ਦੇਵੀਗੜ੍ਹ (ਨੌਗਾਵਾਂ)- ਥਾਣਾ ਜੁਲਕਾਂ ਅਧੀਨ ਪਿੰਡ ਸ਼ੇਖੂਪੁਰ ਦੇ ਇਕ ਵਿਅਕਤੀ ਨੂੰ ਪਿੰਡ ਸਾਧੂਨਗਰ ਵਿਖੇ ਉਸ ਦੇ ਖੇਤਾਂ ਵਿਚ ਹੀ ਕੁਝ ਵਿਅਕਤੀਆਂ ਅਤੇ ਔਰਤਾਂ ਵੱਲੋਂ ਕੁੱਟ-ਕੁੱਟ ਕੇ ਮਾਰ ਦੇਣ ਦਾ ਸਮਾਚਾਰ ਮਿਲਿਆ ਹੈ। ਇਸ ’ਤੇ ਦੋ ਜਨਾਨੀਆਂ ਸਮੇਤ ਚਾਰ ਵਿਅਕਤੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਜੁਲਕਾਂ ਦੇ ਮੁਖੀ ਇੰਸ: ਹਰਮਨਪ੍ਰੀਤ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਸ਼ੇਖੂਪੁਰ ਦੇ ਸੁਰਜੀਤ ਸਿੰਘ ਪੁੱਤਰ ਰਾਜ ਕੁਮਾਰ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਸ ਦਾ ਪਿਤਾ ਰਾਜ ਕੁਮਾਰ ਆਪਣੀ ਜ਼ਮੀਨ ਜੋ ਕਿ ਪਿੰਡ ਸਾਧੂਨਗਰ ਵਿਚ ਹੈ ਵਿਖੇ ਖੇਤਾਂ ਨੂੰ ਪਾਣੀ ਲਗਾਉਣ ਸਵੇਰੇ 11 ਕੁ ਵਜੇ ਗਿਆ ਸੀ ।
ਸ਼ਾਮ 5 ਵਜੇ ਉਸ ਨੂੰ ਫੋਨ ਆਇਆ ਕਿ ਤੇਰੇ ਪਿਤਾ ਨੂੰ ਖੇਤਾਂ ਵਿਚ ਹੀ ਕੁਝ ਵਿਅਕਤੀ ਜਿਨ੍ਹਾਂ ਵਿਚ ਕੇਹਰ ਪੁਰੀ ਪੁੱਤਰ ਅਜਮੇਰ ਪੁਰੀ, ਕੇਹਰ ਗਿਰ ਪੁੱਤਰ ਰਤਨਾ ਵਾਸੀਆਨ ਸ਼ੇਖੂਪੁਰ, ਹਰਜੀਤ ਸਿੰਘ, ਗੁਰਸੇਵਕ ਸਿੰਘ ਪੁੱਤਰ ਪਾਲਾ ਰਾਮ, ਰੇਖਾ ਰਾਣੀ ਪਤਨੀ ਹਰਜੀਤ ਸਿੰਘ, ਅਮਨ ਪਤਨੀ ਗੁਰਸੇਵਕ ਸਿੰਘ ਵਾਸੀਆਨ ਸਾਧੂਨਗਰ ਕੁੱਟ ਰਹੇ ਹਨ। ਜਦੋਂ ਮੈਂ ਅਤੇ ਮੇਰਾ ਭਰਾ ਵਿੱਕੀ ਸਿੰਘ ਮੌਕੇ ’ਤੇ ਪੁੱਜੇ ਤਾਂ ਅਸੀਂ ਵੇਖਿਆ ਕਿ ਉਪਰੋਕਤ ਵਿਅਕਤੀਆਂ ਨੇ ਮੇਰੇ ਪਿਤਾ ਨੂੰ ਜ਼ਮੀਨ ’ਤੇ ਸੁੱਟਿਆ ਹੋਇਆ ਸੀ ਅਤੇ ਕੁੱਟਿਆ ਜਾ ਰਿਹਾ ਸੀ। ਅਸੀਂ ਜਦੋਂ ਰੌਲਾ ਪਾਇਆ ਤਾਂ ਉਕਤ ਵਿਅਕਤੀ ਅਤੇ ਜਨਾਨੀਆਂ ਉਥੇ ਛੱਡ ਕੇ ਭੱਜ ਗਏ।
ਅਸੀਂ ਦੇਖਿਆ ਕਿ ਸਾਡੇ ਪਿਤਾ ਦੇ ਸਿਰ ਚੋਂ ਖੂਨ ਨਿਕਲ ਰਿਹਾ ਹੈ। ਜਦੋਂ ਅਸੀਂ ਪਿਤਾ ਨੂੰ ਰਾਜਿੰਦਰਾ ਹਸਪਤਾਲ ਵਿਖੇ ਪਹੁੰਚਾਹਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਰਾਜ ਕੁਮਾਰ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਕਤਲ ਦਾ ਮੁੱਖ ਕਾਰਨ ਖੇਤਾਂ ’ਚ ਲੱਗੇ ਦਰੱਖਤਾਂ ਤੋਂ ਹੁੰਦੀ ਲੜਾਈ ਹੀ ਹੈ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਸ ਨੇ ਦੋ ਔਰਤਾਂ ਅਤੇ ਚਾਰ ਵਿਅਕਤੀਆਂ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਨੰ. 16 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀੇ ਹੈ। ਕਾਤਲ ਅਜੇ ਫਰਾਰ ਦੱਸੇ ਜਾਂਦੇ ਹਨ।
ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ 9 ਫਰਵਰੀ ਤੋਂ ਖੁੱਲ੍ਹਣਗੇ ਮੈਰੀਟੋਰੀਅਸ ਸਕੂਲ
NEXT STORY