ਫਤਿਹਗੜ੍ਹ ਸਾਹਿਬ (ਰਾਜਕਮਲ)—ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਦੂਲੋ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪ ਵਿਚ ਸ਼ਾਮਲ ਹੋ ਗਈ। ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਕੁਲਦੀਪ ਸਹੋਤਾ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਆਜ਼ਾਦ ਤੌਰ 'ਤੇ ਚੋਣ ਲੜਨ ਦਾ ਮਨ ਬਣਾਇਆ ਹੈ। ਕਾਂਗਰਸ ਦੇ ਸੂਬਾ ਸਕੱਤਰ ਹਰਨੇਕ ਸਿੰਘ ਦੀਵਾਨਾ ਨੇ ਵੀ ਆਪਣੀ ਪਾਰਟੀ ਨੂੰ ਅੱਖਾਂ ਦਿਖਾਉਂਦਿਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰ ਸਿੰਘ ਨੂੰ ਪੈਰਾਸ਼ੂਟ ਉਮੀਦਵਾਰ ਦੱਸਦਿਆਂ 22 ਅਪ੍ਰੈਲ ਤੱਕ ਉਮੀਦਵਾਰ ਬਦਲੇ ਜਾਣ ਦਾ ਅਲਟੀਮੇਟਮ ਦਿੱਤਾ ਹੈ। ਉਪਰੋਕਤ ਬਾਗੀ ਤਾਣੇ-ਬਾਣੇ ਨੇ ਅਮਰ ਸਿੰਘ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕਾਂਗਰਸ ਪਾਰਟੀ ਇਨ੍ਹਾਂ ਵਿਰੋਧੀਆਂ ਨੂੰ ਸ਼ਾਂਤ ਕਰਨ ਲਈ ਹੁਣ ਲਗਾਤਾਰ ਯਤਨ ਕਰ ਰਹੀ ਹੈ।
ਜੇਕਰ ਲੋਕ ਸਭਾ ਖੇਤਰ ਸ੍ਰੀ ਫਤਿਹਗੜ੍ਹ ਸਾਹਿਬ ਵਿਚ ਚੋਣ ਪ੍ਰਚਾਰ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਮੌਜੂਦਾ ਸਮੇਂ ਪ੍ਰਚਾਰ ਦੇ ਮਾਮਲੇ ਵਿਚ ਸਭ ਤੋਂ ਪਿੱਛੇ ਚੱਲ ਰਹੀ ਹੈ। ਇਸਦਾ ਮੁੱਖ ਕਾਰਨ ਟਿਕਟ ਦੀ ਅਨਾਊਂਸਮੈਂਟ ਵਿਚ ਦੇਰੀ ਹੋਣਾ ਹੈ। ਵਿਰੋਧੀ ਪਾਰਟੀਆਂ ਚੋਣ ਪ੍ਰਚਾਰ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ। ਬਗਾਵਤੀ ਸੁਰਾਂ ਵੀ ਇਸ ਮੌਕੇ ਦਾ ਪੂਰਾ-ਪੂਰਾ ਲਾਭ ਲੈਣ ਦੀ ਤਾਕ 'ਚ ਹਨ। ਖਦਸ਼ਾ ਪ੍ਰਗਟਾਇਆ ਜਾ ਰਿਹੈ ਕਿ ਜੇਕਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਕਾਂਗਰਸੀਆਂ ਵਲੋਂ ਹੀ ਪਾਰਟੀ ਖਿਲਾਫ਼ ਉਗਲੇ ਜਾ ਰਹੇ ਜ਼ਹਿਰ 'ਤੇ ਸਮਾਂ ਰਹਿੰਦੇ ਰੋਕ ਨਾ ਲਗਾਈ ਤਾਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਕਿਸ਼ਤੀ ਡੁਬੋਣ ਵਿਚ ਕਾਂਗਰਸੀ ਹੀ ਅਹਿਮ ਰੋਲ ਅਦਾ ਕਰਨਗੇ। ਜ਼ਿੰਮੇਵਾਰ ਕੋਈ ਹੋਰ ਨਹੀਂ ਸਿਰਫ਼ ਕਾਂਗਰਸ ਪਾਰਟੀ ਹੀ ਹੋਵੇਗੀ। ਕੀ ਕਹਿਣੈ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਦਾ : ਇਸ ਸਬੰਧੀ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਸੁਭਾਸ਼ ਸੂਦ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਬਹੁਤ ਵੱਡਾ ਸਮੁੰਦਰ ਹੈ ਅਤੇ ਅਜਿਹੇ ਛੋਟੇ-ਮੋਟੇ ਗਿਲੇ ਸ਼ਿਕਵੇ ਹਰੇਕ ਪਾਰਟੀ ਵਿਚ ਚਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪਾਰਟੀ ਹਾਈਕਮਾਨ ਵਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਅਤੇ ਜੋ ਆਗੂ ਪਾਰਟੀ ਨਾਲ ਥੋੜ੍ਹਾ-ਬਹੁਤ ਨਾਰਾਜ਼ ਹਨ, ਨੂੰ ਮਨਾਉਣ ਦੇ ਭਰਪੂਰ ਯਤਨ ਕੀਤੇ ਜਾ ਰਹੇ ਹਨ। ਮੁੱਖ ਪਾਰਟੀ ਛੱਡ ਕੇ ਹੋਰ ਪਾਰਟੀਆਂ ਵਿਚ ਜਾਣ ਵਾਲਿਆਂ ਨੂੰ ਕਦੇ ਕਾਮਯਾਬੀ ਨਹੀਂ ਮਿਲਦੀ ਕਿਉਂਕਿ ਜੋ ਮਾਣ-ਸਨਮਾਨ ਕਾਂਗਰਸ ਪਾਰਟੀ ਵਰਕਰਾਂ ਨੂੰ ਦੇ ਸਕਦੀ ਹੈ ਕਿਸੇ ਹੋਰ ਕੋਲ ਨਹੀਂ ਹੈ।
ਕੈਪਟਨ ਨੇ ਕਣਕ ਦੀ ਫਸਲ ਨੂੰ ਲੈ ਕੇ ਵਿਸ਼ੇਸ਼ ਗਿਰਦਾਵਰੀ ਦੇ ਦਿੱਤੇ ਨਿਰਦੇਸ਼
NEXT STORY