ਫਿਰੋਜ਼ਪੁਰ (ਕੁਮਾਰ, ਮਨਦੀਪ, ਭੁੱਲਰ, ਖੁੱਲਰ, ਸਨੀ) - ਕਾਂਗਰਸ ਦੇ ਆਗੂ ਅਕਾਲੀ ਵਰਕਰਾਂ ’ਤੇ ਸ਼ਰੇਆਮ ਤਸ਼ੱਦਦ ਢਾਹ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਅਖੌਤੀ ਦਾਅਵਿਆਂ ਅਨੁਸਾਰ ਹਰੇਕ ਪਿੰਡ ’ਚ 100 ਨੌਕਰੀਆਂ ਦਾ ਅੰਕੜਾ ਬਣਦਾ ਹੈ, ਜਦਕਿ ਨੌਕਰੀਆਂ ਦੀ ਥਾਂ ’ਤੇ 100-100 ਝੂਠੇ ਪਰਚਿਆਂ ਦੇ ਰੂਪ ’ਚ ਤਸ਼ੱਦਦ ਢਾਹੇ ਹਨ। ਜਿਸ ਦਾ ਜਵਾਬ ਅਕਾਲੀ ਵਰਕਰ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਦੇਣਗੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਵਿਖੇ ਕੀਤੀ ਰੋਸ ਰੈਲੀ ਦੌਰਾਨ ਜ਼ਿਲੇ ਭਰ ’ਚੋਂ ਆਏ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਨਤਾ ਦੀ ਸ਼ਕਤੀ ਦਾ ਸਾਹਮਣਾ ਸਰਕਾਰਾਂ ਨਹੀਂ ਕਰ ਸਕਦੀਆਂ ਅਤੇ ਉਸ ਦੀ ਤਾਕਤ ਸਾਹਮਣੇ ਝੁਕਣਾ ਪੈਂਦਾ ਹੈ, ਜਿਸ ਰਸਤੇ ’ਤੇ ਕੈਪਟਨ ਦੀ ਸਰਕਾਰ ਤੁਰ ਰਹੀ ਹੈ, ਉਹ ਹਰ ਤਰੀਕੇ ਨਾਲ ਜਨਤਾ ਨਾਲ ਕੀਤੇ ਵਾਅਦਿਆਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਮਾੜਾ ਮੁੱਖ ਮੰਤਰੀ ਸ਼ਾਇਦ ਪੰਜਾਬ ਨੂੰ ਕਦੇ ਵੀ ਨਾ ਮਿਲੇ। ਇਸ ਲੀਡਰਸ਼ਿਪ ਦਾ ਨਿਸ਼ਾਨਾ ਸਿਰਫ ਪੰਜਾਬ ਨੂੰ ਲੁੱਟਣਾ ਹੈ, ਜੋ ਮਾਹੌਲ ਕਾਂਗਰਸ ਦੇ ਆਗੂਆਂ ਵਲੋਂ ਸਿਰਜਿਆ ਜਾ ਰਿਹਾ ਹੈ।
ਉਹ ਸਪੱਸ਼ਟ ਕਰਦਾ ਹੈ ਕਿ ਪੰਜਾਬ ’ਚੋਂ ਕਾਂਗਰਸ ਬੀਜ ਨਾਸ਼ ਹੋ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤਕ ਜੋ ਕਿਹਾ ਉਹ ਕਰ ਕੇ ਵਿਖਾਇਆ ਹੈ। ਪਿੰਡਾਂ ’ਚ ਬਿਜਲੀ ਦੇ ਕੱਟ ਲੱਗਦੇ ਸਨ, ਬੱਚਿਆਂ ਦੀ ਪੜ੍ਹਾਈ ਸਮੇਤ ਅਨੇਕਾਂ ਮੁਸ਼ਕਲਾਂ ਸਨ, ਜੋ ਅਸੀਂ 24 ਘੰਟੇ ਬਿਜਲੀ ਦੇ ਹੱਲ ਕੀਤੀਆਂ। ਥਰਮਲ ਪਲਾਂਟ ਲਾ ਕੇ ਬਿਜਲੀ ਦੀ ਪੂਰਤੀ ਕੀਤੀ, ਜਿਨ੍ਹਾਂ ਸੜਕਾਂ ਬਾਰੇ ਸਾਡੇ ਬਿਆਨਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਉਨ੍ਹਾਂ ਦੱਸਿਆਂ ਕਿ ਪੀ.ਜੀ.ਆਈ. ਲਈ ਜ਼ਮੀਨ ਮਿਲ ਗਈ ਹੈ, ਦੋ ਮਹੀਨੇ ’ਚ ਸਾਰੀ ਕਾਗਜ਼ੀ ਕਾਰਵਾਈ ਹੋ ਜਾਵੇਗੀ ਅਤੇ ਇਸੇ ਸਾਲ ਜੂਨ ਮਹੀਨੇ ’ਚ ਇਸ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਇਕ ਮਹੀਨਾ ਸਰਕਾਰ ਤੋਂ ਪਾਸੇ ਹਟ ਜਾਣ ਅਸੀਂ ਖਜ਼ਾਨਾ ਭਰਾਂਗੇ ਅਤੇ ਖਰਚ ਕਰਕੇ ਵੀ ਵਿਖਾਵਾਂਗੇ। ਉਨ੍ਹਾਂ ਬਿਜਲੀ, ਸ਼ਰਾਬ, ਮਾਲ ਵਿਭਾਗ ਆਦਿ ਤੋਂ ਮਿਲਣ ਵਾਲੇ ਮਾਲੀਏ ਦੇ ਵੇਰਵੇ ਦਿੰਦਿਆਂ ਕਿਹਾ ਕਿ ਇੰਨੇ ਸਾਧਨਾਂ ਨਾਲ ਅਸੀਂ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਸਨ ਤਾਂ ਇਹ ਕਿਉਂ ਨਹੀਂ ਕਰ ਸਕਦੇ।
ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਟਕਸਾਲੀ ਆਗੂਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਦਾ ਮਤਾ ਪਿਆ ਸੀ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਨ੍ਹਾਂ ਦਾ ਨਾਂ ਪੇਸ਼ ਕੀਤਾ ਸੀ ਅਤੇ ਸੁਖਦੇਵ ਢੀਂਡਸਾ ਨੇ ਉਨ੍ਹਾਂ ਦੇ ਨਾਂ ਦੀ ਤਾਈਦ ਕੀਤੀ ਸੀ। ਕਈ ਸਾਲ ਮੌਜਾਂ ਮਾਨਣ ਮਗਰੋਂ ਅੱਜ ਉਹ ਕਿਸ ਮੂੰਹ ਨਾਲ ਸਾਡਾ ਵਿਰੋਧ ਕਰ ਰਹੇ ਹਨ। ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕੈਪਟਨ ਨੇ ਕਾਂਗਰਸੀ ਵਰਕਰਾਂ ਨੂੰ ਤਾਂ ਕਿ ਮਿਲਣਾ ਉਨ੍ਹਾਂ ਨੂੰ ਮਿਲਣ ਲਈ ਪਾਰਟੀ ਪ੍ਰਧਾਨ ਨੂੰ ਵੀ ਕਈ-ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ’ਚ ਥੋੜ੍ਹੀ ਜਿਹੀ ਵੀ ਗੈਰਤ ਹੈ ਤਾਂ ਉਨ੍ਹਾਂ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਮਨਪ੍ਰੀਤ ਸਿੰਘ ਬਾਦਲ ਨੇ ਸੰਨੀ ਹਿੰਦੁਸਤਾਨੀ ਲਈ ਕੀਤਾ ਵੱਡਾ ਐਲਾਨ
NEXT STORY