ਚੰਡੀਗੜ੍ਹ (ਅੰਕੁਰ): ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਸਤ ਕਾਰਨ ਬੱਚਿਆਂ ਦੀਆਂ ਮੌਤਾਂ ਨੂੰ ਰੋਕਣ ਲਈ ਦਸਤ ਰੋਕੋ ਮੁਹਿੰਮ 2025 ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਬੱਚਿਆਂ ਦੇ ਬਚਾਅ ਲਈ ਘਰ-ਘਰ ਸਰਵੇਖਣ ਕਰਨ ਦੇ ਹੁਕਮ ਦਿੱਤੇ। ਇਹ ਮੁਹਿੰਮ ਲਗਾਤਾਰ ਦੋ ਮਹੀਨੇ ਜਾਰੀ ਰਹੇਗੀ। ਇਸ ਦੌਰਾਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਮੌਤ ਦਰ ਦੇ ਪ੍ਰਮੁੱਖ ਕਾਰਨ ਦਸਤਾਂ ਦੀ ਰੋਕਥਾਮ ’ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਜਾਗਰੂਕਤਾ ਪੋਸਟਰ ਵੀ ਜਾਰੀ ਕੀਤੇ।
ਇਹ ਖ਼ਬਰ ਵੀ ਪੜ੍ਹੋ - ਫੌਜਾ ਸਿੰਘ ਦੇ ਮਾਮਲੇ 'ਚ ਨਵਾਂ ਮੋੜ! ਕੈਨੇਡਾ ਤੋਂ ਆਇਆ NRI ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਦਸਤ ਬੱਚਿਆਂ ’ਚ ਮੌਤਾਂ ਦਾ ਇਕ ਵੱਡਾ ਕਾਰਨ ਹੈ, ਜੋ ਕਿ ਬਹੁਤ ਹੀ ਗੰਭੀਰ ਪਰ ਰੋਕਥਾਮਯੋਗ ਬਿਮਾਰੀ ਹੈ। ਇਹ ਮੁਹਿੰਮ ਜਾਗਰੂਕਤਾ, ਰੋਕਥਾਮ ਤੇ ਸਮੇਂ ਸਿਰ ਇਲਾਜ ਰਾਹੀਂ ਹਰ ਬੱਚੇ ਦੀ ਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਉੱਚ-ਜੋਖਮ ਵਾਲੇ ਮਾਨਸੂਨ ਦੇ ਮਹੀਨਿਆਂ ’ਤੇ ਧਿਆਨ ਕੇਂਦਰਤ ਕਰਦਿਆਂ ਇਕ ਰੋਕਥਾਮ-ਬਚਾਅ-ਇਲਾਜ (ਪੀ.ਪੀ.ਟੀ.) ਰਣਨੀਤੀ ਅਪਣਾਵੇਗਾ। ਸਰਕਾਰ ਆਸ਼ਾ ਵਰਕਰਾਂ ਦੀ ਮਦਦ ਨਾਲ ਘਰ-ਘਰ ਓ.ਆਰ.ਐੱਸ.-ਜ਼ਿੰਕ ਕਿੱਟ ਦੀ ਵੰਡ ਯਕੀਨੀ ਬਣਾਵੇਗੀ। ਇਸ ਤੋਂ ਇਲਾਵਾ ਸਾਰੀਆਂ ਸਿਹਤ ਸੰਸਥਾਵਾਂ ਤੇ ਆਂਗਣਵਾੜੀ ਕੇਂਦਰਾਂ ’ਚ ਓ.ਆਰ. ਐੱਸ-ਜ਼ਿੰਕ ਕਾਰਨਰ ਸਥਾਪਤ ਕੀਤੇ ਜਾਣਗੇ ਤੇ ਦਸਤ ਦੇ ਮਾਮਲਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਲਈ ਸਿਹਤ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਦੀ ਇਲਾਜ ਦੀ ਅਣਹੋਂਦ ਕਰਕੇ ਜਾਨ ਨਹੀਂ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਸਿਹਤ ਸਹੂਲਤ ’ਤੇ ਓ.ਆਰ.ਐੱਸ., ਜ਼ਿੰਕ, ਆਈ.ਵੀ. ਤਰਲ ਪਦਾਰਥ ਤੇ ਐਂਟੀਬਾਇਓਟਿਕਸ ਮੁਹੱਈਆ ਹੋਣ।
ਉਨ੍ਹਾਂ ਕਿਹਾ ਕਿ ਹੱਥ ਧੋਣ, ਸੁਰੱਖਿਅਤ ਪੀਣ ਵਾਲੇ ਪਾਣੀ, ਦੁੱਧ ਚੁੰਘਾਉਣ, ਸੈਨੀਟੇਸ਼ਨ ਤੇ ਟੀਕਾਕਰਨ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਦਸਤ ਇਕ ਰੋਕਥਾਮਯੋਗ ਬਿਮਾਰੀ ਹੈ ਤੇ ਹੱਥਾਂ ਦੀ ਸਫ਼ਾਈ, ਸਾਫ਼ ਪਾਣੀ ਤੇ ਸਮੇਂ ਸਿਰ ਦੇਖਭਾਲ ਨਾਲ ਕੀਮਤੀ ਜਾਨਾਂ ਬਚ ਸਕਦੀਆਂ ਹਨ। ਉਨ੍ਹਾਂ ਨੇ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਪੰਚਾਇਤੀ ਰਾਜ ਦੇ ਮੈਂਬਰਾਂ, ਸਵੈ-ਸਹਾਇਤਾ ਸਮੂਹਾਂ, ਅਧਿਆਪਕਾਂ ਤੇ ਮਾਪਿਆਂ ਦਾ ਸਹਿਯੋਗ ਮੰਗਿਆ।
ਇਹ ਖ਼ਬਰ ਵੀ ਪੜ੍ਹੋ - ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ List
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਸਤ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਲਈ ਸਿੱਖਿਆ, ਮਹਿਲਾ ਤੇ ਬਾਲ ਵਿਕਾਸ, ਜਲ ਤੇ ਸੈਨੀਟੇਸ਼ਨ ਅਤੇ ਪੇਂਡੂ ਵਿਕਾਸ ਵਿਭਾਗਾਂ ਨਾਲ ਅੰਤਰ-ਵਿਭਾਗੀ ਸਹਿਯੋਗ ਨੂੰ ਉਤਸ਼ਾਹਿਤ ਕਰ ਰਿਹਾ ਹੈ। ਡਾ. ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਸਿਹਤ ਦਾ ਮੁੱਦਾ ਨਹੀਂ ਹੈ ਬਲਕਿ ਇਹ ਪੰਜਾਬ ਦੇ ਭਵਿੱਖ ਲਈ ਇੱਕ ਲੜਾਈ ਹੈ ਅਤੇ ਅਸੀਂ ਇਕੱਠੇ ਮਿਲ ਕੇ ਇਸ ਬਿਮਾਰੀ ਨੂੰ ਮਾਤ ਪਾਵਾਂਗੇ।
ਸਿਹਤ ਮੰਤਰੀ ਨੇ ਲੋਕਾਂ ਨੂੰ ਆਲੇ-ਦੁਆਲੇ ਨੂੰ ਸਾਫ਼ ਰੱਖਣ, ਸਾਫ਼ ਤੇ ਸੁਰੱਖਿਅਤ ਪਾਣੀ ਦੀ ਵਰਤੋਂ ਕਰਨ, ਦਸਤ ਦੇ ਲੱਛਣ ਦਿਸਣ ’ਤੇ ਜਲਦ ਇਲਾਜ ਲੈਣ ਦੀ ਅਪੀਲ ਕੀਤੀ, ਜਿਸ ’ਚ ਤੁਰੰਤ ਓ.ਆਰ.ਐੱਸ-ਜ਼ਿੰਕ ਤੇ ਡਾਕਟਰੀ ਸਹਾਇਤਾ ਲੈਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਦਸਤ ਦੌਰਾਨ ਹਾਈਡ੍ਰੇਸ਼ਨ ਲਈ ਤਰਲ ਪਦਾਰਥਾਂ ਜਿਵੇਂ ਨਿੰਬੂ ਪਾਣੀ (ਸ਼ਕੰਜਵੀ) ਆਦਿ ਦਾ ਸੇਵਨ ਜ਼ਰੂਰੀ ਹੈ।
ਇਸ ਦੌਰਾਨ ਮੋਹਾਲੀ ਦੀ ਸੰਸਥਾ ਪੀਡੂ (ਪਸ਼ੂ ਭਲਾਈ ਐੱਨ.ਜੀ.ਓ.) ਨਾਲ ਰਾਸ਼ਟਰੀ ਰੈਬੀਜ਼ ਕੰਟਰੋਲ ਪ੍ਰੋਗਰਾਮ ਅਧੀਨ ਇਕ ਸਮਝੌਤਾ ਪੱਤਰ (ਐੱਮ.ਓ.ਯੂ.) 'ਤੇ ਵੀ ਦਸਤਖ਼ਤ ਕੀਤੇ ਗਏ, ਜਿਸ ਤਹਿਤ 2030 ਤੱਕ ਰੈਬੀਜ਼ ਦੇ ਖਾਤਮੇ ਲਈ ਰਾਜ ਕਾਰਜ ਯੋਜਨਾ ਦੀ ਤਿਆਰੀ ਵਾਸਤੇ ਆਪਸੀ ਤਾਲਮੇਲ ਨਾਲ ਯਤਨ ਕਰਨਾ ਸ਼ਾਮਲ ਹੈ। ਇਸ ਪਹਿਲਕਦਮੀ ’ਚ ਵੱਖ-ਵੱਖ ਹਿੱਸੇਦਾਰਾਂ ਦੀ ਸ਼ਮੂਲੀਅਤ, ਸਿਹਤ ਸਟਾਫ ਦੀ ਸਿਖਲਾਈ ਤੇ ਮੋਹਾਲੀ ਜ਼ਿਲ੍ਹੇ ’ਚ ਐਂਟੀ-ਰੈਬੀਜ਼ ਕਲੀਨਿਕਾਂ, ਜਿਨ੍ਹਾਂ ਦੀ ਗਿਣਤੀ ਭਵਿੱਖ ’ਚ ਵਧਾਈ ਜਾ ਸਕਦੀ ਹੈ, ’ਚ ਸਲਾਹ-ਮਸ਼ਵਰਾ ਸੈਸ਼ਨ ਕਰਵਾਉਣਾ ਸ਼ਾਮਲ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਵਾਹਨ ਚਾਲਕ ਸਾਵਧਾਨ! ਇਨ੍ਹਾਂ ਥਾਵਾਂ 'ਤੇ ਲੱਗ ਗਏ ਵਿਸ਼ੇਸ਼ ਨਾਕੇ, ਮੌਕੇ 'ਤੇ ਜ਼ਬਤ ਕੀਤੇ ਜਾ ਰਹੇ ਵਾਹਨ
ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਜਸਮਿੰਦਰ, ਡਾਇਰੈਕਟਰ ਐੱਨ.ਐੱਚ.ਐੱਮ. ਡਾ. ਬਲਵਿੰਦਰ ਕੌਰ, ਸਲਾਹਕਾਰ ਜੇ.ਐੱਸ.ਐੱਸ.ਕੇ. ਡਾ. ਮੀਨੂ ਲਖਨਪਾਲ, ਐੱਸ.ਪੀ.ਓ. ਐੱਮ.ਸੀ.ਐੱਚ. ਡਾ. ਹਰਪ੍ਰੀਤ ਕੌਰ, ਐੱਸ.ਪੀ.ਓ. ਐੱਨ.ਆਰ.ਸੀ.ਪੀ. ਡਾ. ਅਰਸ਼ਦੀਪ ਕੌਰ, ਐੱਮ.ਓ. ਐੱਮ.ਸੀ.ਐੱਚ. ਡਾ. ਹਰਸਿਮਰਤ ਕੌਰ, ਏ.ਪੀ.ਓ. ਐੱਮ.ਸੀ.ਐੱਚ. ਡਾ. ਦੀਕਸ਼ਾ ਸ਼ਰਮਾ ਤੇ ਐੱਸ.ਏ. ਐੱਮ.ਸੀ.ਐੱਚ ਵਰੁਣ ਗੁਪਤਾ ਵੀ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫੌਜਾ ਸਿੰਘ ਦੇ ਮਾਮਲੇ 'ਚ ਨਵਾਂ ਮੋੜ! ਕੈਨੇਡਾ ਤੋਂ ਆਇਆ NRI ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰ
NEXT STORY