ਚੰਡੀਗੜ੍ਹ- ਹੈਦਰਾਬਾਦ ਵਿਖੇ ਜਵਾਲਾ ਗੁੱਟਾ ਬੈਡਮਿੰਟਨ ਅਕੈਡਮੀ ਵਿੱਚ ਇਕ ਮਹੀਨੇ ਦੀ ਸਿਖਲਾਈ ਹਾਸਲ ਕਰਨ ਤੋਂ ਬਾਅਦ ਪੰਜਾਬ ਪਰਤੇ ਖਿਡਾਰੀਆਂ ਦੇ ਚਿਹਰਿਆਂ ਉਤੇ ਉਤਸ਼ਾਹ ਤੇ ਜਲੌਅ ਦੇਖਣ ਵਾਲਾ ਸੀ। ਗੱਲਬਾਤ ਵਿੱਚ ਅੱਠ ਵਰ੍ਹਿਆਂ ਦੇ ਯੁਵਾਨ ਬਾਂਸਲ, 10 ਵਰ੍ਹਿਆਂ ਦੀ ਕਾਮਿਲ ਸੱਭਰਵਾਲ, 13 ਵਰ੍ਹਿਆਂ ਦੇ ਸ਼ੀਵਾਨ ਢੀਂਗਰਾ ਤੇ 14 ਵਰ੍ਹਿਆਂ ਦੀ ਆਰੁਸ਼ੀ ਮਹਿਤਾ ਆਤਮ ਵਿਸ਼ਵਾਸ ਨਾਲ ਲਬਰੇਜ਼ ਸਨ। ਨਵੀਂ ਉਮਰ ਦੇ ਇਨਾਂ ਖਿਡਾਰੀਆਂ ਦਾ ਨਿਸ਼ਾਨਾ ਹੁਣ ਪੁਲੇਲਾ ਗੋਪੀਚੰਦ, ਸਾਇਨਾ ਨੇਹਵਾਲ, ਪੀ.ਵੀ.ਸਿੰਧੂ, ਜਵਾਲਾ ਗੁੱਟਾ, ਲਕਸ਼ੇ ਸੇਨ ਵਾਂਗ ਬੈਡਮਿੰਟਨ ਦੀ ਦੁਨੀਆਂ ਵਿੱਚ ਸਿਖਰ ਉਤੇ ਪਹੁੰਚਣਾ ਹੈ।

ਅਜਿਹਾ ਆਤਮ ਵਿਸ਼ਵਾਸ ਸਾਰੇ 34 ਖਿਡਾਰੀਆਂ ਵਿੱਚ ਦੇਖਣ ਨੂੰ ਮਿਲਿਆ ਜਦੋਂ ਉਹ ਆਪਣੀ ਸਿਖਲਾਈ ਦੇ ਤਜ਼ਰਬੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਸਾਂਝੇ ਕਰ ਰਹੇ ਸਨ। ਪੰਜਾਬ ਭਵਨ ਚੰਡੀਗੜ੍ਹ ਦਾ ਚੌਗਿਰਦਾ ਇਨਾਂ ਉਭਰਦੇ ਖਿਡਾਰੀਆਂ ਦੇ ਜੋਸ਼ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦਾ ਸੁਫ਼ਨਾ ਇਹ ਖਿਡਾਰੀ ਹੁਣ ਆਪਣੀ ਲਗਨ ਤੇ ਮਿਹਨਤ ਨਾਲ ਪੂਰਾ ਕਰਨਗੇ।

ਪੰਜਾਬ ਦੇ ਖੇਡ ਵਿਭਾਗ ਵੱਲੋਂ ਆਪਣੇ ਖਰਚੇ ਉਤੇ ਹੈਦਰਾਬਾਦ ਸਿਖਲਾਈ ਲਈ ਭੇਜੇ 34 ਖਿਡਾਰੀ ਇਕ ਮਹੀਨੇ ਦੌਰਾਨ ਦਰੋਣਾਚਾਰੀਆ ਐਵਾਰਡੀ ਤੇ ਸਾਬਕਾ ਭਾਰਤੀ ਬੈਡਮਿੰਟਨ ਕੋਚ ਐਸ.ਐਮ.ਆਰਿਫ ਕੋਲੋਂ ਸਿੱਖੇ ਗੁਰਾਂ ਅਤੇ ਤਕਨੀਕਾਂ ਤੋਂ ਆਪਣੇ ਰੋਜ਼ਾਨਾ ਦੇ ਅਭਿਆਸ ਦੌਰਾਨ ਸੇਧ ਲੈਂਦੇ ਰਹਿਣਗੇ। ਭਾਰਤੀ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਵੱਲੋਂ ਕੈਂਪ ਦੌਰਾਨ ਖਿਡਾਰੀਆਂ ਨਾਲ ਕੀਤੀ ਮੁਲਾਕਾਤ ਤੋਂ ਬਾਅਦ ਹਰ ਖਿਡਾਰੀ ਵਿੱਚ ਉਸ ਵਰਗਾ ਬਣਨ ਦੀ ਦ੍ਰਿੜਤਾ ਪੈਦਾ ਹੋਈ।

ਖੇਡ ਮੰਤਰੀ ਮੀਤ ਹੇਅਰ ਨਾਲ ਮੁਲਾਕਾਤ ਦੌਰਾਨ ਖਿਡਾਰੀਆਂ ਨੇ ਇਕ ਮਹੀਨੇ ਦੌਰਾਨ ਹੋਏ ਤਜ਼ਰਬੇ ਵੀ ਸਾਂਝੇ ਕੀਤੇ। ਕੋਰਟ ਵਿੱਚ ਖੇਡਣ ਦੀਆਂ ਨਵੀਆਂ ਤਕਨੀਕਾਂ ਅਤੇ ਸਟਰੈਚਿੰਗ ਦੀ ਵਿਧੀ ਖਿਡਾਰੀਆਂ ਨੂੰ ਸਭ ਤੋਂ ਵੱਧ ਪਸੰਦ ਆਈ। ਮੀਤ ਹੇਅਰ ਨੇ ਖਿਡਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸੂਬਾ ਸਰਕਾਰ ਪੰਜਾਬ ਦੇ ਖਿਡਾਰੀਆਂ ਨੂੰ ਖੇਡਾਂ ਦੇ ਕੌਮਾਂਤਰੀ ਮੰਚ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਨਵੀਂ ਖੇਡ ਨੀਤੀ ਸੂਬੇ ਦੀਆਂ ਖੇਡਾਂ ਤੇ ਖਿਡਾਰੀਆਂ ਨੂੰ ਨਵੀਂ ਦਿਸ਼ਾ ਦੇਵੇਗੀ।

ਇਸ ਮੌਕੇ ਖਿਡਾਰੀਆਂ ਨੇ ਪੰਜਾਬ ਦੇ ਮੀਤ ਹੇਅਰ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਜੋ ਜਵਾਲਾ ਗੁੱਟਾ ਅਕੈਡਮੀ ਵੱਲੋਂ ਖੇਡ ਮੰਤਰੀ ਲਈ ਵਿਸ਼ੇਸ਼ ਤੌਰ ਉਤੇ ਭੇਜਿਆ ਗਿਆ ਸੀ।

ਖੇਡ ਵਿਭਾਗ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ 8 ਸਾਲ ਤੋਂ 15 ਸਾਲ ਤੱਕ ਉਮਰ ਵਰਗ ਦੇ ਕੁੱਲ 34 ਬੈਡਮਿੰਟਨ ਖਿਡਾਰੀਆਂ ਨੇ ਹੈਦਰਾਬਾਦ ਵਿਖੇ ਇਕ ਮਹੀਨਾ ਸਿਖਲਾਈ ਹਾਸਲ ਕੀਤੀ। ਇਨਾਂ ਵਿੱਚ 18 ਕੁੜੀਆਂ ਤੇ 16 ਮੁੰਡੇ ਸਨ। ਇਨ੍ਹਾਂ ਖਿਡਾਰੀਆਂ ਨਾਲ ਵਰੁਣ ਕੁਮਾਰ ਤੇ ਸਹਿਨਾਜ਼ ਖਾਨ ਕੋਚ ਵੀ ਗਏ ਸਨ। ਕੈਂਪ ਦੀ ਸਮਾਪਤੀ ਉਤੇ ਪੰਜਾਬ ਦੇ ਖਿਡਾਰੀਆਂ ਵੱਲੋਂ ਪੇਸ਼ ਕੀਤੀ ਭੰਗੜੇ ਦੀ ਪੇਸ਼ਕਾਰੀ ਨੇ ਜਵਾਲਾ ਗੁੱਟਾ ਅਕੈਡਮੀਆਂ ਦੇ ਸਾਰੇ ਖਿਡਾਰੀਆਂ ਦਾ ਮਨ ਮੋਹ ਲਿਆ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੜ੍ਹ ਕਾਰਣ ਪ੍ਰਭਾਵਿਤ ਹੋਈਆਂ ਜਲ ਸਪਲਾਈ ਦੀਆਂ 83 ਫੀਸਦੀ ਸਕੀਮਾਂ ਮੁੜ ਕਾਰਜਸ਼ੀਲ : ਜਿੰਪਾ
NEXT STORY