ਮਾਨਸਾ(ਜੱਸਲ)-ਮਾਨਸਾ ਜ਼ਿਲੇ ਅੰਦਰ 2 ਦਿਨਾਂ ਤੋਂ ਪੈ ਰਹੇ ਮੀਂਹ ਨੇ ਅਨਾਜ ਮੰਡੀਆਂ 'ਚ ਝੋਨੇ ਦੀ ਫਸਲ ਵਿਕਣ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ, ਜਿਸ ਕਾਰਨ ਮੰਡੀ ਦੇ ਅੰਦਰ ਖੁੱਲ੍ਹੇ ਮੈਦਾਨ 'ਚ ਪਈਆਂ ਝੋਨੇ ਦੀ ਫਸਲ ਦੀਆਂ ਕੁਝ ਢੇਰੀਆਂ ਮੀਂਹ ਦੇ ਪਾਣੀ ਦੀ ਲਪੇਟ ਆ ਗਈਆਂ ਹਨ, ਜਿਸ ਕਾਰਨ ਝੋਨੇ ਦੀ ਸਿੱਲ ਅੱਗੇ ਨਾਲੋਂ ਹੋਰ ਵਧ ਗਈ ਹੈ। ਮਾਨਸਾ ਜ਼ਿਲੇ ਦੇ ਪਿੰਡ ਭੈਣੀਬਾਘਾ ਦੀ ਅਨਾਜ ਮੰਡੀ ਅੰਦਰ ਦੋ ਦਿਨਾਂ ਤੋਂ ਪੈ ਰਹੇ ਮੀਂਹ ਦੇ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਇਕਾਈ ਦੇ ਆਗੂਆਂ ਲੱਖਾ ਸਿੰਘ ਭੈਣੀਬਾਘਾ, ਬਿੱਕਰ ਸਿੰਘ ਭੈਣੀਬਾਘਾ, ਬਿੰਦਰ ਸਿੰਘ, ਰੂਪ ਸਿੰਘ ਆਦਿ ਹੋਰ ਕਿਸਾਨਾਂ ਨੇ ਦੱਸਿਆ ਕਿ ਸ਼ੈਲਰ ਮਾਲਕ ਪਹਿਲਾਂ ਹੀ ਮਨਮਰਜ਼ੀ ਦੇ ਨਾਲ ਕਿਸਾਨਾਂ ਦੇ ਝੋਨੇ ਦੀ ਫਸਲ ਦੀ ਬੋਲੀ ਲਵਾਉਂਦੇ ਸਨ ਅਤੇ ਜਿੱਥੇ ਆੜ੍ਹਤੀਆਂ ਦੀ ਮਿਲੀਭੁਗਤ ਹੈ, ਉੱਥੇ ਖਰੀਦ ਇੰਸਪੈਕਟਰ ਆਪਣੀ ਮਰਜ਼ੀ ਦੇ ਨਾਲ ਬੋਲੀ ਲਾਉਂਦੇ ਹਨ। ਅੱਜ ਜਦੋਂ ਉਨ੍ਹਾਂ ਨੇ ਪਿੰਡ ਭੈਣੀਬਾਘਾ 'ਚ ਇੰਸਪੈਕਟਰ ਨੂੰ ਝੋਨੇ ਦੀ ਖਰੀਦ ਕਰਵਾਉਣ ਲਈ ਫੋਨ ਕੀਤਾ ਤਾਂ ਉਸ ਨੇ ਜਵਾਬ ਦਿੱਤਾ ਕਿ ਮੀਂਹ ਹਟਣ ਤੋਂ ਬਾਅਦ ਹੀ ਬੋਲੀ ਲਾਵਾਂਗੇ। ਕਿਸਾਨਾਂ ਨੇ ਰੋਸ ਜ਼ਹਿਰ ਕਰਦਿਆਂ ਦੱਸਿਆ ਕਿ ਅਨਾਜ ਮੰਡੀ ਅੰਦਰ ਝੋਨੇ ਦੀਆਂ ਕੁਝ ਢੇਰੀਆਂ ਮੀਂਹ ਦੇ ਪਾਣੀ 'ਚ ਡੁੱਬੀਆਂ ਪਈਆਂ ਹਨ, ਜਿਸ ਕਾਰਨ ਝੋਨੇ ਦੀ ਸਿੱਲ ਅੱਗੇ ਨਾਲੋਂ ਹੋਰ ਵਧ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਝੋਨੇ ਦੀ ਫਸਲ ਦੀ ਬੋਲੀ ਨਾ ਲਾਈ ਤਾਂ ਉਹ ਸੰਘਰਸ਼ ਦੇ ਰਾਹ ਪੈਣ ਲਈ ਤਿਆਰ ਹਨ।
ਟਰੱਕ-ਕਾਰ ਟੱਕਰ 'ਚ 2 ਨੌਜਵਾਨਾਂ ਦੀ ਮੌਤ
NEXT STORY