ਚੰਡੀਗੜ੍ਹ (ਬਿਊਰੋ) – ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਅੱਜ 43ਵਾਂ ਦਿਨ ਹੈ। ਉੱਥੇ ਹੀ ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ ਹੋ ਗਿਆ ਹੈ। ਕਿਸਾਨਾਂ ਨੇ ਆਪਣੇ ਨਾਲ ਖਾਣੇ ਤੋਂ ਲੈ ਕੇ ਤਿਰਪਾਲ, ਦਵਾਈ ਆਦਿ ਸਭ ਕੁਝ ਰੱਖਿਆ ਹੈ ਤਾਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਉਥੇ ਹੀ ਇਨ੍ਹਾਂ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨਾਲ ਪੰਜਾਬੀ ਕਲਾਕਾਰ ਭਾਈਚਾਰਾ ਦਿੱਲੀ ਦੀਆਂ ਬਰੂਹਾਂ 'ਤੇ ਡਟਿਆ ਹੋਇਆ ਹੈ। ਕਈ ਕਲਾਕਾਰ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦੇ ਹੌਂਸਲੇ ਨੂੰ ਬੁਲੰਦ ਕਰ ਰਹੇ ਹਨ। ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ ਹੋਣ 'ਤੇ ਪੰਜਾਬੀ ਕਲਾਕਾਰ ਪੋਸਟਾਂ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾ ਰਹੇ ਹਨ। ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਰੈਕਟਰ ਮਾਰਚ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਖੇਤੀ ਸਾਡੀ ਮਾਂ, ਖੇਤੀ ਸਾਡੀ ਪੱਗ ਓਏ।'
ਉਥੇ ਹੀ ਗਾਇਕ ਜੈਜ਼ੀ ਬੀ ਨੇ ਇਕ ਪੋਸਟਰ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ, 'ਖੇਤੀ ਕਾਨੂੰਨ ਵਾਪਸ ਨਾ ਲਏ ਗਏ ਤਾਂ ਦੁਨੀਆ ਪਹਿਲੀ ਵਾਰ ਗਣਤੰਤਰ ਦਿਵਸ ਦੀ ਪਰੇਡ ਲੱਖਾਂ ਕਿਸਾਨਾਂ ਵਲੋਂ ਟਰੈਕਟਰਾਂ 'ਤੇ ਹੁੰਦੀ ਵੇਖੇਗੀ।'
ਉਥੇ ਹੀ ਗਾਇਕ ਅਰਮਾਨ ਬੇਦਿਲ ਨੇ ਵੀ ਟਵੀਟ ਕਰਕੇ ਕਿਸਾਨ ਟਰੈਕਟਰ ਮਾਰਚ ਦਾ ਹੌਂਸਲਾ ਬੁਲੰਦ ਕੀਤਾ ਹੈ। ਨਾਲ ਹੀ ਵਾਹਿਗੁਰੂ ਅੱਗੇ ਕਿਸਾਨਾਂ ਦੀ ਜਿੱਤ ਦੀ ਅਰਦਾਸ ਕੀਤੀ ਹੈ।'
7ਵੇਂ ਦੌਰ ਦੀ ਬੈਠਕ ਰਹੀ ਬੇਸਿੱਟਾ
4 ਜਨਵਰੀ ਨੂੰ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ 'ਚ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਮੰਤਰੀਆਂ ਵਿਚਾਲੇ ਚੱਲੀ ਬੈਠਕ ਬੇਨਤੀਜਾ ਖ਼ਤਮ ਹੋਈ। ਕੇਂਦਰ ਸਰਕਾਰ ਅਤੇ ਕਿਸਾਨ ਵਿਚਕਾਰ 7ਵੇਂ ਦੌਰ ਦੀ ਬੈਠਕ ਹੋਈ ਸੀ। ਇਸ ਦੌਰਾਨ ਵੱਡੀ ਖ਼ਬਰ ਇਹ ਸਾਹਮਣੇ ਆਈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਹਰ ਮਸਲੇ 'ਤੇ ਵਿਚਾਰ-ਚਰਚਾ ਕਰਨ ਲਈ ਤਿਆਰ ਹੈ ਪਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਮੂਲੋਂ ਰੱਦ ਕਰਨ ਲਈ ਤਿਆਰ ਨਹੀਂ ਹੈ। ਕੇਂਦਰ ਸਰਕਾਰ ਨੇ ਆਪਣਾ ਪੱਖ ਸਪੱਸ਼ਟ ਤੌਰ 'ਤੇ ਜ਼ਾਹਰ ਕਰਦਿਆਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਕਿਸੇ ਵੀ ਕੀਮਤ 'ਤੇ ਰੱਦ ਨਹੀਂ ਹੋਣਗੇ। ਕਿਸਾਨ ਚਾਹੁਣ ਤਾਂ ਐੱਮ. ਐੱਸ. ਪੀ. ਦੇ ਮੁੱਦੇ 'ਤੇ ਗਰੰਟੀ ਕਾਨੂੰਨ ਨੂੰ ਲੈ ਕੇ ਸਹਿਮਤੀ ਬਣਾਈ ਜਾ ਸਕਦੀ ਹੈ।
ਇਸ ਦੌਰਾਨ ਕਿਸਾਨ ਜਥੇਬੰਦੀਆਂ ਦੀ ਆਪਣੇ ਪੱਖ 'ਤੇ ਅੜੀਆਂ ਰਹੀਆਂ ਅਤੇ ਬੈਠਕ ਤੋਂ ਅਸੰਤੁਸ਼ਟ ਜਾਪੀਆਂ। ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ 'ਤੇ ਅੜੇ ਹਨ। ਫ਼ਿਲਹਾਲ ਬੀਤੇ ਦਿਨ ਦੀ ਬੈਠਕ 'ਚ ਕਿਸੇ ਵੀ ਮੁੱਦੇ 'ਤੇ ਸਹਿਮਤੀ ਹੁੰਦੀ ਨਜ਼ਰ ਨਹੀਂ ਆਈ।
8 ਜਨਵਰੀ ਨੂੰ ਹੋਵੇਗੀ ਅਗਲੀ ਬੈਠਕ
ਦੱਸਣਯੋਗ ਹੈ ਕਿ ਅਗਲੀ ਬੈਠਕ 8 ਜਨਵਰੀ 2021 ਨੂੰ ਦੁਪਹਿਰ 2 ਵਜੇ ਹੋਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਅੱਗੇ ਕੀ ਫ਼ੈਸਲਾ ਲੈਂਦੀਆਂ ਹਨ। ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ 30 ਦਸੰਬਰ 2020 ਨੂੰ 6ਵੇਂ ਦੌਰ ਦੀ ਬੈਠਕ ਹੋਈ ਸੀ, ਜਿਸ 'ਚ ਪਰਾਲੀ ਦੇ ਮੁੱਦੇ ਅਤੇ ਬਿਜਲੀ ਸੋਧ ਬਿੱਲ ਨੂੰ ਲੈ ਕੇ ਸਹਿਮਤੀ ਬਣੀ ਸੀ। ਅੱਜ ਦੀ ਬੈਠਕ 'ਚ ਉਮੀਦਾਂ ਤਾਂ ਇਹ ਲਾਈਆਂ ਜਾ ਰਹੀਆਂ ਸਨ ਕਿ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਪਰ 7ਵੇਂ ਦੌਰ ਦੀ ਗੱਲਬਾਤ ਵੀ ਫੇਲ੍ਹ ਰਹੀ। 7ਦੌਰ ਦੀ ਗੱਲਬਾਤ 'ਚ ਕੋਈ ਸਿੱਟਾ ਨਾ ਨਿਕਲਣ 'ਤੇ ਹੁਣ ਕਿਸਾਨ ਜਥੇਬੰਦੀਆਂ ਆਪਣਾ ਅੰਦੋਲਨ ਹੋਰ ਤੇਜ਼ ਕਰਨਗੀਆਂ। ਇਸ ਬਾਅਦ ਕਿਸਾਨ ਆਗੂਆਂ ਵਲੋਂ ਪਹਿਲਾਂ ਹੀ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਜਾ ਚੁੱਕਾ ਹੈ।
ਕਿਸਾਨ ਹੁਣ ਆਪਣਾ ਅੰਦੋਲਨ ਕਰਨਗੇ ਤਿੱਖਾ—
7 ਜਨਵਰੀ ਨੂੰ ਕਿਸਾਨਾਂ ਵਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ।
13 ਜਨਵਰੀ ਨੂੰ ਦੇਸ਼ ਭਰ 'ਚ 'ਕਿਸਾਨ ਸੰਕਲਪ ਦਿਵਸ' ਮਨਾਇਆ ਜਾਵੇਗਾ।
18 ਜਨਵਰੀ ਨੂੰ 'ਮਹਿਲਾ ਕਿਸਾਨ ਦਿਵਸ' ਮਨਾਇਆ ਜਾਵੇਗਾ।
23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਤੱਕ ਮਾਰਚ ਕੀਤਾ ਜਾਵੇਗਾ।
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰਾਂ 'ਤੇ ਤਿੰਰਗਾ ਲਾ ਕੇ 'ਟਰੈਕਟਰ-ਟਰਾਲੀ ਪਰੇਡ' ਕੱਢਣਗੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਕਿਸਾਨ ਅੰਦੋਲਨ ’ਚ ਰਾਜ ਸਰਕਾਰ ਦੀ ਜਗ੍ਹਾ NGO ਅਤੇ SGPC ਨਿਭਾ ਰਹੀ ਹੈ ਆਪਣੇ ਕਰਤੱਵ: ਸੁਖਬੀਰ ਬਾਦਲ
NEXT STORY