ਸੰਗਤ ਮੰਡੀ(ਮਨਜੀਤ)-ਪਿੰਡ ਨਰੂਆਣਾ ਤੇ ਗੁਰੂਸਰ ਸੈਣੇਵਾਲਾ ਵਿਚਕਾਰ ਬੁਰਜੀ ਨੰ. 61 ਨੇੜੇ ਰਾਤ ਨੂੰ ਰਜਬਾਹਾ ਟੁੱਟਣ ਨਾਲ 25 ਫੁੱਟ ਚੌੜਾ ਪਾੜ ਪੈ ਗਿਆ, ਜਿਸ ਕਾਰਨ ਕਿਸਾਨਾਂ ਦੀ ਦੂਸਰੀ ਵਾਰ ਕਣਕ ਦੀ ਫਸਲ ਬਰਬਾਦ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਗੁਰਦੇਵ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਗੁਰੂਸਰ ਸੈਣਵਾਲਾ ਦੇ ਖ਼ੇਤ 'ਚ ਅਚਾਨਕ ਰਜਬਾਹਾ ਟੁੱਟ ਗਿਆ। ਕਿਸਾਨਾਂ ਨੂੰ ਸਵੇਰੇ ਖੇਤਾਂ 'ਚ ਜਾ ਕੇ ਰਜਬਾਹਾ ਟੁੱਟਣ ਦਾ ਪਤਾ ਲੱਗਾ। ਉਸ ਸਮੇਂ ਕਿਸਾਨਾਂ ਦੀ ਕਣਕ ਦੀ ਫਸਲ 'ਚ ਦੋ-ਦੋ ਫੁੱਟ ਪਾਣੀ ਭਰ ਚੁੱਕਾ ਸੀ। ਪਾੜ ਦਾ ਕਾਰਨ ਰਜਬਾਹੇ ਦੀ ਖ਼ਸਤਾ ਹਾਲਤ ਨੂੰ ਦੱਸਿਆ ਜਾ ਰਿਹਾ ਹੈ। ਪਾੜ ਕਾਰਨ ਕਿਸਾਨ ਗੁਰਦੇਵ ਸਿੰਘ ਦੀ ਤਿੰਨ ਏਕੜ, ਪੱਪੀ ਸਿੰਘ ਨਰੂਆਣਾ ਦੀ ਇਕ ਏਕੜ, ਪੰਮਾ ਸਿੰਘ ਗੁਰੂਸਰ ਸੈਣੇਵਾਲਾ ਦੀ ਦੋ ਏਕੜ, ਹਜ਼ੂਰ ਸਿੰਘ ਗੁਰੂਸਰ ਸੈਣੇਵਾਲਾ ਦੀ ਇਕ ਏਕੜ, ਜੱਗਾ ਸਿੰਘ ਨਰੂਆਣਾ ਦੀ ਦੋ ਏਕੜ ਕਣਕ ਦੀ ਫਸਲ 'ਚ ਪਾਣੀ ਭਰਨ ਤੋਂ ਇਲਾਵਾ ਹੋਰ ਕਈ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ।
ਪਹਿਲਾਂ ਵੀ ਟੁੱਟ ਚੁੱਕਾ ਰਜਬਾਹਾ
ਇਕ ਮਹੀਨਾ ਪਹਿਲਾਂ ਵੀ ਇਸੇ ਥਾਂ ਦੇ ਨੇੜਿਓਂ ਰਜਬਾਹਾ ਟੁੱਟ ਚੁੱਕਾ ਹੈ, ਉਸ ਸਮੇਂ ਵੀ ਕਿਸਾਨਾਂ ਨੇ ਕਣਕ ਦੀ ਫਸਲ ਦੀ ਬੀਜਾਈ ਕੀਤੀ ਹੋਈ ਸੀ, ਜੋ ਬਰਬਾਦ ਹੋ ਗਈ ਸੀ। ਉਸ ਤੋਂ ਬਾਅਦ ਫਿਰ ਕਿਸਾਨਾਂ ਵੱਲੋਂ ਖ਼ਰਚਾ ਕਰ ਕੇ ਫਸਲ ਦੀ ਬੀਜਾਈ ਕੀਤੀ ਗਈ, ਜੋ ਹੁਣ ਬਰਬਾਦ ਹੋ ਗਈ। ਕਈ ਕਿਸਾਨਾਂ ਨੇ ਜ਼ਮੀਨ ਠੇਕੇ 'ਤੇ ਲੈ ਕੇ ਕਣਕ ਦੀ ਬੀਜਾਈ ਕੀਤੀ ਹੋਈ ਸੀ, ਜੋ ਕਰਜ਼ੇ ਹੇਠ ਦੱਬੇ ਗਏ ਹਨ।
40 ਸਾਲ ਪੁਰਾਣਾ ਰਜਬਾਹਾ
ਕਿਸਾਨਾਂ ਨੇ ਦੱਸਿਆ ਕਿ ਬਠਿੰਡਾ ਰਜਬਾਹੇ ਨੂੰ ਬਣਿਆਂ 40 ਸਾਲ ਹੋ ਚੁੱਕੇ ਹਨ, ਜਿਸ ਕਾਰਨ ਰਜਬਾਹੇ ਦੀ ਲਾਈਨਿੰਗ ਇਸ ਕਦਰ ਖ਼ਸਤਾ ਹਾਲਤ ਹੋ ਚੁੱਕੀ ਹੈ ਕਿ ਥੋੜ੍ਹੇ ਸਮੇਂ ਬਾਅਦ ਹੀ ਰਜਬਾਹਾ ਟੁੱਟ ਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਜਾਂਦਾ ਹੈ।
6 ਮਹੀਨਿਆਂ 'ਚ 8 ਵਾਰ ਟੁੱਟ ਚੁੱਕਾ ਰਜਬਾਹਾ
ਰਜਬਾਹੇ ਦੀ ਖ਼ਸਤਾ ਹਾਲਤ ਦਾ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਿਛਲੇ 6 ਮਹੀਨਿਆਂ 'ਚ ਅੱਠ ਵਾਰ ਟੁੱਟ ਕੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਚੁੱਕਾ ਹੈ। ਕਿਸਾਨਾਂ ਦਾ ਰੋਸ ਹੈ ਕਿ ਦੂਸਰੇ ਸਾਰੇ ਰਜਬਾਹਿਆਂ ਦੀਆਂ ਸ਼ਾਖਾਵਾਂ ਦਾ ਨਵੀਨੀਕਰਨ ਹੋ ਚੁੱਕਾ ਹੈ ਪਰ ਇਸ ਰਜਬਾਹੇ 'ਤੇ ਹਾਲੇ ਤੱਕ ਸਰਕਾਰ ਦੀ ਨਜ਼ਰ ਤੱਕ ਨਹੀਂ ਗਈ। ਕਿਸਾਨਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਰਜਬਾਹੇ ਨੂੰ ਜਲਦੀ ਨਵਾਂ ਬਣਾਇਆ ਜਾਵੇ ਤਾਂ ਜੋ ਰਜਬਾਹਾ ਟੁੱਟਣ ਕਾਰਨ ਕਿਸਾਨਾਂ ਦੀਆਂ ਫਸਲਾਂ ਦੇ ਹੁੰਦੇ ਨੁਕਸਾਨ ਤੋਂ ਬਚਾਇਆ ਜਾ ਸਕੇ।
ਕੀ ਕਹਿੰਦੇ ਵਿਭਾਗ ਦੇ ਐੱਸ. ਡੀ. ਓ.
ਜਦ ਇਸ ਸਬੰਧੀ ਵਿਭਾਗ ਦੇ ਐੱਸ. ਡੀ. ਓ. ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਜਬਾਹੇ ਦੇ ਟੁੱਟਣ ਦਾ ਕਾਰਨ ਚੂਹਿਆਂ ਦੀਆਂ ਖੁੱਡਾਂ ਹਨ। ਉਨ੍ਹਾਂ ਦੱਸਿਆ ਕਿ ਰਜਬਾਹੇ ਨੂੰ ਬਣਿਆਂ 40 ਸਾਲ ਹੋ ਚੁੱਕੇ ਹਨ, ਰਜਬਾਹੇ ਨੂੰ ਦੁਬਾਰਾ ਨਵਾਂ ਬਣਾਉਣ ਲਈ ਸਰਕਾਰ ਕੋਲ ਪ੍ਰਾਜੈਕਟ ਬਣਾ ਕੇ ਭੇਜਿਆ ਹੋਇਆ ਹੈ।
ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਸਵਾਰ ਕੁਚਲਿਆ
NEXT STORY