ਜਲੰਧਰ (ਰਮਨਦੀਪ ਸਿੰਘ ਸੋਢੀ) : ਲੋਕ ਸਭਾ ਚੋਣਾਂ ਦਾ ਰਸਮੀ ਐਲਾਨ ਕਿਸੇ ਵੀ ਦਿਨ ਸੰਭਵ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਭਾਜਪਾ ਦੀ ਇਸ ਬਾਰੇ ਕੀ ਤਿਆਰੀ ਹੈ, ਇਸ ਸਬੰਧੀ ਭਾਜਪਾ ਦੇ ਆਗੂ ਫਤਿਹਜੰਗ ਸਿੰਘ ਬਾਜਵਾ ਨੇ ‘ਜਗ ਬਾਣੀ’ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :
ਸਵਾਲ : ਢੀਂਡਸਾ ਪਰਿਵਾਰ ਦੀ ਅਕਾਲੀ ਦਲ ’ਚ ਵਾਪਸੀ ਨੂੰ ਕਿਵੇਂ ਦੇਖਦੇ ਹੋ?
ਜਵਾਬ : ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਬਾਰੇ ਗੱਲ ਕਰਦਿਆਂ ਬਾਜਵਾ ਨੇ ਕਿਹਾ ਕਿ ਅੱਜ ਪੰਜਾਬ ’ਚ ਸਿਆਸੀ ਉਥਲ-ਪੁਥਲ ਹੋ ਰਹੀ ਹੈ। ਪੰਜਾਬ ਦੇ ਲੋਕ ਵੀ ਸੋਚਣ ਨੂੰ ਮਜਬੂਰ ਹਨ ਕਿ ਕਿਸ ਪਾਰਟੀ ਨੂੰ ਰਾਜ-ਭਾਗ ਦੀ ਕਮਾਂਡ ਸੌਂਪੀ ਜਾਵੇ। ਢੀਂਡਸਾ ਸਾਬ੍ਹ ਨੇ ਵੀ ਪਿਛਲੇ ਸਮੇਂ ਦੌਰਾਨ ਆਪਣੀ ਪਾਰਟੀ ਦਾ ਗਠਨ ਕੀਤਾ ਤੇ ਚੋਣਾਂ ਵੀ ਲੜੀਆਂ ਪਰ ਕੁਝ ਹੱਥ ਪੱਲੇ ਨਹੀਂ ਪਿਆ। ਬਹੁਤੇ ਉਮੀਦਵਾਰਾਂ ਦੀਆਂ ਤਾਂ ਜ਼ਮਾਨਤਾਂ ਜ਼ਬਤ ਹੋ ਗਈਆਂ। ਸੁਖਬੀਰ ਸਿੰਘ ਬਾਦਲ ਵੱਲੋਂ ਮੁਆਫੀ ਮੰਗਣੀ ਤੇ ਇਹ ਕਹਿ ਕੇ ਢੀਂਡਸਾ ਸਾਬ੍ਹ ਨੂੰ ਵਾਪਸ ਲਿਆਉਣਾ ਕਿ ਬਾਦਲ ਸਾਹਿਬ ਤੋਂ ਬਾਅਦ ਤੁਸੀਂ ਹੀ ਮਾਰਗਦਰਸ਼ਨ ਕਰਨ ਵਾਲੇ ਹੋ, ਕਾਫੀ ਅਹਿਮੀਅਤ ਰੱਖਦਾ ਹੈ। ਦੂਜੇ ਪਾਸੇ ਢੀਂਡਸਾ ਪਰਿਵਾਰ ਵੀ ਇਸ ਗੱਲ ਲਈ ਰਾਜ਼ੀ ਸੀ ਕਿ ਅਕਾਲੀ ਦਲ ਨਾਲ ਮੁੜ ਗੱਠਜੋੜ ਹੋ ਜਾਵੇ। ਅਕਾਲੀ ਦਲ ਵੀ ਮੁੜ ਕਾਇਮ ਹੋਣ ਲਈ ਸਭ ਰੁੱਸਿਆਂ ਨੂੰ ਮਨਾਉਣ ’ਚ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਹਲਕਾ ਸੰਗਰੂਰ ’ਚ ਸਾਢੂ-ਸਾਢੂ ਵਿਚਾਲੇ ਹੋ ਸਕਦਾ ਹੈ ਦਿਲਚਸਪ ਮੁਕਾਬਲਾ
ਸਵਾਲ : ਤੁਹਾਡੇ ਭਾਈ ਸਾਹਿਬ ਕਹਿੰਦੇ ਹਨ ਕਿ ਇਸ ਵਾਰ ਲੋਕ ਅਦਾਕਾਰਾਂ ਨੂੰ ਮੂੰਹ ਨਾ ਲਾਉਣ, ਕੀ ਕਹੋਗੇ।
ਜਵਾਬ : ਵੇਖੋ ਇਹ ਗੱਲ ਮੈਂ ਹੀ ਨਹੀਂ ਕਹਿੰਦਾ, ਸਗੋਂ ਲੋਕ ਵੀ ਹੁਣ ਅਦਾਕਾਰਾਂ ਤੋਂ ਅੱਕ ਚੁੱਕੇ ਹਨ, ਜਦ ਪਾਰਟੀ ਨੇ ਸਟਾਰ ਪ੍ਰਚਾਰਕਾਂ ਬਾਰੇ ਲੋਕਾਂ ਤੇ ਵਰਕਰਾਂ ਤੋਂ ਰਾਇ ਲਈ ਤਾਂ ਉਨ੍ਹਾਂ ਨੇ ਸਾਫ ਕਰ ਦਿੱਤਾ ਕਿ ਉਹ ਇਸ ਤਰ੍ਹਾਂ ਦੇ ਹਰ ਉਮੀਦਵਾਰ ਦੇ ਖਿਲਾਫ ਹਨ, ਜੋ ਚੋਣਾਂ ਤੋਂ ਬਾਅਦ ਲੱਭੇ ਹੀ ਨਾ। ਉਮੀਦਵਾਰ ਲੋਕਲ ਹੀ ਹੋਵੇ ਤਾਂ ਜੋ ਲੋਕਾਂ ਨੂੰ ਉਸ ਨਾਲ ਮਿਲਣਾ ਆਸਾਨ ਹੋ ਸਕੇ। ਫੈਸਲਾ ਹਾਈਕਮਾਂਡ ਨੇ ਕਰਨਾ ਹੈ ਕਿ ਉਮੀਦਵਾਰ ਕਿਸ ਨੂੰ ਬਣਾਉਣਾ ਹੈ।
ਸਵਾਲ : ਲੋਕ ਸਭਾ ਚੋਣਾਂ ਬਾਰੇ ਭਾਜਪਾ ਦੀ ਕੀ ਤਿਆਰੀ ਹੈ?
ਜਵਾਬ : ਭਾਜਪਾ ਦੀਆਂ ਬੈਠਕਾਂ ਲਗਾਤਾਰ ਜਾਰੀ ਹਨ। ਪਾਰਟੀ ਨੇ ਕਲਸਟਰ ਬਣਾ ਕੇ ਇੰਚਾਰਜ ਲਗਾਏ ਹਨ, ਜਿਨ੍ਹਾਂ ਤੋਂ ਫੀਡਬੈਕ ਲਈ ਜਾ ਰਹੀ ਹੈ। ਪਾਰਟੀ ਹਰ ਹਲਕੇ ਤੋਂ 3 ਨਾਵਾਂ ’ਤੇ ਵਿਚਾਰ ਕਰ ਰਹੀ ਹੈ। ਜੇਕਰ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਇਸ ਲੋਕ ਸਭਾ ਹਲਕੇ ਅਧੀਨ 9 ਵਿਧਾਨ ਸਭਾ ਹਲਕਿਆਂ ਵਿਚੋਂ 4 ਹਲਕੇ ਹਿੰਦੂ ਬਹੁਗਿਣਤੀ ਅਤੇ 5 ਹਲਕੇ ਸਿੱਖ ਬਹੁਗਿਣਤੀ ਵੋਟਰਾਂ ਵਾਲੇ ਹਲਕੇ ਹਨ। ਜੇਕਰ ਭਾਜਪਾ ਇਥੇ ਇਕ ਸਿੱਖ ਚਿਹਰੇ ਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਇਥੇ ਭਾਜਪਾ ਲਈ ਸੋਨੇ ’ਤੇ ਸੁਹਾਗੇ ਵਾਲੀ ਗੱਲ ਮੰਨੀ ਜਾ ਸਕਦੀ ਹੈ।
ਸਵਾਲ : ਤੁਸੀਂ ਖੁਦ ਨੂੰ ਕਿੰਨੇ ਮਜ਼ਬੂਤ ਦਾਅਵੇਦਾਰ ਮੰਨਦੇ ਹੋ?
ਜਵਾਬ : ਮੈਂ ਕਦੇ ਵੀ ਭਾਜਪਾ ਤੋਂ ਟਿਕਟ ਦੀ ਮੰਗ ਨਹੀਂ ਕੀਤੀ। ਇਹ ਫੈਸਲਾ ਪਾਰਟੀ ਨੇ ਕਰਨਾ ਹੈ। ਸਾਡਾ ਪਰਿਵਾਰ 2 ਪੀੜ੍ਹੀਆਂ ਤੋਂ ਇਲਾਕੇ ਦੀ ਸੇਵਾ ’ਚ ਲੱਗਿਆ ਹੋਇਆ ਹੈ। ਕਾਦੀਆਂ ਤੇ ਬਟਾਲਾ ਹਲਕੇ ਤੋਂ ਮੈਂ ਚੋਣਾਂ ਲੜ ਚੁੱਕਿਆਂ ਹਾਂ, ਡੇਰਾ ਬਾਬਾ ਨਾਨਕ ਤੇ ਕਲਾਨੌਰ ’ਚ ਹਿੰਦੂ ਤੇ ਸਿੱਖ ਵੋਟਰ ਸਾਡੇ ਨਾਲ ਹਨ। ਹਲਕੇ ਦੇ ਕ੍ਰਿਸ਼ਚੀਅਨਾਂ ਦੀ ਬਿਹਤਰੀ ਲਈ ਸਾਡਾ ਪਰਿਵਾਰ ਹਮੇਸ਼ਾ ਹਾਅ ਦਾ ਨਾਅਰਾ ਮਾਰਦਾ ਹੈ, ਜਿਸ ਕਾਰਨ ਮਸੀਹ ਭਾਈਚਾਰਾ ਸਾਡੇ ਨਾਲ ਹੈ। ਮੈਂ ਕਦੇ ਪਾਰਟੀ ਤੋਂ ਟਿਕਟ ਦੀ ਮੰਗ ਨਹੀਂ ਕੀਤੀ ਤੇ ਨਾ ਹੀ ਕਦੇ ਕਿਸੇ ਨੂੰ ਟਿਕਟ ਲਈ ਆਖਿਆ ਹੈ। ਮੇਰਾ ਮੰਨਣਾ ਹੈ ਕਿ ਕਮਲ ਦਾ ਫੁੱਲ ਗੁਰਦਾਸਪੁਰ ’ਚ ਜ਼ਰੂਰ ਖਿੜਿਆ ਰਹੇ ਅਤੇ ਅਸੀਂ ਇਹ ਸੀਟ ਜਿੱਤ ਕੇ ਭਾਜਪਾ ਦੀ ਝੋਲੀ ’ਚ ਪਾ ਦੇਈਏ। ਪਾਰਟੀ ਮੌਕਾ ਦੇਵੇਗੀ ਤਾਂ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਜਿੱਤ ਭਾਜਪਾ ਦੀ ਝੋਲੀ ਪਾਵਾਂਗੇ ਤੇ ਜੇਕਰ ਪਾਰਟੀ ਕਿਸੇ ਹੋਰ ’ਤੇ ਭਰੋਸਾ ਜਤਾਵੇਗੀ ਤਾਂ ਡਟ ਕੇ ਉਸ ਉਮੀਦਵਾਰ ਦਾ ਵੀ ਸਾਥ ਦੇਵਾਂਗੇ।
ਇਹ ਵੀ ਪੜ੍ਹੋ : ਕਿਸਾਨਾਂ ਦਾ ਦਿੱਲੀ ਕੂਚ ਅੱਜ, ਕੇਂਦਰ ਸਰਕਾਰ ਨੇ 500 ਤੋਂ ਵੱਧ ਕਿਸਾਨ ਨੇਤਾਵਾਂ ਦੇ ਸ਼ੋਸ਼ਲ ਮੀਡੀਆ ਅਕਾਊਂਟ ਕੀਤੇ ਬੰਦ
ਸਵਾਲ : ਕਿਸਾਨ ਅੰਦੋਲਨ ਬਾਰੇ ਕੀ ਕਹੋਗੇ।
ਜਵਾਬ : ਕਿਸਾਨ ਵੀਰਾਂ ਦੇ ਅੰਦੋਲਨ ਦੇ 2 ਪਹਿਲੂ ਹਨ। ਇਨ੍ਹਾਂ ਵਿਚੋਂ ਪਹਿਲਾਂ ਤਾਂ ਇਹ ਹੈ ਕਿ ਸਾਡੇ ਸੂਬੇ ਤੇ ਹਰਿਆਣਾ ਤੇ ਪੱਛਮੀ ਯੂ. ਪੀ. ਦੇ ਕਿਸਾਨਾਂ ਨੂੰ 3 ਫਸਲਾਂ ’ਤੇ ਐੱਮ. ਐੱਸ. ਪੀ. ਮਿਲਦੀ ਹੈ। ਕਣਕ, ਝੋਨਾ ਤੇ ਗੰਨਾ ਸਰਕਾਰ ਐੱਮ. ਐੱਸ. ਪੀ. ’ਤੇ ਚੁੱਕਦੀ ਹੈ। ਅਸੀਂ 23 ਫਸਲਾਂ ’ਤੇ ਐੱਮ. ਐੱਸ. ਪੀ. ਦੀ ਗਾਰੰਟੀ ਮੰਗ ਰਹੇ ਹਾਂ ਪਰ ਪੰਜਾਬ ਦੇ ਕਿਸਾਨ ਉਨ੍ਹਾਂ ਕਿਹੜੀਆਂ 23 ਫਸਲਾਂ ਦੀ ਬਿਜਾਈ ਕਰਨਗੇ। ਆਪਾਂ ਉਹ ਚੀਜ਼ਾਂ ਜ਼ਰੂਰ ਮੰਗੀਏ, ਜੋ ਆਪਣੇ ਲਈ ਲਾਹੇਵੰਦ ਹਨ। ਅਸੀਂ ਵੀ ਕਿਸਾਨ ਹਾਂ, ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਚੱਲੋ ਸਾਡੇ ਨਾਲ, ਆਪਾਂ ਰਲ ਕੇ ਗੱਲਬਾਤ ਕਰਦੇ ਹਾਂ। ਬਾਕੀ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੇ ਹਾਂ ਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ ਤਤਪਰ ਹਾਂ। ਦੂਜੇ ਪਹਿਲੂ ਦੀ ਗੱਲ ਕਰੀਏ ਤਾਂ ਪੰਜਾਬ ਦੀ ਇੰਡਸਟਰੀ ਸਿੱਧੇ ਤੌਰ ’ਤੇ ਇਸ ਨਾਲ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਸਾਡੀ ਇੰਡਸਟਰੀ ਯੂ. ਪੀ. ਸ਼ਿਫਟ ਹੋ ਰਹੀ ਹੈ। ਸੋ ਇਸ ਪਾਸੇ ਵੀ ਸਾਨੂੰ ਸੋਚਣਾ ਪਵੇਗਾ, ਜੇਕਰ ਪੰਜਾਬ ਵਿਚ ਰੋਜ਼ਗਾਰ ਨਾ ਰਿਹਾ ਤਾਂ ਨੌਜਵਾਨ ਨਸ਼ੇ ਜਾਂ ਹੋਰ ਪਾਸੇ ਵਧਣਗੇ, ਜਿਸ ਦਾ ਨੁਕਸਾਨ ਪੰਜਾਬ ਨੂੰ ਹੀ ਝੱਲਣਾ ਪਵੇਗਾ।
ਸਵਾਲ : ‘ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਸੰਭਵ’
ਜਵਾਬ : ਢੀਂਡਸਾ ਪਰਿਵਾਰ ਦੀ ਅਕਾਲੀ ਦਲ ’ਚ ਵਾਪਸੀ ਦੀ ਗੱਲ ਕਰਦਿਆਂ ਬਾਜਵਾ ਨੇ ਕਿਹਾ ਕਿ ਉਮੀਦ ਤਾਂ ਇਹੋ ਲੱਗ ਰਹੀ ਹੈ ਕਿ ਜਲਦ ਹੀ ਭਾਜਪਾ ਨਾਲ ਗੱਠਜੋੜ ਹੋ ਜਾਵੇਗਾ। ਜੇਕਰ ਢੀਂਡਸਾ ਸਾਬ੍ਹ ਗਏ ਹਨ ਤੇ ਅਕਾਲੀ ਦਲ ਨਾਲ ਜੁੜ ਗਏ ਹਨ ਤਾਂ ਇਹ ਸੰਕੇਤ ਲੱਗ ਰਿਹਾ ਹੈ ਕਿ ਗੱਠਜੋੜ ਹੋ ਜਾਣਾ ਹੈ। ਸਿਆਸਤ ’ਚ ਹਮੇਸ਼ਾ ਜੋੜ-ਤੋੜ ਹੁੰਦੇ ਰਹਿੰਦੇ ਹਨ। ਹੁਣ ਦੇ ਹਾਲਾਤ ਕਾਰਨ ਹੀ ਅਕਾਲੀ ਦਲ ਇਕ ਹੋ ਰਿਹਾ ਹੈ। ਹੁਣ ਲੱਗਦਾ ਹੈ ਕਿ ਭਾਜਪਾ ਵੀ ਅਕਾਲੀ ਦਲ ਨਾਲ ਗੱਠਜੋੜ ਕਰ ਲਵੇਗੀ। ਹੁਣ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਵੀ ਹੋ ਗਿਆ। ਕਿਸਾਨੀ ਅੰਦੋਲਨ ਵੇਲੇ ਅਕਾਲੀ ਦਲ ਭਾਜਪਾ ਤੋਂ ਵੱਖ ਹੋਇਆ ਪਰ ਅੱਜ ਅਕਾਲੀ ਦਲ ਹੀ ਭਾਜਪਾ ਨਾਲ ਜੁੜਨਾ ਚਾਹੁੰਦਾ ਹੈ ਪਰ ਹੁਣ ਪੰਜਾਬ ਦੇ ਹਾਲਾਤ ਅਤੇ ਮੌਜੂਦਾ ਸਮੇਂ ਨੂੰ ਵੇਖਦੇ ਹੋਏ ਮੁੜ ਅਕਾਲੀ-ਭਾਜਪਾ ਗੱਠਜੋੜ ਦੀ ਲੋੜ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਬਜਟ ਦੀ ਸ਼ਲਾਘਾ, ਕਿਹਾ ਰੰਗਲਾ ਪੰਜਾਬ ਬਣਾਉਣ ਵੱਲ ਵੱਡਾ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਸਦਨ ’ਚ ਬੋਲੇ ਮੁੱਖ ਮੰਤਰੀ ਮਾਨ, ਫਰਜ਼ ਤੋਂ ਭੱਜੀ ਕਾਂਗਰਸ, ਚੋਣਾਂ ’ਚ ਜਨਤਾ ਸਿਖਾਏਗੀ ਸਬਕ
NEXT STORY