ਖੰਨਾ(ਸੁਖਵਿੰਦਰ ਕੌਰ)-ਅੱਜ-ਕੱਲ ਪੰਜਾਬ 'ਚ ਕਣਕ ਦੀ ਵਾਢੀ ਤਕਰੀਬਨ ਪੂਰੀ ਹੋ ਚੁੱਕੀ ਹੈ। ਜ਼ਿਆਦਾਤਰ ਕਿਸਾਨ ਖੇਤਾਂ 'ਚ ਬਚੀ ਹੋਈ ਨਾੜ ਨੂੰ ਅੱਗ ਲਾ ਦਿੰਦੇ ਹਨ, ਜਿਸ ਕਰਕੇ ਸ਼ਾਮ ਨੂੰ ਕਈ ਜਗ੍ਹਾ ਨਾੜ ਦੇ ਢੇਰ ਸੁਲਗਦੇ ਹੋਏ ਦੇਖੇ ਜਾ ਸਕਦੇ ਹਨ । ਨਾੜ ਨੂੰ ਅੱਗ ਲਾਉਣ ਨਾਲ ਵਾਤਾਵਰਣ 'ਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ । ਜਾਗਰੂਕਤਾ ਦੀ ਘਾਟ ਕਾਰਨ ਕਿਸਾਨ ਆਪਣੇ ਫਾਇਦੇ ਲਈ ਵਾਤਾਵਰਣ ਨਾਲ ਬਹੁਤ ਵੱਡਾ ਖਿਲਵਾੜ ਕਰ ਰਹੇ ਹਨ । ਜਿਸ ਕਾਰਨ ਜਿਥੇ ਖੇਤੀਬਾੜੀ ਦੀ ਜ਼ਮੀਨ ਨੂੰ ਨੁਕਸਾਨ ਹੁੰਦਾ ਹੈ ਅਤੇ ਵਾਤਾਵਰਣ 'ਚ ਪ੍ਰਦੂਸ਼ਣ ਵੀ ਫੈਲਦਾ ਹੈ, ਜੋ ਕਿ ਮਨੁੱਖਾਂ ਦੇ ਨਾਲ-ਨਾਲ ਜੀਵ-ਜੰਤੂਆਂ ਅਤੇ ਜ਼ਮੀਨ ਦੀ ਸਿਹਤ ਲਈ ਵੀ ਮਾਰੂ ਹੈ । ਇਸ ਨਾਲ ਜਿਥੇ ਮਨੁੱਖ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦਾ ਹੈ, ਉਥੇ ਜ਼ਮੀਨ 'ਚ ਮੌਜੂਦ ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜੋ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਲਈ ਬੇਹੱਦ ਜ਼ਰੂਰੀ ਹਨ। ਪ੍ਰਸ਼ਾਸਨ ਵੱਲੋਂ ਵੀ ਸਮੇਂ-ਸਮੇਂ 'ਤੇ ਕਿਸਾਨਾਂ ਨੂੰ ਨਾੜ ਨਾ ਸਾੜਨ ਸੰਬੰਧੀ ਆਦੇਸ਼ ਜਾਰੀ ਕੀਤੇ ਜਾਂਦੇ ਹਨ ਪਰ ਇਸ ਸਬੰਧੀ ਕੋਈ ਸਖ਼ਤ ਕਾਨੂੰਨ ਨਹੀਂ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ । ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੀਆਂ ਹਦਾਇਤਾਂ ਦੇ ਉਲਟ ਕਿਸਾਨ ਕਣਕ ਦੀ ਵਾਢੀ ਹੋਣ ਦੇ ਬਾਅਦ ਆਪਣੇ ਖੇਤਾਂ 'ਚ ਨਾੜ ਨੂੰ ਅੱਗ ਲਾ ਕੇ ਪ੍ਰਦੂਸ਼ਣ ਫੈਲਾ ਰਹੇ ਹਨ । ਇਸ ਨਾਲ ਫੈਲਣ ਵਾਲਾ ਧੂੰਆਂ ਲੋਕਾਂ ਦੀ ਜ਼ਿੰਦਗੀ ਲਈ ਵੀ ਭਾਰੀ ਪੈ ਸਕਦਾ ਹੈ । ਸਰਕਾਰੀ ਤੌਰ 'ਤੇ ਸਖ਼ਤੀ ਕਰਨ ਤੇ ਭਾਰੀ ਜੁਰਮਾਨਾ ਲਾਉਣ ਦੇ ਸਰਕਾਰੀ ਹੁਕਮਾਂ ਦੇ ਬਾਵਜੂਦ ਪ੍ਰਦੂਸ਼ਣ ਕੰਟਰੋਲ ਬੋਰਡ, ਖੇਤੀਬਾੜੀ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਕਿਸਾਨਾਂ ਨੂੰ ਰੋਕਣ 'ਚ ਪੂਰੀ ਤਰ੍ਹਾਂ ਫ਼ੇਲ ਸਾਬਤ ਹੋ ਰਹੇ ਹਨ । ਨਕਦ ਜੁਰਮਾਨਾ ਲਾਉਣ ਦੇ ਬਾਵਜੂਦ ਕਿਸਾਨ ਜਾਗਰੂਕ ਨਹੀਂ ਹੋ ਰਿਹਾ, ਇਹ ਚਿੰਤਾਜਨਕ ਹੈ । ਸਰਕਾਰਾਂ ਵੱਲੋਂ ਕਿਸਾਨਾਂ ਨੂੰ ਇਸ ਮੁੱਦੇ 'ਤੇ ਜਾਗਰੂਕ ਕਰਨ ਦੇ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਜਾ ਰਹੇ । ਕਣਕ ਅਤੇ ਤੂੜੀ ਸਾਂਭਣ ਤੋਂ ਬਾਅਦ ਖੇਤਾਂ 'ਚ ਬਾਕੀ ਬਚਦੇ ਨਾੜ ਨੂੰ ਨਸ਼ਟ ਕਰਨਾ ਕਿਸਾਨ ਲਈ ਸਿਰਦਰਦੀ ਬਣ ਰਿਹਾ ਹੈ । ਬਹੁ-ਗਿਣਤੀ ਕਿਸਾਨ ਫਸਲ ਵੱਢਣ ਤੋਂ ਬਾਅਦ ਬਾਕੀ ਬਚਦੇ ਨਾੜ ਨੂੰ ਅੱਗ ਲਾ ਕੇ ਨਸ਼ਟ ਕਰਦੇ ਹਨ । ਬੇਸ਼ੱਕ ਸਰਕਾਰ ਖੇਤਾਂ 'ਚ ਨਾੜ ਨੂੰ ਅੱਗ ਰਾਹੀਂ ਨਾ ਸਾੜਨ ਲਈ ਸਮੇਂ-ਸਮੇਂ 'ਤੇ ਕਈ ਹੁਕਮ ਜਾਰੀ ਕਰਦੀ ਹੈ ਪਰ ਕਿਸਾਨ ਕੋਈ ਹੋਰ ਯੋਗ ਵਿਧੀ ਨਾ ਹੋਣ ਕਾਰਨ ਖੇਤਾਂ 'ਚ ਬੱਚਦੀ ਰਹਿੰਦ-ਖੂੰਹਦ ਨੂੰ ਅੱਗ ਰਾਹੀਂ ਨਸ਼ਟ ਕਰਨ ਲਈ ਮਜਬੂਰ ਹਨ, ਜਿਸ ਕਾਰਨ ਸਰਕਾਰੀ ਫਰਮਾਨ ਵੀ ਅੱਗ ਦੇ ਧੂੰਏਂ ਵਿਚ ਹੀ ਗੁੰਮ ਹੋ ਜਾਂਦੇ ਹਨ ।
ਪ੍ਰਦੂਸ਼ਣ ਕੰਟਰੋਲ ਬੋਰਡ ਕਰਦਾ ਰਹਿੰਦੈ ਕਿਸਾਨਾਂ ਨੂੰ ਜਾਗਰੂਕ : ਐਕਸੀਅਨ
ਰਾਕੇਸ਼ ਨਈਅਰ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਨਾੜ ਸਾੜਨ ਤੋਂ ਰੋਕਣ ਲਈ ਜਾਗਰੂਕ ਕਰਨ ਅਤੇ ਨਾੜ ਨੂੰ ਸਾੜਨ ਵਾਲਿਆਂ ਵਿਰੁਧ ਕਾਰਵਾਈ ਕਰਨ ਲਈ ਵੱਖ ਵੱਖ ਟੀਮਾਂ ਬਣਾਈਆਂ ਹੋਈਆਂ ਹਨ, ਜੋ ਕਿ ਇਸ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤਾਂ 'ਚ ਬੱਚਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਸਾਡਾ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ । ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਕਿਸਾਨਾਂ ਨੂੰ ਖੇਤਾਂ 'ਚ ਨਾੜ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਸਮੇਂ-ਸਮੇਂ ਸਿਰ ਜਾਣਕਾਰੀ ਦਿੱਤੀ ਜਾਂਦੀ ਹੈ ।
ਸ਼ੇਖੂਪੁਰ ਵਿਖੇ ਨਾਜਾਇਜ਼ ਕਬਜ਼ਿਆਂ 'ਤੇ ਚੱਲਿਆ ਨਿਗਮ ਦਾ ਪੀਲਾ ਪੰਜਾ
NEXT STORY