ਜਾਡਲਾ (ਜਸਵਿੰਦਰ) - ਬੀਤੀ ਰਾਤ ਮੀਂਹ ਤੇ ਚੱਲੀਆਂ ਤੇਜ਼ ਹਵਾਵਾਂ ਨੇ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ। ਹਾਲੇ ਬੀਤੇ ਸਾਲ ਗੜੇਮਾਰੀ ਅਤੇ ਹਨੇਰੀ-ਝੱਖੜ ਨਾਲ ਨੁਕਸਾਨੀ ਕਣਕ ਦਾ ਮੁਆਵਜ਼ਾ ਲੈਣ ਲਈ ਕਿਸਾਨ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਰਹੇ ਹਨ ਪਰ ਫਿਰ ਵੀ ਉਨ੍ਹਾਂ ਦੀ ਆਸ ਨੂੰ ਹਾਲੇ ਤੱਕ ਬੂਰ ਨਹੀਂ ਪਿਆ। ਅੱਜ ਕੁਦਰਤ ਦੀ ਕਰੋਪੀ ਤੋਂ ਦੁਖੀ ਕਿਸਾਨ ਜਸਪਾਲ ਸਿੰਘ ਸਜਾਵਲਪੁਰ, ਰਜਿੰਦਰ ਸਿੰਘ ਜਾਡਲਾ, ਮਨਜੀਤ ਸਿੰਘ ਔਜਲਾ ਨਾਈ ਮਜਾਰਾ, ਰਘੁਵੀਰ ਸਿੰਘ ਨਾਈ ਮਜਾਰਾ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਬੀਤੇ ਸਾਲ ਕਣਕ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲਿਆ ਤੇ ਕੁਦਰਤ ਨੇ ਉਨ੍ਹਾਂ 'ਤੇ ਹੋਰ ਕਹਿਰ ਢਾਹ ਦਿੱਤਾ ਹੈ, ਜਿਸ ਕਾਰਨ ਕਿਸਾਨ ਭਾਈਚਾਰਾ ਨਿਰਾਸ਼ਾ ਵਿਚ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਕਣਕਾਂ ਨੂੰ ਕੁਝ ਦਿਨ ਪਹਿਲਾਂ ਪਾਣੀ ਲਾਇਆ ਸੀ, ਉਹ ਫਸਲ ਧਰਤੀ 'ਤੇ ਵਿਛ ਗਈ ਹੈ। ਫਸਲ ਧਰਤੀ 'ਤੇ ਵਿਛਣ ਕਾਰਨ ਉਸ ਦਾ ਦਾਣਾ ਹਲਕਾ ਪੈ ਜਾਂਦਾ ਹੈ ਤੇ ਝਾੜ ਘੱਟ ਨਿਕਲਦਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਜਲਦ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਆਰਥਕ ਤੰਗੀ ਤੋਂ ਛੁਟਕਾਰਾ ਪਾ ਸਕਣ।
ਸੁਖਸਾਲ, (ਕੌਸ਼ਲ)-ਲੰਘੀ ਰਾਤ ਖੇਤਰ 'ਚ ਚੱਲੀਆਂ ਤੇਜ਼ ਹਵਾਵਾਂ ਤੇ ਭਾਰੀ ਮੀਂਹ ਨੇ ਕਿਸਾਨਾਂ ਦੀ ਪੱਕੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ।
ਪਿੰਡ ਸੁਖਸਾਲ, ਦਿਆਪੁਰ, ਦਘੌੜ, ਸੰਗਤਪੁਰ, ਭੱਲੜੀ, ਭੱਟੋਂ, ਭੀਖਾਪੁਰ, ਭਨਾਮ, ਸਹਿਜੋਵਾਲ, ਛੋਟੇਵਾਲ, ਨਾਨਗਰਾਂ, ਮਹਿਲਵਾਂ ਆਦਿ ਪਿੰਡਾਂ 'ਚ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਹਨੇਰੀ ਦੀ ਭੇਟ ਚੜ੍ਹ ਗਈਆਂ। ਕਿਸਾਨਾਂ ਵੱਲੋਂ ਕੱਟੀ ਗਈ ਕਣਕ ਦੀ ਫਸਲ ਖੇਤਾਂ 'ਚ ਭਰੇ ਮੀਂਹ ਦੇ ਪਾਣੀ 'ਚ ਡੁੱਬ ਗਈ। ਕਿਸਾਨਾਂ ਦਾ ਲੱਖਾਂ ਰੁਪਏ ਦੀ ਫਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਪਿੰਡ ਸੁਖਸਾਲ ਦੇ ਕਿਸਾਨ ਸੁਰਜੀਤ ਸਿੰਘ, ਗੁਰਮੀਤ ਸਿੰਘ, ਬਖਸ਼ੀਸ਼ ਸਿੰਘ, ਵਿਪਨ ਸ਼ਰਮਾ, ਮ. ਤੀਰਥ ਰਾਮ, ਓਮ ਪ੍ਰਕਾਸ਼ ਕੌਸ਼ਲ ਆਦਿ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਮਹਿੰਗੇ ਬੀਜ, ਖਾਦਾਂ ਤੇ ਸਪਰੇਆਂ ਨਾਲ ਫਸਲਾਂ ਦਾ ਪਾਲਣ ਪੋਸ਼ਣ ਕੀਤਾ ਤੇ ਹੁਣ ਪੱਕੀ ਫਸਲ ਮੰਡੀਆਂ 'ਚ ਲਿਜਾਣ ਦੀ ਆਸ ਬੱਝੀ ਸੀ ਪਰ ਹੁਣ ਕੁਦਰਤ ਦੀ ਮਾਰ ਨੇ ਸਾਨੂੰ ਝੰਬ ਕੇ ਰੱਖ ਦਿੱਤਾ। ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਗੁਰਨੀਤ ਤੇਜ ਤੋਂ ਮੰਗ ਕੀਤੀ ਹੈ ਕਿ ਮਾਲ ਵਿਭਾਗ ਨੂੰ ਹਦਾਇਤਾਂ ਦੇ ਕੇ ਅਤੇ ਸਬੰਧਤ ਵਿਭਾਗ ਦੀਆਂ ਟੀਮਾਂ ਬਣਾ ਕੇ ਗਿਰਦਾਵਰੀ ਕਰਵਾ ਕੇ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ।
ਬਲਾਚੌਰ/ਪੋਜੇਵਾਲ, (ਕਟਾਰੀਆ, ਕਿਰਨ)- ਬਲਾਕ ਸੜੋਆ ਤੇ ਬਲਾਚੌਰ ਵਿਖੇ ਬੇਮੌਸਮੀ ਮੀਂਹ ਤੇ ਝੱਖੜ ਕਾਰਨ ਕਣਕ ਦੀ ਪੱਕੀ ਫਸਲ ਵਿਛਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ ਤੇ ਪ੍ਰੇਸ਼ਾਨੀ ਕਾਰਨ ਕਿਸਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਹੈ।
ਕਿਸਾਨਾਂ ਨੇ ਦੱਸਿਆ ਕਿ ਇਸ ਦੋ-ਤਿੰਨ ਦਿਨਾਂ 'ਚ ਮੀਂਹ ਤੇ ਝੱਖਣ ਕਾਰਨ ਕਣਕ ਦਾ ਤਾਂ ਨੁਕਸਾਨ ਹੋਇਆ ਹੀ ਹੈ, ਜਦੋਂਕਿ ਵਾਢੀ ਕਰਨ 'ਚ ਵੀ ਦੇਰੀ ਹੋ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਜਦੋਂ ਕਣਕ ਪੱਕ ਕੇ ਵੱਢਣ ਵਾਲੀ ਹੁੰਦੀ ਹੈ ਤਾਂ ਮੀਂਹ-ਹਨੇਰੀ ਕਣਕ ਦੀ ਤਬਾਹੀ ਕਰ ਦਿੰਦੇ ਹਨ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਕਣਕ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਨਵਾਂਸ਼ਹਿਰ, (ਮਨੋਰੰਜਨ)- ਪਿਛਲੀ ਰਾਤ ਇਲਾਕੇ ਵਿਚ ਪਏ ਮੀਂਹ ਨਾਲ ਜਿਥੇ ਕਿਸਾਨਾਂ ਦੇ ਖੇਤਾਂ ਵਿਚ ਪਾਣੀ ਭਰ ਗਿਆ, ਉਥੇ ਹੀ ਤੇਜ਼ ਹਵਾ ਕਾਰਨ ਕਣਕ ਦੀ ਫਸਲ ਵੀ ਵਿਛ ਗਈ। ਮੌਸਮ ਵਿਚ ਆਈ ਤਬਦੀਲੀ ਤੇ ਮੀਂਹ ਕਰ ਕੇ ਇਲਾਕੇ ਵਿਚ ਕਟਾਈ ਬਹੁਤ ਘੱਟ ਹੋਣ ਦੀ ਸੰਭਾਵਨਾ ਹੈ। ਕਣਕ ਦੀ ਫਸਲ ਦੀ ਸੰਭਾਲ ਦੇ ਲਈ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਫਸਲ ਦੀ ਕਟਾਈ ਕਈ ਦਿਨਾਂ ਤੱਕ ਪਿੱਛੜ ਗਈ ਹੈ। ਮੀਂਹ ਦੇ ਕਾਰਨ ਕਣਕ ਵਿਚ ਨਮੀ ਦੀ ਮਾਤਰਾ ਵੱਧ ਗਈ ਹੈ। ਫਸਲ ਦੇ ਨਾਲ-ਨਾਲ ਇਸ ਵਾਰ ਮੀਂਹ ਦਾ ਤੂੜੀ 'ਤੇ ਵੀ ਅਸਰ ਪੈ ਸਕਦਾ ਹੈ। ਦੂਸਰੇ ਪਾਸੇ ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਮੀਂਹ ਅਤੇ ਗੜੇਮਾਰੀ ਦੀ ਚਿਤਾਵਨੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।
ਰਾਹੋਂ, (ਪ੍ਰਭਾਕਰ)- ਕਣਕ ਦੀ ਫਸਲ ਪੀਲੇ ਸੋਨੇ ਦੀ ਤਰ੍ਹਾਂ ਪੱਕ ਕੇ ਤਿਆਰ ਹੋ ਗਈ ਸੀ ਕਿ ਬੀਤੀ ਰਾਤ ਹਨੇਰੀ, ਮੀਂਹ ਤੇ ਗੜਿਆਂ ਦੇ ਕਾਰਨ ਕਈ ਕਿਸਾਨਾਂ ਦੀ ਫਸਲ ਧਰਤੀ 'ਤੇ ਡਿੱਗ ਪਈ। ਕਿਸਾਨਾਂ ਦੇ ਚਿਹਰੇ ਮੁਰਝਾ ਗਏ। ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਕਣਕ ਦੀ ਫਸਲ ਕੇਵਲ ਵਿਸਾਖੀ ਦੀ ਉਡੀਕ 'ਚ ਸੀ ਕਿ ਬੀਤੀ ਰਾਤ ਬੇਮੌਸਮੀ ਮੀਂਹ ਤੇ ਹਨੇਰੀ ਨੇ ਕਿਸਾਨਾਂ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ।
ਮੀਂਹ ਕਾਰਨ ਮੰਡੀ 'ਚ ਕਣਕ ਦੀਆਂ ਬੋਰੀਆਂ ਭਿੱਜੀਆਂ
ਰੂਪਨਗਰ, (ਵਿਜੇ)- ਅਨਾਜ ਮੰਡੀ 'ਚ ਖਰੀਦ ਏਜੰਸੀਆਂ ਵੱਲੋਂ ਖਰੀਦੀਆਂ ਕਣਕ ਦੀਆਂ ਬੋਰੀਆਂ ਮੀਂਹ ਕਾਰਨ ਭਿੱਜ ਗਈਆਂ। ਅੱਜ ਸਵੇਰੇ 4 ਵਜੇ ਦੇ ਕਰੀਬ ਅਚਾਨਕ ਹੋਈ ਬਾਰਿਸ਼ ਦੇ ਕਾਰਨ ਅਨਾਜ ਮੰਡੀ ਰੂਪਨਗਰ 'ਚ ਖਰੀਜ ਏਜੰਸੀਆਂ ਵੱਲੋਂ ਖਰੀਦੀਆਂ ਹੋਈਆਂ ਕਣਕ ਦੀਆਂ ਬੋਰੀਆਂ ਭਿੱਜ ਜਾਣ ਕਾਰਨ ਕੰਮਕਾਜ ਪ੍ਰਭਾਵਿਤ ਹੋਇਆ। ਅੱਜ ਜਦੋਂ 'ਜਗ ਬਾਣੀ' ਦੀ ਟੀਮ ਨੇ ਸਥਾਨਕ ਅਨਾਜ ਮੰਡੀ ਦਾ ਦੌਰਾ ਕੀਤਾ ਤਾਂ ਇਥੇ ਮੌਜੂਦ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮਹਿੰਦਰਪਾਲ ਨੇ ਦੱਸਿਆ ਕਿ ਹੁਣ ਗਿੱਲੇ ਹੋਏ ਕੱਟੇ ਧੁੱਪ ਨਿਕਲਣ 'ਤੇ ਸੁਕਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮੰਡੀ 'ਚ ਫੜ੍ਹ ਵੀ ਪੱਧਰਾ ਨਾ ਹੋਣ ਕਾਰਨ ਮੀਂਹ ਦਾ ਪਾਣੀ ਖੜ੍ਹਾ ਰਹਿਣ ਨਾਲ ਕਣਕ ਹੋਵੇ ਜਾਂ ਝੋਨਾ ਗਿੱਲੇ ਹੋ ਜਾਂਦੇ ਹਨ। ਜਲਦੀ ਲਿਫਟਿੰਗ ਨਾ ਹੋਣ ਕਾਰਨ ਵੀ ਅਜਿਹੇ ਹਾਲਾਤ ਦੇਖਣ 'ਚ ਆਉਂਦੇ ਹਨ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਫੜ੍ਹ ਸਾਰੇ ਆੜ੍ਹਤੀਆਂ ਨੂੰ ਉਨ੍ਹਾਂ ਦੀ ਖਰੀਦ 'ਤੇ ਅਲਾਟ ਕਰਨਾ ਚਾਹੀਦਾ ਹੈ ਕਿਉਂਕਿ ਕਈ ਆੜ੍ਹਤੀਆਂ ਦੇ ਕੋਲ 5 ਹਜ਼ਾਰ ਗੱਟੇ ਦੀ ਖਰੀਦ ਹੋਣੀ ਹੁੰਦੀ ਹੈ ਅਤੇ ਉਹ 50 ਹਜ਼ਾਰ ਗੱਟੇ ਦੀ ਜਗ੍ਹਾ 'ਤੇ ਨਿਸ਼ਾਨ ਲਾ ਦਿੰਦੇ ਹਨ, ਜੋ ਨਹੀਂ ਹੋਣਾ ਚਾਹੀਦਾ। ਇਸ ਮੌਕੇ ਆੜ੍ਹਤੀਆਂ ਨੇ ਦੱਸਿਆ ਕਿ ਹਾਲੇ ਤੱਕ ਸਰਕਾਰ ਵੱਲੋਂ ਉਨ੍ਹਾਂ ਦੇ ਖਾਤੇ 'ਚ ਪੇਮੈਂਟ ਨਹੀਂ ਪਹੁੰਚੀ, ਜਿਸ ਕਾਰਨ ਕਿਸਾਨਾਂ ਨੂੰ ਕਣਕ ਦੇ ਪੈਸੇ ਨਹੀਂ ਦਿੱਤੇ ਜਾ ਸਕੇ।
ਕੇ.ਸੀ. ਸਕੂਲ ਦੇ 7 ਵਿਦਿਆਰਥੀਆਂ ਨੇ ਹਾਸਲ ਕੀਤੇ ਗੋਲਡ ਮੈਡਲ
NEXT STORY