ਨੈਸ਼ਨਲ ਡੈਸਕ- ਭਾਰਤ ਹੁਣ ਦੁਨੀਆ ਦੇ ਉਨ੍ਹਾਂ ਚੁਣਿੰਦਾ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਜੋ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਘਾਤਕ ਡਰੋਨ ਤਿਆਰ ਕਰ ਰਹੇ ਹਨ। ਨੋਇਡਾ ਸਥਿਤ ਸਵਦੇਸ਼ੀ ਡਿਫੈਂਸ ਕੰਪਨੀ IG ਡਿਫੈਂਸ ਨੇ ਆਪਣੇ ਨਵੇਂ 'ਪ੍ਰੋਜੈਕਟ KAL' ਦੀ ਪਹਿਲੀ ਝਲਕ ਦਿਖਾਈ ਹੈ, ਜੋ ਕਿ ਇੱਕ ਲੰਬੀ ਦੂਰੀ ਦਾ 'ਸੁਸਾਈਡ ਡਰੋਨ' ਹੈ।
ਇਹ ਸਵਦੇਸ਼ੀ ਡਰੋਨ ਈਰਾਨ ਦੇ ਮਸ਼ਹੂਰ 'ਸ਼ਾਹੇਦ' ਡਰੋਨ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਮਾਹਿਰਾਂ ਅਨੁਸਾਰ, ਅਜੋਕੇ ਯੁੱਧ ਵਿੱਚ ਅਜਿਹੇ ਡਰੋਨ ਬਹੁਤ ਮਹੱਤਵਪੂਰਨ ਸਾਬਤ ਹੋ ਰਹੇ ਹਨ ਕਿਉਂਕਿ ਇਹ ਬਣਾਉਣ ਵਿੱਚ ਸਸਤੇ ਹੁੰਦੇ ਹਨ ਅਤੇ ਦੁਸ਼ਮਣ ਦੇ ਮਹਿੰਗੇ ਏਅਰ ਡਿਫੈਂਸ ਸਿਸਟਮ ਨੂੰ ਆਸਾਨੀ ਨਾਲ ਭੁਲੇਖਾ ਪਾ ਸਕਦੇ ਹਨ। ਦੁਸ਼ਮਣ ਨੂੰ ਇੱਕ ਸਸਤੇ ਡਰੋਨ ਨੂੰ ਰੋਕਣ ਲਈ ਲੱਖਾਂ-ਕਰੋੜਾਂ ਰੁਪਏ ਦੀ ਮਿਜ਼ਾਈਲ ਖਰਚਣੀ ਪੈਂਦੀ ਹੈ, ਜਿਸ ਨਾਲ ਉਸ 'ਤੇ ਆਰਥਿਕ ਅਤੇ ਸੈਨਿਕ ਦਬਾਅ ਵਧਦਾ ਹੈ।
ਪ੍ਰੋਜੈਕਟ KAL ਦੀਆਂ ਮੁੱਖ ਵਿਸ਼ੇਸ਼ਤਾਵਾਂ:
ਮਾਰਕ ਸਮਰੱਥਾ: ਇਸ ਦੀ ਅਨੁਮਾਨਿਤ ਰੇਂਜ 1000 ਕਿਲੋਮੀਟਰ ਤੱਕ ਹੈ।
ਉਡਾਣ ਦਾ ਸਮਾਂ: ਇਹ ਹਵਾ ਵਿੱਚ ਲਗਾਤਾਰ 3 ਤੋਂ 5 ਘੰਟੇ ਤੱਕ ਉੱਡ ਸਕਦਾ ਹੈ।
ਘਾਤਕ ਹਮਲਾ: ਇਹ ਹਾਈ ਐਕਸਪਲੋਸਿਵ ਪੇਲੋਡ (ਧਮਾਕਾਖੇਜ਼ ਸਮੱਗਰੀ) ਲੈ ਕੇ ਦੁਸ਼ਮਣ ਦੇ ਰਡਾਰ, ਫੈਕਟਰੀਆਂ ਅਤੇ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ।
ਰਸਤਾ ਬਦਲਣ ਦੀ ਸਮਰੱਥਾ: ਇਹ ਡਰੋਨ ਦੁਸ਼ਮਣ ਦੀ ਲਾਈਨ ਤੋਂ ਬਹੁਤ ਦੂਰ ਜਾ ਕੇ ਲਕਸ਼ ਦੀ ਪਛਾਣ ਕਰ ਸਕਦਾ ਹੈ ਅਤੇ ਲੋੜ ਪੈਣ 'ਤੇ ਆਪਣਾ ਰਸਤਾ ਵੀ ਬਦਲ ਸਕਦਾ ਹੈ।
IG ਡਿਫੈਂਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਿਟਾਇਰਡ ਮੇਜਰ ਜਨਰਲ ਆਰ.ਸੀ. ਪਾੜੀ ਨੇ ਕਿਹਾ ਕਿ ਬਿਨਾਂ ਪਾਇਲਟ ਵਾਲੇ ਸਿਸਟਮ ਯੁੱਧ ਦੀ ਪ੍ਰਕਿਰਤੀ ਨੂੰ ਬਦਲ ਰਹੇ ਹਨ। ਉਨ੍ਹਾਂ ਅਨੁਸਾਰ, ਮੱਧ-ਪੂਰਬ ਵਿੱਚ ਅਮਰੀਕਾ-ਈਰਾਨ ਜੰਗ ਨੇ ਦਿਖਾਇਆ ਹੈ ਕਿ ਲੰਬੀ ਦੂਰੀ ਦੇ ਹਮਲਾਵਰ ਡਰੋਨ ਕਿੰਨੇ ਪ੍ਰਭਾਵਸ਼ਾਲੀ ਹਨ। ਇਹ ਡਰੋਨ ਨਾ ਸਿਰਫ਼ ਘੱਟ ਕੀਮਤ 'ਤੇ ਸਹੀ ਨਿਸ਼ਾਨਾ ਲਗਾਉਂਦੇ ਹਨ, ਸਗੋਂ ਸੈਨਿਕਾਂ ਦੀ ਜਾਨ ਵੀ ਬਚਾਉਂਦੇ ਹਨ ਕਿਉਂਕਿ ਇਨਸਾਨਾਂ ਨੂੰ ਖ਼ਤਰਨਾਕ ਇਲਾਕਿਆਂ ਵਿੱਚ ਭੇਜਣ ਦੀ ਲੋੜ ਨਹੀਂ ਪੈਂਦੀ।
ਪ੍ਰੋਜੈਕਟ KAL ਅਜੇ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ ਪਰ ਇਹ ਭਾਰਤ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ। ਇਸ ਦੇ ਤਿਆਰ ਹੋਣ ਨਾਲ ਭਾਰਤ ਨੂੰ ਗੁਆਂਢੀ ਦੇਸ਼ਾਂ ਤੋਂ ਖ਼ਤਰੇ ਦੇ ਸਮੇਂ ਮਹਿੰਗੇ ਵਿਦੇਸ਼ੀ ਡਰੋਨਾਂ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਇਹ ਪ੍ਰੋਜੈਕਟ 'ਆਤਮ-ਨਿਰਭਰ ਭਾਰਤ' ਦੇ ਸੁਪਨੇ ਨੂੰ ਮਜ਼ਬੂਤ ਕਰਦਿਆਂ ਭਾਰਤੀ ਰੱਖਿਆ ਨਵੀਨਤਾ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗਾ।
UPSC ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਨਤੀਜੇ ਐਲਾਨੇ: ਅਨੁਜ ਅਗਨੀਹੋਤਰੀ ਨੇ ਕੀਤਾ ਟਾਪ
NEXT STORY