ਸੰਗਤ ਮੰਡੀ(ਮਨਜੀਤ)-ਜਦੋਂ ਵੀ ਕਿਤੇ ਸਰਕਾਰ ਲੋਕਾਂ ਦੇ ਹਿੱਤ 'ਚ ਕੋਈ ਸਕੀਮ ਚਲਾਉਂਦੀ ਹੈ ਤਾਂ ਇਨ੍ਹਾਂ ਸਕੀਮਾਂ ਦੀ ਆੜ ਵਿਚ ਲੋਕਾਂ ਦੀ ਲੁੱਟ ਕਰਨ ਵਾਲੇ ਵਿਅਕਤੀ ਵੀ ਤੁਰੰਤ ਖੜ੍ਹੇ ਹੋ ਜਾਂਦੇ ਹਨ। ਸਰਕਾਰ ਵੱਲੋਂ ਖ਼ੇਤੀ ਮੋਟਰਾਂ ਲਈ ਆਪਣੇ ਖਰਚੇ 'ਤੇ ਮੀਟਰਡ ਕੈਟਾਗਰੀ ਦੇ ਆਧਾਰਿਤ ਟਿਊਬਵੈੱਲ ਕੁਨੈਕਸ਼ਨ ਦੇਣ ਦੀ ਪਹਿਲ ਦੇ ਆਧਾਰ 'ਤੇ ਸ਼ੁਰੂਆਤ ਕੀਤੀ ਗਈ ਹੈ ਪਰ ਬਲਾਕ ਸੰਗਤ 'ਚ ਕੁਝ ਲੋਕਾਂ ਵੱਲੋਂ ਮੋਟਰ ਕੁਨੈਕਸ਼ਨ ਲੈਣ ਲਈ ਅਲੱਗ-ਅਲੱਗ ਰੰਗਾਂ ਦੇ ਫਾਰਮ ਭਰਨ ਦਾ ਭੁਲੇਖਾ ਪਾ ਕੇ ਭੋਲੇ-ਭਾਲੇ ਕਿਸਾਨਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ।
ਸੰਬੰਧਤ ਵਿਭਾਗ ਕਿਸਾਨਾਂ ਦੀ ਹੋ ਰਹੀ ਲੁੱਟ ਤੋਂ ਅਣਜਾਣ ਹੈ। ਮੋਟਰ ਕੁਨੈਕਸ਼ਨ ਅਪਲਾਈ ਕਰਨ ਲਈ ਫਾਰਮਾਂ 'ਤੇ ਛਪਿਆ ਪ੍ਰੋਫਾਰਮਾ ਉਹੀ ਹੈ ਪਰ ਸਿਰਫ ਫਾਰਮ ਦਾ ਰੰਗ ਅਲੱਗ ਹੈ, ਨੋਟਰੀ ਟੈਸਟ ਕਰਨ ਵਾਲੇ ਲੋਕਾਂ ਵੱਲੋਂ ਭੋਲੇ-ਭਾਲੇ ਕਿਸਾਨਾਂ ਨੂੰ ਇਨ੍ਹਾਂ ਅਲੱਗ-ਅਲੱਗ ਰੰਗਾਂ 'ਚ ਉਲਝਾਅ ਕੇ ਹੀ ਪੈਸੇ ਬਟੋਰੇ ਜਾ ਰਹੇ ਹਨ। ਪਿੰਡ ਮਹਿਤਾ ਦੇ ਕਿਸਾਨ ਬਿੰਦਰ ਸਿੰਘ ਨੇ ਦੱਸਿਆ ਕਿ ਉਹ ਟਿਊਬਵੈੱਲ ਕੁਨੈਕਸ਼ਨ ਲੈਣ ਲਈ ਇਕ ਦੁਕਾਨ ਤੋਂ ਫਾਈਲ ਤਿਆਰ ਕਰਵਾ ਕੇ ਜਦੋਂ ਸੰਗਤ ਤਹਿਸੀਲ ਵਿਚ ਨੋਟਰੀ ਤੋਂ ਤਸਦੀਕ ਕਰਵਾਉਣ ਲਈ ਗਿਆ ਤਾਂ ਨੋਟਰੀ ਤਸਦੀਕ ਕਰ ਰਹੇ ਵਕੀਲ ਨੇ ਕਿਹਾ ਕਿ ਫਾਈਲ ਕਵਰ ਦਾ ਰੰਗ ਸਫੈਦ ਹੈ, ਖਾਕੀ ਲੱਗੇਗਾ ਅਤੇ ਫਾਰਮ ਵੀ ਸਫੈਦ ਰੰਗ ਦੇ ਹਨ ਹੋਰ ਰੰਗ ਦੇ ਲੱਗਣਗੇ।
ਕਿਸਾਨ ਨੇ ਖੱਜਲ-ਖੁਆਰੀ ਤੋਂ ਡਰਦੇ ਹੋਏ ਉਸ ਨੂੰ ਆਪਣੇ ਛਪੇ ਫਾਰਮ ਲਗਾਉਣ ਲਈ ਕਿਹਾ, ਜਿਸ 'ਤੇ ਉਸ ਨੇ ਪਹਿਲਾਂ ਵਾਲੇ ਭਰੇ ਇੰਨ ਬਿੰਨ ਛਪੇ ਫਾਰਮ ਹੋਰ ਰੰਗ ਦੇ ਲਗਾ ਕੇ 250 ਰੁਪਏ ਬਟੋਰ ਲਏ ਜਦੋਂ ਕਿ ਉਹੀ ਫਾਰਮ ਉਸ ਨੇ 100 ਰੁਪਏ ਵਿਚ ਤਿਆਰ ਕਰਵਾਏ ਸਨ। ਅਜਿਹੇ ਹੋਰ ਵੀ ਦਰਜਨਾਂ ਕਿਸਾਨਾਂ ਦੀ ਲੁੱਟ ਹੋਣ ਦਾ ਪਤਾ ਲੱਗਿਆ ਹੈ। ਕਿਸਾਨਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਜਿਹੇ ਲੁੱਟ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕਰ ਕੇ ਕਿਸਾਨਾਂ ਨੂੰ ਰਾਹਤ ਦਿਵਾਈ ਜਾਵੇ।
ਕੀ ਕਹਿੰਦੇ ਨੇ ਪਾਵਰਕਾਮ ਸੰਗਤ ਦੇ ਐੱਸ. ਡੀ. ਓ.
ਜਦ ਇਸ ਸਬੰਧੀ ਪਾਵਰਕਾਮ ਦੇ ਐੱਸ. ਡੀ. ਓ. ਬਲਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਫਾਰਮ ਦੇ ਰੰਗਾਂ 'ਚ ਕੋਈ ਫਰਕ ਨਹੀਂ ਹੈ, ਸਗੋਂ ਉਹ ਕਿਸਾਨਾਂ ਨੂੰ ਆਪਣੇ ਕੋਲੋਂ ਫਾਰਮ ਮੁਫ਼ਤ 'ਚ ਦਿੰਦੇ ਹਨ। ਉਨ੍ਹਾਂ ਕਿਹਾ ਕਿ ਫਾਰਮਾਂ 'ਤੇ ਪ੍ਰੋਫਾਰਮਾ ਸਹੀ ਹੋਣਾ ਚਾਹੀਦਾ ਹੈ। ਜਦ ਉਨ੍ਹਾਂ ਫਾਰਮਾਂ ਦੇ ਨਾਂ 'ਤੇ ਕਿਸਾਨਾਂ ਦੀ ਲੁੱਟ ਹੋਣ ਬਾਰੇ ਕਿਹਾ ਤਾਂ ਉਨ੍ਹਾਂ ਕਿਹਾ ਕਿ ਕੁਝ ਲੋਕ ਪੈਸੇ ਬਣਾਉਣ ਲਈ ਹੀ ਅਜਿਹਾ ਕਰ ਰਹੇ ਹਨ, ਹੋਰ ਕੁਝ ਨਹੀਂ ਹੈ। ਜਦ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਬਠਿੰਡਾ ਦੇ ਪ੍ਰਧਾਨ ਅਮਰੀਕ ਸਿੰਘ ਸਿਵੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨ ਤਾਂ ਕਰਜ਼ੇ ਕਾਰਨ ਪਹਿਲਾਂ ਹੀ ਕੰਗਾਲ ਹਨ, ਕਿਸਾਨਾਂ ਵੱਲੋਂ ਖ਼ੇਤ 'ਚ ਮੋਟਰਾਂ ਲਗਾਉਣ ਲਈ ਵੀ ਕਰਜ਼ੇ ਚੁੱਕੇ ਗਏ ਹਨ, ਜੇਕਰ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਬਹੁਤ ਗਲਤ ਹੈ। ਪ੍ਰਸ਼ਾਸਨ ਵੱਲੋਂ ਇਸ 'ਤੇ ਨੱਥ ਪਾਉਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਦੀ ਕੀਤੀ ਜਾਂਦੀ ਲੁੱਟ ਬੰਦ ਹੋ ਸਕੇ।
ਆੜ੍ਹਤੀਆਂ, ਰਾਈਸ ਮਿੱਲਰਜ਼ ਤੇ ਵਪਾਰੀਆਂ ਵੱਲੋਂ ਮੁਕੰਮਲ ਹੜਤਾਲ ਤੇ ਨਾਅਰੇਬਾਜ਼ੀ
NEXT STORY