ਬਨੂੜ (ਗੁਰਪਾਲ) : ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਖੇਡ਼ੀ ਗੁਰਨਾ ਵਿਖੇ ਬੀਤੀ ਸ਼ਾਮ ਮਕਾਨ ਬਣਾਉਣ ਵਾਲੇ ਰਾਜ ਮਿਸਤਰੀ ਦੀ ਮਕਾਨ ਉਪਰੋਂ ਲੰਘਦੀ ਹਾਈ ਵੋਲਟੇਜ ਬਿਜਲੀ ਦੀ ਤਾਰ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਪਿੰਡ ਖੇੜੀ ਗੁਰਨਾ ਦਾ ਹਰਵਿੰਦਰ ਸਿੰਘ (43) ਪੁੱਤਰ ਪ੍ਰੇਮ ਸਿੰਘ, ਜੋ ਕਿ ਰਾਜ ਮਿਸਤਰੀ ਹੈ, ਆਪਣੇ ਪਿੰਡ ਵਿਚ ਮਕਾਨ ਬਣਾ ਰਿਹਾ ਸੀ ਤਾਂ ਅਚਾਨਕ ਘਰ ਉਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ’ਚੋਂ ਕਰੰਟ ਦਾ ਜ਼ੋਰਦਾਰ ਝਟਕਾ ਲੱਗਾ ਤਾਂ ਉਹ ਜ਼ਮੀਨ ’ਤੇ ਡਿੱਗ ਪਿਆ। ਇਸ ਘਟਨਾ ਤੋਂ ਬਾਅਦ ਮਕਾਨ ਬਣਾਉਣ ਵਾਲੇ ਪਰਿਵਾਰ ਨੇ ਜ਼ਖਮੀ ਹਰਵਿੰਦਰ ਸਿੰਘ ਨੂੰ ਚੁੱਕ ਕੇ ਇਲਾਜ ਲਈ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮ੍ਰਿਤਕ ਵਿਅਕਤੀ 4 ਬੱਚਿਆਂ ਦਾ ਪਿਉ ਸੀ ਤੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ। ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਹਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਅਧੀਨ ਕਾਰਵਾਈ ਕਰਨ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਸਪੁਰਦ ਕਰ ਦਿੱਤੀ ਗਈ ਹੈ। ਪਿੰਡ ਦੇ ਵਸਨੀਕਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਚਲ ਸਕੇ।
ਆਪਣਾ ਇਲਾਜ ਕਰਵਾ ਲੈਣਾ ਸਾਥੀ ਨੂੰ ਰੁਵਾਉਣ ਨਾਲੋਂ ਬਿਹਤਰ ਹੈ
NEXT STORY