ਤਪਾ ਮੰਡੀ (ਸ਼ਾਮ,ਗਰਗ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ ਜੇਲ੍ਹ ਵਿਚ ਬੰਦ ਦੋ ਕਿਸਾਨ ਆਗੂਆਂ ਦੀ ਰਿਹਾਈ ਲਈ ਡੀ.ਸੀ. ਦਫ਼ਤਰ ਬਠਿੰਡਾ ਅੱਗੇ ਪੱਕਾ ਧਰਨਾ ਦੇਣ ਦੇ ਐਲਾਨ ਮਗਰੋਂ ਅੱਜ ਬਰਨਾਲਾ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ ਸਵੇਰੇ ਤੋਂ ਹੀ ਤਣਾਅਪੂਰਨ ਹਾਲਾਤ ਬਣੇ ਰਹੇ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਅੱਜ ਸਵੇਰੇ ਲਗਭਗ ਤਿੰਨ ਵਜੇ ਹੀ ਕਈ ਕਿਸਾਨ ਆਗੂਆਂ ਦੇ ਘਰਾਂ ‘ਚ ਛਾਪੇ ਮਾਰੇ ਗਏ। ਕੁਝ ਆਗੂਆਂ ਨੂੰ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ, ਜਦਕਿ ਕਈਆਂ ਨੂੰ ਗ੍ਰਿਫ਼ਤਾਰ ਕਰਕੇ ਅਣਪਛਾਤੇ ਥਾਵਾਂ ‘ਤੇ ਲਿਜਾਇਆ ਗਿਆ। ਜਥੇਬੰਦੀ ਵੱਲੋਂ ਇਸ ਕਾਰਵਾਈ ਨੂੰ ਲੋਕਤੰਤਰਿਕ ਅਧਿਕਾਰਾਂ ‘ਤੇ ਹਮਲਾ ਕਰਾਰ ਦਿੱਤਾ ਗਿਆ।
ਇਸ ਦੇ ਬਾਵਜੂਦ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਅਗਵਾਈ ਹੇਠ ਰੂਪ ਸਿੰਘ ਛੰਨਾ,ਭਗਤ ਸਿੰਘ ਛੰਨਾ,ਬਲੋਰ ਸਿੰਘ ਛੰਨਾ,ਜਰਨੈਲ ਬਦਰਾ, ਕ੍ਰਿਸ਼ਨ ਸਿੰਘ ਛੰਨਾ,ਜਗਦੇਵ ਸਿੰਘ ਔਜਲਾ,ਕਮਲਜੀਤ ਕੋਰ ਬਰਨਾਲਾ,ਬਿੰਦਰ ਪਾਲ ਕੋਰ ਭਦੋੜ,ਸੰਦੀਪ ਕੋਰ,ਸੁਖਦੀਪ ਕੌਰ ਧਨੋਲਾ ਆਦਿ ਵੱਡੀ ਗਿਣਤੀ ਵਿਚ ਕਿਸਾਨ ਬਰਨਾਲਾ ਤੋਂ ਬਠਿੰਡਾ ਵੱਲ ਰਵਾਨਾ ਹੋਏ। ਕਿਸਾਨਾਂ ਦੇ ਕਾਫ਼ਲੇ ਨੂੰ ਰੋਕਣ ਲਈ ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਬਣੇ ਹਾਈਟੈਕ ਨਾਕੇ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਜ਼ਿਲ੍ਹਾ ਪੁਲਸ ਮੁਖੀ ਮੁਹੰਮਦ ਸਰਫਰਾਜ਼ ਆਲਮ ਦੀ ਅਗਵਾਈ ਹੇਠ ਭਾਰੀ ਪੁਲਸ ਬਲ, ਬੈਰੀਕੇਡਿੰਗ ਅਤੇ ਹੋਰ ਸਾਜੋ-ਸਾਮਾਨ ਤਾਇਨਾਤ ਕੀਤਾ ਗਿਆ।
ਜਦ ਕਿਸਾਨਾਂ ਦਾ ਕਾਫਲਾ ਪੁੱਜਾ ਤਾਂ ਜਦੋਂ ਕਿਸਾਨ ਅਗੂਆਂ ਨੂੰ ਅੱਗੇ ਵਧਣ ਦੀ ਇਜਾਜ਼ਤ ਨਾ ਮਿਲੀ ਤਾਂ ਮਾਹੌਲ ਤਣਾਅਪੂਰਨ ਹੋ ਗਿਆ। ਦੋਹਾਂ ਪਾਸਿਆਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਜੋ ਜਲਦ ਹੀ ਝੜੱਪ ਵਿੱਚ ਤਬਦੀਲ ਹੋ ਗਈ। ਇਸ ਦੌਰਾਨ ਕੁਝ ਕਿਸਾਨ ਅਗੂਆਂ ਨੇ ਪੁਲਿਸ ਦਾ ਨਾਕਾ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਨਾਕਾਬੰਦੀ ਹਟਾਉਣ ਦੌਰਾਨ ਦੋਹਾਂ ਪਾਸਿਆਂ ਤੋਂ ਧੱਕਾਮੁੱਕੀ ਹੋਈ ਅਤੇ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਦਿਖਾਈ ਦਿੱਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਈ ਕਿਸਾਨਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਕਈ ਹੋਰ ਅਗੂ ਅਤੇ ਕਿਸਾਨ ਨਾਕਾ ਪਾਰ ਕਰਕੇ ਅੱਗੇ ਵਧਣ ਵਿੱਚ ਕਾਮਯਾਬ ਰਹੇ। ਪ੍ਰਾਪਤ ਜਾਣਕਾਰੀ ਮੁਤਾਬਕ 100 ਤੋਂ ਵੱਧ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਹਾਲਾਂਕਿ ਇਸ ਸੰਬੰਧੀ ਅਧਿਕਾਰਿਕ ਪੁਸ਼ਟੀ ਨਹੀਂ ਹੋ ਸਕੀ।
ਮੌਕੇ ‘ਤੇ ਐੱਸ.ਪੀ. ਅਸ਼ੋਕ ਸ਼ਰਮਾ, ਡੀਐਸਪੀ ਗੁਰਪ੍ਰੀਤ ਸਿੰਘ ਸਿੱਧੂ (ਤਪਾ), ਡੀਐਸਪੀ ਬਲਜੀਤ ਸਿੰਘ ਢਿੱਲੋ, ਡੀਐਸਪੀ ਕੁਲਵੰਤ ਸਿੰਘ,ਡੀ.ਐਸ.ਪੀ ਮਹਿਲਕਲਾਂ ਜਸਪਾਲ ਸਿੰਘ, ਇੰਸਪੈਕਟਰ ਬਲਜੀਤ ਸਿੰਘ (ਸੀਆਈਏ), ਥਾਣਾ ਮੁਖੀ ਸ਼ਰੀਫ ਖਾਨ, ਇੰਸਪੈਕਟਰ ਜਗਜੀਤ ਘਮਾਨ, ਸਬ ਇੰਸਪੈਕਟਰ ਰੇਨੂ ਪਰੋਚਾ ਅਤੇ ਥਾਣਾ ਮੁਖੀ ਬਲਵਿੰਦਰ ਸਿੰਘ (ਰੂੜੇਕੇ ਕਲਾਂ) ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਰਿਹਾ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੰਗ ਬੰਦ ਆਗੂਆਂ ਦੀ ਰਿਹਾਈ ਅਤੇ ਲੋਕਤੰਤਰਿਕ ਅਧਿਕਾਰਾਂ ਦੀ ਰੱਖਿਆ ਨਾਲ ਸੰਬੰਧਿਤ ਹੈ ਅਤੇ ਉਹ ਸ਼ਾਂਤਮਈ ਢੰਗ ਨਾਲ ਧਰਨਾ ਦੇਣਾ ਚਾਹੁੰਦੇ ਸਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਬੇਵਜਹਾ ਦਬਾਅ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨ-ਵਿਵਸਥਾ ਕਾਇਮ ਰੱਖਣ ਅਤੇ ਕਿਸੇ ਅਣਚਾਹੀ ਘਟਨਾ ਤੋਂ ਬਚਾਅ ਲਈ ਇਹ ਕਦਮ ਚੁੱਕੇ ਗਏ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਬਣਿਆ ਰਿਹਾ ਅਤੇ ਮੁੱਖ ਮਾਰਗ ‘ਤੇ ਆਵਾਜਾਈ ਕੁਝ ਸਮੇਂ ਲਈ ਪ੍ਰਭਾਵਿਤ ਰਹੀ। ਹਾਲਾਤਾਂ ‘ਤੇ ਪ੍ਰਸ਼ਾਸਨ ਦੀ ਨਿਗਰਾਨੀ ਜਾਰੀ ਹੈ। ਖ਼ਬਰ ਲਿਖੇ ਜਾਣ ਤਕ ਇਹ ਵੀ ਪਤਾ ਲੱਗਾ ਹੈ ਕਿ ਕਿਸਾਨਾਂ ਨੇ ਮੁੜ ਪੱਕਾ ਧਰਨਾ ਹਾਈਵੇ ਤੇ ਲਗਾਕੇ ਮੰਗ ਕਰ ਰਹੇ ਸਨ ਕਿ ਗਿ੍ਰਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ,ਅਗਰ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ। ਪੁਲਸ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਕਿਸਾਨਾਂ ਨਾਲ ਕਿਸੇ ਤਰ੍ਹਾਂ ਦੀ ਵੀ ਝੜੱਪ ਨਹੀਂ ਕੀਤੀ ਗਈ ਹੈ ਅਤੇ ਧਰਨਾ ਜਾਰੀ ਸੀ।
ਪੰਜਾਬ : ਸਮਾਰਟ ਮੀਟਰਾਂ ਨੂੰ ਲੈ ਕੇ ਅਹਿਮ ਖ਼ਬਰ, ਹੋ ਗਿਆ ਵੱਡਾ ਐਲਾਨ
NEXT STORY