾ ਸਥਿਤ ਗ੍ਰਮੀਣ ਬੈਂਕ 'ਚ ਦੋਵੇਂ ਭਰਾਵਾਂ ਦੇ ਸਾਂਝੇ ਖਾਤੇ 'ਚ 3 ਲੱਖ 50 ਹਜ਼ਾਰ ਦੀ ਲਿਮਟ, 50 ਹਜ਼ਾਰ ਦਾ ਲੋਨ, ਇਸ ਤੋਂ ਇਲਾਵਾ 80 ਹਜ਼ਾਰ ਦੇ ਕਰੀਬ ਆੜਤੀਆਂ ਦੇ ਪੈਸੇ ਅਤੇ ਇਕ ਫਾਈਨਾਂਸ 'ਤੇ ਇਕ ਟ੍ਰੈਕਟਰ ਲਿਆ ਸੀ। ਮਹਿਮਾ ਸਿੰਘ ਦਾ ਵਿਆਹ ਹੋਏ ਨੂੰ ਵੀ 25 ਸਾਲ ਦੇ ਕਰੀਬ ਹੋ ਗਿਆ ਸੀ ਪ੍ਰੰਤੂ ਕੋਈ ਬੱਚਾ ਨਾ ਹੋਣ ਕਾਰਨ ਅਤੇ ਸਿਰ ਚੜ੍ਹੇ ਲੱਖਾਂ ਦੇ ਕਰਜ਼ ਕਾਰਨ ਉਹ ਦੀਮਾਗੀ ਤੌਰ 'ਤੇ ਪ੍ਰੇਸ਼ਾਨ ਸੀ।
ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਖ਼ੇਤ ਜਾ ਕੇ ਕੋਠੇ 'ਚ ਪਈ ਕੋਈ ਜ਼ਹਿਰੀਲੀ ਦਵਾਈ ਪੀ ਲਈ। ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਣ 'ਤੇ ਪਹਿਲਾਂ ਮਹਿਮਾ ਸਿੰਘ ਨੂੰ ਬਠਿੰਡਾ ਫਿਰ ਲੁਧਿਆਣਾ ਦੇ ਇਕ ਨਿਜੀ ਹਸਪਤਾਲ 'ਚ ਲੈ ਕੇ ਗਏ ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਸੰਗਤ ਦੇ ਐੱਸ.ਆਈ ਤਰਲੋਕ ਚੰਦ ਨੇ ਮ੍ਰਿਤਕ ਮਹਿਮਾ ਸਿੰਘ ਦੀ ਪਤਨੀ ਸੁਖਜੀਤ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY