ਰਾਮਪੁਰਾ ਫੂਲ(ਤਰਸੇਮ)-ਪਿੰਡ ਲਹਿਰਾ ਧੂਰਕੋਟ ਦੇ ਖੁਦਕਸ਼ੀ ਕਰ ਗਏ ਮ੍ਰਿਤਕ ਕਿਸਾਨ ਗੁਰਸੇਵਕ ਸਿੰਘ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ, ਪਿੰਡ ਲਹਿਰਾ ਧੂਰਕੋਟ ਦੇ ਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ 'ਚ ਪੁਲਸ ਥਾਣਾ ਸਿਟੀ ਰਾਮਪੁਰਾ ਅੱਗੇ ਲਾਏ ਰੋਸ ਧਰਨੇ ਦੇ ਅੱਜ ਪੰਜਵਂੇ ਦਿਨ ਸਰਕਾਰ ਤੇ ਪੁਲਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਯੂਨੀਅਨ ਦੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਮਾਮਲੇ ਵਿਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਇਹ ਧਰਨਾ ਦਿਨ–ਰਾਤ ਜਾਰੀ ਰਹੇਗਾ ਅਤੇ ਜਲਦ ਹੀ ਜ਼ਿਲਾ ਪੱਧਰ 'ਤੇ ਇਸ ਸੰਘਰਸ਼ ਨੂੰ ਸ਼ੁਰੂ ਕਰਨ ਲਈ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਧਰਨਾਕਾਰੀਆਂ ਵੱਲੋਂ ਬਾਅਦ ਦੁਪਿਹਰ ਥਾਣੇ ਦਾ ਘਿਰਾਓ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਥਾਨਕ ਸ਼ਹਿਰ ਨੇੜੇ ਪੈਂਦੇ ਪਿੰਡ ਲਹਿਰਾ ਧੂਰਕੋਟ ਵਿਖੇ ਬੀਤੇ ਐਤਵਾਰ ਨੂੰ ਫਾਹ ਲੈ ਕੇ ਖੁਦਕਸ਼ੀ ਕਰ ਗਏ ਮ੍ਰਿਤਕ ਕਿਸਾਨ ਗੁਰਸੇਵਕ ਸਿੰਘ ਦਾ ਅੱਜ ਸੱਤਵੇਂ ਦਿਨ ਵੀ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲਾ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਕੌੜਾ, ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ, ਮਾ. ਬਾਬੂ ਸਿੰਘ ਮੰਡੀ ਖੁਰਦ ਜ਼ਿਲਾ ਖਜ਼ਾਨਚੀ, ਨਛੱਤਰ ਸਿੰਘ ਕੋਟੜਾ ਕੌੜਾ, ਭੂਰਾ ਸਿੰਘ ਡਿੱਖ, ਅਜਾਇਬ ਸਿੰਘ ਭੈਣੀ ਚੂਹੜ, ਭੋਲਾ ਸਿੰਘ ਲਹਿਰਾ ਧੂਰਕੋਟ, ਪਰਮਜੀਤ ਕੌਰ ਕੋਟੜਾ ਕੌੜਾ ਇਸਤਰੀ ਵਿੰਗ ਜ਼ਿਲਾ ਆਗੂ ਤੇ ਮਾਸਟਰ ਸੁਖਦੇਵ ਸਿੰਘ ਜਵੰਦਾ ਬਲਾਕ ਪ੍ਰਧਾਨ ਰਾਮਪੁਰਾ ਆਦਿ ਨੇ ਪੁਲਸ ਪ੍ਰਸ਼ਾਸਨ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਵਿਚ ਨਾਮਜ਼ਦ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਮ੍ਰਿਤਕ ਦਾ ਪੋਸਟਮਾਰਟਮ ਤੇ ਸਸਕਾਰ ਨਹੀਂ ਕਰਵਾਇਆ ਜਾਵੇਗਾ। ਦੱਸਣਯੋਗ ਹੈ ਕਿ ਇਸ ਮਾਮਲੇ 'ਚ ਨਾਮਜ਼ਦ ਇਕ ਦੋਸ਼ੀ ਦਰਸ਼ਨ ਸਿੰਘ ਮੰਡੀ ਕਲਾਂ ਨੇ ਬੀਤੇ ਕੱਲ ਮਾਣਯੋਗ ਅਦਾਲਤ 'ਚ ਸਰੈਂਡਰ ਕਰ ਦਿੱਤਾ ਸੀ। ਅਦਾਲਤ ਵੱਲੋਂ ਉਕਤ ਮੁਜਰਮ ਨੂੰ ਜੁਡੀਸ਼ੀਅਲ ਰਿਮਾਂਡ ਤਹਿਤ ਕੇਂਦਰੀ ਜੇਲ ਬਠਿੰਡਾ ਵਿਖੇ ਭੇਜ ਦਿੱਤਾ ਗਿਆ। ਇਸ ਪੇਚੀਦਾ ਹੋਏ ਮਾਮਲੇ ਨੂੰ ਲੈ ਕੇ ਥਾਣਾ ਸਿਟੀ ਰਾਮਪੁਰਾ ਦੇ ਮੁਖੀ ਸੁਨੀਲ ਕੁਮਾਰ ਦਾ ਇੱਥੋਂ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਥਾਂ 'ਤੇ ਨਵੇਂ ਆਏ ਥਾਣਾ ਮੁਖੀ ਬਿੱਕਰ ਸਿੰਘ ਨੇ ਆਪਣਾ ਚਾਰਜ ਸੰਭਾਲ ਲਿਆ ਹੈ।
ਕੀ ਕਹਿਣਾ ਹੈ ਨਵੇਂ ਆਏ ਥਾਣਾ ਮੁਖੀ ਦਾ
ਜਦੋ ਮਾਮਲੇ ਸਬੰਧੀ ਥਾਣਾ ਸਿਟੀ ਦੇ ਨਵੇਂ ਆਏ ਥਾਣਾ ਮੁਖੀ ਬਿੱਕਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਨਾਮਜ਼ਦ ਕੀਤੇ ਗਏ ਤਿੰਨਾਂ ਵਿਅਕਤੀਆਂ 'ਚੋਂ ਇਕ ਮੁਜਰਮ ਦਰਸ਼ਨ ਸਿੰਘ ਮੰਡੀ ਕਲਾਂ ਦੀ ਗ੍ਰਿਫਤਾਰੀ ਹੋ ਚੁੱਕੀ ਤੇ ਬਾਕੀ ਦੋ ਮੁਜਰਮਾਂ ਦੀ ਪੁਲਸ ਵੱਲੋਂ ਪੂਰੀ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਧਰਨਾਕਾਰੀਆਂ ਕੋਲ ਜਾ ਕੇ ਵਿਸ਼ਵਾਸ ਦਿਵਾ ਚੁੱਕੇ ਹਨ ਕਿ ਉਨ੍ਹਾਂ ਅਜੇ ਅੱਜ ਹੀ ਆਪਣਾ ਚਾਰਜ ਸੰਭਾਲਿਆ ਹੈ ਤੇ ਉਹ ਬਾਕੀ ਰਹਿੰਦੇ ਮੁਜਰਮਾਂ ਖਿਲਾਫ ਸਖਤ ਕਾਰਵਾਈ ਕਰ ਕੇ ਜਲਦੀ ਹੀ ਗ੍ਰਿਫਤਾਰ ਕਰਨਗੇ ਤੇ ਪੀੜਤ ਪਰਿਵਾਰ ਨੂੰ ਬਣਦਾ Îਇਨਸਾਫ ਦਿਵਾਉਣਗੇ।
ਮੀਟਿੰਗ ਦੌਰਾਨ ਮਸਲਾ ਹੱਲ ਨਾ ਹੋਇਆ ਤਾਂ ਖੂਨ ਨਾਲ ਲਿਖਿਆ ਪੱਤਰ ਅਰੂਸਾ ਆਲਮ ਨੂੰ ਕਰਾਂਗੇ ਭੇਟ
NEXT STORY