ਖੇਮਕਰਨ, (ਗੁਰਮੇਲ, ਅਵਤਾਰ, ਸੋਨੀਆ)- ਹਿੰਦ-ਪਾਕਿ ਸਰਹੱਦ 'ਤੇ ਵਸੇ ਆਖਰੀ ਸ਼ਹਿਰ ਖੇਮਕਰਨ ਤੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਗਰਿੱਫ ਦਫਤਰ ਖੇਮਕਰਨ ਮੂਹਰੇ ਧਰਨਾ ਲਾ ਕੇ ਗਰਿੱਫ ਮਹਿਕਮੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਰੋਸ ਪ੍ਰਗਟ ਕੀਤਾ।
ਇਸ ਸਬੰਧੀ ਪੰਜਾਬ ਬਾਰਡਰ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੇ ਦੱਸਿਆ ਕਿ ਸ਼ਹਿਰ ਖੇਮਕਰਨ ਦੇ ਬਾਹਰਵਾਰ ਡਿਫੈਂਸ ਡਰੇਨ 'ਤੇ ਪੁਲ ਇਕ ਟਿੱਪਰ ਲੰਘਾਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਕਾਰਨ ਪੁਲ ਵੀ ਢਹਿ-ਢੇਰੀ ਹੋ ਗਿਆ ਹੈ। ਗਰਿੱਫ ਮਹਿਕਮੇ ਨੇ 15 ਦਿਨਾਂ 'ਚ ਇਸ ਪੁਲ ਨੂੰ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਵਫਾ ਹੁੰਦਾ ਨਜ਼ਰ ਨਹੀਂ ਆ ਰਿਹਾ, ਜਿਸ ਕਾਰਨ ਸੈਂਕੜੇ ਕਿਸਾਨਾਂ ਨੇ ਗਰਿੱਫ ਮਹਿਕਮੇ ਖਿਲਾਫ ਧਰਨਾ ਲਾਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਪੁਲ ਦੇ ਪਾਰ 100 ਦੇ ਕਰੀਬ ਕਿਸਾਨਾਂ ਦੀ ਜ਼ਮੀਨ ਪੈਂਦੀ ਹੈ ਅਤੇ ਹਰ ਰੋਜ਼ ਕਿਸਾਨ ਇਸੇ ਪੁਲ ਰਾਹੀਂ ਪਸ਼ੂਆਂ ਦਾ ਚਾਰਾ ਲੈ ਕੇ ਆਉਂਦੇ ਹਨ ਪਰ ਪੁਲ ਢਹਿਣ ਮਗਰੋਂ ਕਿਸਾਨਾਂ ਨੂੰ ਕਲਸ ਪੁਲ ਰਾਹੀਂ 6 ਕਿਲੋਮੀਟਰ ਦਾ ਫਾਸਲਾ ਤੈਅ ਕਰ ਕੇ ਆਉਣਾ ਪੈ ਰਿਹਾ ਹੈ।
ਇਹ ਧਰਨਾ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਾ ਰਿਹਾ। ਸਥਿਤੀ ਨਾਜ਼ੁਕ ਹੁੰਦੀ ਵੇਖ ਕੇ 9 ਬ੍ਰਿਗੇਡ ਆਰਮੀ ਕਪੂਰਥਲਾ ਯੂਨਿਟ 9 ਦੇ ਇੰਚਾਰਜ ਅਨੁਭਵ ਸ਼ਰਮਾ ਮੌਕੇ 'ਤੇ ਪਹੁੰਚੇ ਤੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਵੇਰੇ ਹੀ ਜਾਇਜ਼ਾ ਲੈ ਕੇ ਪੁਲ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਜਾਵੇਗੀ। ਇਸ ਮੌਕੇ ਹਰਜਿੰਦਰ ਸਿੰਘ ਭੰਬਾ, ਪ੍ਰਗਟ ਸਿੰਘ ਪੱਤੂ, ਸਤਨਾਮ ਸਿੰਘ, ਕਿੱਕਰ ਸਿੰਘ ਚੱਠੂ, ਦਿਲਬਾਗ ਰਾਏ, ਤਾਰਾ ਸਿੰਘ, ਸੇਵਕ ਸਿੰਘ, ਹਨੀ ਪੱਤੂ, ਗੁਰਜੰਟ ਸਿੰਘ, ਬਲਜੀਤ ਸਿੰਘ ਖਹਿਰਾ, ਨਛੱਤਰ ਸਿੰਘ ਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ।
ਡਾ. ਜਸਪ੍ਰੀਤ ਕੌਰ ਨੈਸ਼ਨਲ ਵੂਮੈਨ ਐਕਸੀਲੈਂਸ ਐਵਾਰਡ ਨਾਲ ਸਨਮਾਨਤ
NEXT STORY