ਪਟਿਆਲਾ (ਜੋਸਨ) : ‘ਖੇਤੀ ਸੁਧਾਰ ਕਾਨੂੰਨਾਂ’ ਖ਼ਿਲਾਫ਼ ਕਿਸਾਨਾਂ ਦਾ ਧਰਨਾ ਹੁਣ ਵੱਡੀਆਂ ਕੰਪਨੀਆਂ ਨੂੰ ਵੀ ਨੁਕਸਾਨ ਪਹੁੰਚਾਉਣ ਲੱਗਿਆ ਹੈ। ਕਿਸਾਨਾਂ ਨੇ ਪਟਿਆਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਧਰੋੜੀ ਜੱਟਾਂ ਟੋਲ-ਪਲਾਜ਼ਾ ਦਾ ਘਿਰਾਓ ਕਰ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਇਸ ਟੋਲ-ਪਲਾਜ਼ਾ ਨੂੰ ਅਣਮਿੱਥੇ ਸਮੇਂ ਲਈ ਘੇਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਇਨ੍ਹਾਂ ਧਰਨਾਕਾਰੀ ਕਿਸਾਨਾਂ ਨੇ ਰਾਹਗੀਰਾਂ ਦੀਆਂ ਗੱਡੀਆਂ ਨੂੰ ਬਿਨਾਂ ਟੋਲ ਪਰਚੀ ਕਟਵਾਏ ਦੂਜੇ ਰਸਤੇ ਤੋਂ ਕੱਢਿਆ।
ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ‘ਖੇਤੀ ਸੁਧਾਰ ਕਾਨੂੰਨਾਂ’ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਟੋਲ-ਪਲਾਜ਼ਾ ਤੋਂ ਰਾਹਗੀਰਾਂ ਦੀਆਂ ਗੱਡੀਆਂ ਨੂੰ ਬਿਨਾਂ ਪਰਚੀ ਕਟਵਾਏ ਜਾਣ ਦਿੱਤਾ ਜਾਵੇਗਾ। ਉੱਧਰ ਟੋਲ ਮੈਨੇਜਰ ਰਾਹੁਲ ਕੁਮਾਰ ਨੇ ਦੱਸਿਆ ਕਿ ਸਵੇਰੇ ਤੋਂ ਕਿਸਾਨਾਂ ਨੇ ਟੋਲ-ਪਲਾਜ਼ਾ ’ਤੇ ਧਰਨਾ ਲਾਇਆ ਹੋਇਆ ਹੈ। ਇਸ ਕਰ ਕੇ ਹਜ਼ਾਰਾਂ ਗੱਡੀਆਂ ਬਿਨਾਂ ਟੋਲ ਪਰਚੀ ਕਟਵਾਏ ਕਿਸਾਨਾਂ ਨੇ ਕੱਢ ਦਿੱਤੀਆਂ ਹਨ, ਜਿਸ ਕਰ ਕੇ ਟੋਲ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ।
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ‘ਖੇਤੀ ਸੁਧਾਰ ਕਾਨੂੰਨ’ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਮੌਤ ਦੇ ਵਾਰੰਟ ਹਨ। ਇਸ ਲਈ ਅਣਖੀਲੇ ਜੁਝਾਰੂ ਕਿਸਾਨ, ਮਜ਼ਦੂਰ ਤੇ ਸੰਘਰਸ਼ਸ਼ੀਲ ਲੋਕ ਲੰਬੇ ਸੰਘਰਸ਼ਾਂ ਰਾਹੀਂ ਕਾਨੂੰਨ ਰੱਦ ਕਰਨ ਲਈ ਸਰਕਾਰ ਨੂੰ ਮਜਬੂਰ ਕਰ ਦੇਣਗੇ।
ਰਾਹੁਲ ਦੇ ਟਰੈਕਟਰ ਮਾਰਚ 'ਚ ਸ਼ਾਮਲ ਹੋਣ ਲਈ ਮੋਗਾ ਪੁੱਜੇ ਨਵਜੋਤ ਸਿੰਘ ਸਿੱਧੂ
NEXT STORY