ਬਰੇਟਾ, (ਬਾਂਸਲ)- ਐੱਮ.ਬੀ.ਬੀ.ਐੱਸ.ਦੀ ਪੜ੍ਹਾਈ ਕਰ ਰਹੇ ਬਰੇਟਾ ਦੇ 24 ਸਾਲਾ ਨੌਜਵਾਨ ਕਮਲਦੀਪ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ (ਨੇੜੇ ਜੈਨ ਮੰਦਰ) ਦੇ ਰਹਿਣ ਵਾਲੇ ਮੁਦਈ ਮਹਿੰਦਰਪਾਲ ਪੁੱਤਰ ਜਗਨ ਨਾਥ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਮਲਦੀਪ (24) ਪਟਿਆਲਾ ਦੇ ਮੈਡੀਕਲ ਕਾਲਜ ਵਿੱਚ ਪੜ੍ਹਦਾ ਸੀ ਅਤੇ ਪਿਛਲੇ ਦੋ ਹਫ਼ਤਿਆਂ ਤੋਂ ਨਿਊ ਲਾਲ ਬਾਗ ਕਲੋਨੀ ਦੇ ਮਕਾਨ ਨੰਬਰ 105 ਵਿੱਚ ਬਤੌਰ ਪੀ.ਜੀ. ਰਹਿ ਰਿਹਾ ਸੀ। ਮੁਲਜ਼ਮ ਮੋਹਿਤ ਵਰਮਾ (ਵਾਸੀ ਬਰੇਟਾ) ਅਕਸਰ ਕਮਲਦੀਪ ਕੋਲੋਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਕਮਲਦੀਪ ਵੱਲੋਂ ਪੈਸੇ ਦੇਣ ਤੋਂ ਮਨ੍ਹਾ ਕਰਨ 'ਤੇ ਮੋਹਿਤ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ, ਜਿਸ ਕਾਰਨ ਉਸ ਨੇ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਕਮਲਦੀਪ ਨੇ ਆਪਣੇ ਪਿਤਾ ਨੂੰ ਫ਼ੋਨ ਕਰਕੇ ਦੱਸਿਆ ਕਿ ਉਸਦਾ ਦੋਸਤ ਮੋਹਿਤ ਵਰਮਾ ਉਸਦੇ ਪੀ.ਜੀ. ਆਇਆ ਹੋਇਆ ਹੈ ਅਤੇ ਰਾਤ ਨੂੰ ਉੱਥੇ ਹੀ ਰੁਕੇਗਾ। ਕਮਲਦੀਪ ਨੇ ਦੁਬਾਰਾ ਪਿਤਾ ਨੂੰ ਫ਼ੋਨ ਕਰਕੇ ਕਿਹਾ ਕਿ ਉਹ ਉੱਠ ਗਿਆ ਹੈ ਅਤੇ ਤਿਆਰ ਹੋ ਕੇ ਕਾਲਜ ਜਾ ਰਿਹਾ ਹੈ। ਇਸ ਤੋਂ ਬਾਅਦ ਉਸਦਾ ਫ਼ੋਨ ਆਉਣਾ ਬੰਦ ਹੋ ਗਿਆ। ਜਦੋਂ ਪਰਿਵਾਰ ਵਾਲਿਆਂ ਨੇ ਫ਼ੋਨ ਕੀਤਾ ਤਾਂ ਕਮਲਦੀਪ ਨੇ ਫ਼ੋਨ ਨਹੀਂ ਚੁੱਕਿਆ। ਚਿੰਤਾ ਵਿੱਚ ਪਿਤਾ ਮਹਿੰਦਰਪਾਲ ਬਰੇਟਾ ਵਿਖੇ ਮੋਹਿਤ ਵਰਮਾ ਦੇ ਘਰ ਗਏ। ਉੱਥੇ ਮੋਹਿਤ ਦੇ ਹੱਥਾਂ-ਪੈਰਾਂ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਮੋਹਿਤ ਨੇ ਝੂਠੀ ਕਹਾਣੀ ਘੜੀ ਕਿ ਉਸਦਾ ਕਿਸੇ ਮੋਟਰਸਾਈਕਲ ਚਾਲਕ ਨਾਲ ਐਕਸੀਡੈਂਟ ਹੋ ਗਿਆ ਸੀ, ਜਿਨ੍ਹਾਂ ਨੇ ਤੇਜ਼ਧਾਰ ਚੀਜ਼ ਨਾਲ ਉਸ 'ਤੇ ਹਮਲਾ ਕੀਤਾ। ਮੋਹਿਤ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਸਵੇਰੇ ਹੀ ਪਟਿਆਲਾ ਤੋਂ ਵਾਪਸ ਆ ਗਿਆ ਸੀ। ਸ਼ੱਕ ਹੋਣ 'ਤੇ ਜਦੋਂ ਮ੍ਰਿਤਕ ਦੇ ਮਾਪੇ ਤੁਰੰਤ ਪਟਿਆਲਾ ਸਥਿਤ ਕਮਲਦੀਪ ਦੇ ਪੀ.ਜੀ. ਪਹੁੰਚੇ, ਤਾਂ ਉੱਥੋਂ ਦਾ ਮੰਜ਼ਰ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਮਲਦੀਪ ਦੀ ਲਾਸ਼ ਕਮਰੇ ਦੇ ਫ਼ਰਸ਼ 'ਤੇ ਖ਼ੂਨ ਨਾਲ ਲੱਥਪੱਥ ਪਈ ਸੀ। ਉਸ ਦੇ ਗਲੇ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਤੇਜ਼ਧਾਰ ਹਥਿਆਰਾਂ ਦੇ ਡੂੰਘੇ ਜ਼ਖ਼ਮ ਸਨ। ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੁਲਸ ਮੁਤਾਬਕ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੈਡੀਕਲ ਦੇ ਹੋਣਹਾਰ ਵਿਦਿਆਰਥੀ ਦੇ ਇਸ ਤਰ੍ਹਾਂ ਹੋਏ ਕਤਲ ਕਾਰਨ ਇਲਾਕੇ ਅਤੇ ਕਾਲਜ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਥਾਣਾ ਸਿਵਲ ਲਾਈਨਜ਼ ਪਟਿਆਲਾ ਵਿਖੇ ਮੁਕੱਦਮਾ ਨੰਬਰ 129, ਧਾਰਾ 103, 3(5)ਤਹਿਤ ਮ੍ਰਿਤਕ ਦੇ ਦੋਸਤ ਮੋਹਿਤ ਵਰਮਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਬਰੇਟਾ ਵਾਸੀਆਂ ਨੇ ਅੱਜ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬਜ਼ਾਰ ਬੰਦ ਰੱਖਿਆ ਅਤੇ ਬਰੇਟਾ ਥਾਣੇ ਅੱਗੇ ਧਰਨਾ ਦਿੱਤਾ। ਸ਼ਾਮ 5 ਵਜੇ ਦੇ ਕਰੀਬ ਕਮਲਦੀਪ ਦਾ ਬਰੇਟਾ ਵਿਖੇ ਸਸਕਾਰ ਕਰ ਦਿੱਤਾ ਗਿਆ।
ਸੜਕ ਹਾਦਸੇ ’ਚ ਕਾਰ ਸਵਾਰ ਔਰਤ ਦੀ ਮੌਤ, ਡਰਾਇਵਰ ਜਖ਼ਮੀ
NEXT STORY