ਭਵਾਨੀਗੜ੍ਹ,(ਕਾਂਸਲ)- ਕੇਂਦਰ ਸਰਕਾਰ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਦਿੱਲੀ ਕੱਟੜਾ ਐਕਸਪ੍ਰੈਸ ਹਾਈਵੇ ਦੀ ਤਰ੍ਹਾਂ ਪੂਰੇ ਦੇਸ਼ ਸਮੇਤ ਪੰਜਾਬ ’ਚ ਵੱਖ-ਵੱਖ ਥਾਵਾਂ ਉਪਰ ਐਕਸਪ੍ਰੈਸ ਹਾਈਵੇਜ ਦੇ ਨਿਰਮਾਣ ਲਈ ਕਿਸਾਨਾਂ ਦੀਆਂ ਜਮੀਨਾਂ ਅਕਵਾਇਰ ਕੀਤੇ ਜਾਣ ਦੇ ਵਿਰੋਧ ’ਚ ਧਰਨੇ ਲਗਾਏ ਜਾ ਰਹੇ ਹਨ। ਅੱਜ ਤੀਜੇ ਦਿਨ ਵੀ ਭਾਰਤ ਮਾਲਾ ਪ੍ਰੋਜੈਕਟ ਸੰਘਰਸ਼ ਕਮੇਟੀ ਵੱਲੋਂ ਪਿੰਡ ਰੋਸ਼ਨਵਾਲਾ ਵਿਖੇ ਬਠਿੰਡਾ ਜੀਰਕਪੁਰ ਨੈਸ਼ਨਲ ਹਾਈਵੇ ਨੰਬਰ 7 ਉਪਰ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ, ਜਿਸ 'ਚ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸੰਘਰਸ਼ ਕਮੇਟੀ ਦੇ ਬਲਾਕ ਪ੍ਰਧਾਨ ਗੁਰਨੈਬ ਸਿੰਘ ਫੱਗੂਵਾਲਾ, ਮਾਸਟਰ ਕ੍ਰਿਪਾਲ ਸਿੰਘ ਕਪਿਆਲ ਅਤੇ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਨੇ ਕਿਹਾ ਕਿ ਕਿਸਾਨ ਆਪਣੀਆਂ ਕੀਮਤੀ ਜ਼ਮੀਨਾਂ ਨੂੰ ਕੌਡੀਆਂ ਦੇ ਭਾਅ ਦੇ ਦੇਣ ਲਈ ਕਿਸੇ ਵੀ ਕੀਮਤ ਉਪਰ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਉਦੋਂ ਹੀ ਸਰਕਾਰ ਅਤੇ ਕੰਪਨੀ ਨੂੰ ਆਪਣੀ ਜਮੀਨ ’ਚ ਪੈਰ ਰੱਖਣ ਦੇਣਗੇ ਜੇਕਰ ਸਰਕਾਰ ਕਿਸਾਨਾਂ ਨੂੰ ਐਨ.ਐਚ.7 ਦੀ ਤਰ੍ਹਾਂ ਮੁਆਵਜੇ ਦੀ ਰਾਸ਼ੀ ਦੇਣ ਦੇ ਨਾਲ ਨਾਲ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਸਾਰੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਨੂੰ ਰੱਦ ਕਰਨ ਸਮੇਤ ਕਿਸਾਨਾਂ ਦੀਆਂ ਬਾਕੀ ਸਾਰੀਆਂ ਸ਼ਰਤਾਂ ਨੂੰ ਮੰਨਦੀ ਹੈ। ਉਨ੍ਹਾਂ ਇਹ ਮੰਗ ਕੀਤੀ ਮੁਆਵਜੇ ਦੀ ਰਾਸ਼ੀ ਸਿੱਧੀ ਕਾਬਜ ਕਿਸਾਨਾਂ ਦੇ ਖਾਤੇ ’ਚ ਹੀ ਪਾਈ ਜਾਵੇ। ਇਸ ਮੌਕੇ ਅਨੋਖ ਸਿੰਘ ਰੋਸ਼ਨਵਾਲਾ, ਅਜੈਬ ਸਿੰਘ ਲਖ਼ੇਵਾਲ ਬਲਾਕ ਪ੍ਰਧਾਨ ਬੀ.ਕੇ.ਯੂ.ਏਕਤਾ ਉਗਰਾਹਾਂ, ਜਗਤਾਰ ਸਿੰਘ ਬਰਾਸ ਪਟਿਆਲਾ, ਸੁਖਵਿੰਦਰ ਸਿੰਘ ਬਲਿਆਲ, ਗੁਰਦੇਵ ਸਿੰਘ ਮੰਗਵਾਲ, ਹਰਦੇਵ ਸਿੰਘ ਕੁਲਾਰਾਂ, ਹਾਕਮ ਸਿੰਘ ਬਾਲਦ, ਗੁਰਦੇਵ ਸਿੰਘ ਝਨੇੜੀ, ਸੁਖਦੇਵ ਸਿੰਘ ਭਲਵਾਨ, ਰਛਪਾਲ ਸਿੰਘ ਸੰਤੋਖਪੁਰਾ, ਜਥੇਦਾਰ ਜੋਗਾ ਸਿੰਘ ਫੱਗੂਵਾਲਾ, ਅਮਰਜੀਤ ਸਿੰਘ ਕਪਿਆਲ, ਹਾਕਮ ਸਿੰਘ ਬਾਲਦ, ਕਰਮਜੀਤ ਸਿੰਘ ਢਿੱਲੋਂ, ਬੀਬੀ ਸੁਰਜੀਤ ਕੌਰ, ਦਰਸ਼ਨ ਸਿੰਘ ਲੱਡੀ, ਜਗਰੂਪ ਸਿੰਘ ਭਲਵਾਨ, ਕਰਨੈਲ ਸਿੰਘ ਮੰਗਵਾਲ ਤੋਂ ਭਾਰੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ।
ਇਸ ਸਬੰਧੀ ਡੀ.ਸੀ. ਸੰਗਰੂਰ ਰਾਮਵੀਰ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਕਿਸਾਨਾਂ ਦੀ ਹਰ ਪੱਧਰ ’ਤੇ ਮੱਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਅਤੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਕਿਸਾਨਾਂ ਨੂੰ ਜਮੀਨ ਦਾ ਮਿਲਣ ਵਾਲੀ ਮੁਆਵਜੇ ਦੀ ਰਾਸ਼ੀ ਵੀ ਹੁਣ ਦੁਗਣੀ ਕਰ ਦਿੱਤੀ ਹੈ ਅਤੇ ਕਿਸਾਨਾਂ ਦੀਆਂ ਬਾਕੀ ਮੰਗਾਂ ਉਪਰ ਵੀ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਲੋਕਾਂ ਦੀਆਂ ਤਕਲੀਫਾਂ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਸੰਘਰਸ਼ ਦਾ ਰਸਤਾ ਛੱਡ ਦੇਣ ਚਾਹੀਦਾ ਹੈ।
ਮੋਦੀ ਸਰਕਾਰ ਦੀ ਕਿਸਾਨਾਂ ਨੂੰ ਵੱਡੀ ਰਾਹਤ, 500 ਦੀ ਥਾਂ ਹੁਣ 1200 ਰੁਪਏ ਮਿਲੇਗੀ ਸਬਸਿਡੀ
NEXT STORY