ਲੁਧਿਆਣਾ (ਰਾਜ)– ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਵਿਚ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਇਕ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਢੰਡਾਰੀ ਖੁਰਦ ਦੀ ਦੀਪ ਕਾਲੋਨੀ ਵਿਚ ਇਕ ਪੁੱਤ ਨੇ ਨਸ਼ੇ ਦੀ ਹਾਲਤ ਵਿਚ ਆਪਣੇ ਹੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਾਮੂਲੀ ਬਹਿਸ ਤੋਂ ਬਾਅਦ ਮੁਲਜ਼ਮ ਪੁੱਤ ਨੇ ਚਾਕੂ ਨਾਲ ਆਪਣੇ ਪਿਓ ਦੀ ਧੌਣ ’ਤੇ ਤਾਬੜਤੋੜ ਵਾਰ ਕੀਤੇ ਤੇ ਮੌਕੇ ਤੋਂ ਫਰਾਰ ਹੋ ਗਿਆ। ਕਤਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਬੰਦ ਕਮਰੇ ’ਚੋਂ ਖੂਨ ਵਹਿ ਕੇ ਬਾਹਰ ਗਲੀ ਵਿਚ ਆਉਣ ਲੱਗਿਆ, ਜਿਸ ਨੂੰ ਦੇਖ ਕੇ ਗੁਆਂਢੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਨੇ ਰੌਲਾ ਪਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ।
ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸਿਕੰਦਰ ਚੌਹਾਨ (44) ਵਜੋਂ ਹੋਈ ਹੈ, ਜੋ ਆਪਣੇ ਪੁੱਤ ਉਮੇਸ਼ ਚੌਹਾਨ (25) ਨਾਲ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਜਾਣਕਾਰੀ ਅਨੁਸਾਰ ਐਤਵਾਰ ਸ਼ਾਮ ਲੱਗਭਗ 4 ਵਜੇ ਉਮੇਸ਼ ਨਸ਼ਾ ਕਰ ਕੇ ਘਰ ਮੁੜਿਆ। ਘਰ ਜਾਂਦੇ ਹੀ ਉਸ ਦੀ ਆਪਣੇ ਪਿਓ ਨਾਲ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਸ਼ੁਰੂ ਹੋ ਗਈ। ਰੌਲਾ ਸੁਣ ਕੇ ਗੁਆਂਢੀ ਬਚਾਅ ਕਰਨ ਆਏ ਤੇ ਮਾਮਲਾ ਸ਼ਾਂਤ ਕਰਵਾ ਕੇ ਚਲੇ ਗਏ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਕਮਰੇ ਅੰਦਰ ਉਮੇਸ਼ ਹੈਵਾਨੀਅਤ ’ਤੇ ਉਤਾਰੂ ਹੋ ਜਾਵੇਗਾ। ਉਸ ਨੇ ਗੁੱਸੇ ਵਿਚ ਆ ਕੇ ਚਾਕੂ ਚੁੱਕਿਆ ਤੇ ਆਪਣੇ ਪਿਓ ਦੀ ਧੌਣ ’ਤੇ ਉਦੋਂ ਤੱਕ ਵਾਰ ਕੀਤੇ, ਜਦੋਂ ਤੱਕ ਉਸ ਦੇ ਸਾਹ ਨਹੀਂ ਰੁਕ ਗਏ।
ਥਾਣਾ ਇੰਚਾਰਜ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰੀ ਸਮੇਂ ਮੁਲਜ਼ਮ ਨਸ਼ੇ ਵਿਚ ਸੀ। ਸ਼ੁਰੂਆਤੀ ਪੁੱਛਗਿਛ ਵਿਚ ਉਸ ਨੇ ਹੈਰਾਨ ਕਰਨ ਵਾਲਾ ਦਾਅਵਾ ਕਰਦਿਆਂ ਕਿਹਾ ਕਿ ਉਸ ਦਾ ਪਿਓ ਉਸ ਦੀ ਪਤਨੀ ਨੂੰ ਪ੍ਰੇਸ਼ਾਨ ਕਰਦਾ ਸੀ, ਇਸ ਲਈ ਉਸ ਨੇ ਉਸ ਨੂੰ ਮਾਰ ਦਿੱਤਾ। ਪੁਲਸ ਇਸ ਦਲੀਲ ਨੂੰ ਸ਼ੱਕੀ ਨਜ਼ਰ ਨਾਲ ਦੇਖ ਰਹੀ ਹੈ ਕਿਉਂਕਿ ਮੁਲਜ਼ਮ ਦੀ ਪਤਨੀ ਤੇ ਮਾਂ ਲੁਧਿਆਣਾ ਵਿਚ ਨਹੀਂ, ਸਗੋਂ ਉਤਰ ਪ੍ਰਦੇਸ਼ ਦੇ ਇਕ ਪਿੰਡ ਵਿਚ ਰਹਿੰਦੀਆਂ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਫਿਲਹਾਲ ਨਸ਼ੇ ਵਿਚ ਹੈ ਤੇ ਆਪਣੇ ਬਿਆਨ ਵਾਰ-ਵਾਰ ਬਦਲ ਰਿਹਾ ਹੈ।
ਪਤਨੀ ਤੋਂ ਤੰਗ ਪਤੀ ਨੇ ਕੀਤੀ ਖ਼ੁਦਕੁਸ਼ੀ, ਨਾਜਾਇਜ਼ ਸਬੰਧਾਂ ਦਾ ਦੋਸ਼
NEXT STORY