ਲੁਧਿਆਣਾ (ਰਾਜ): ਨਿਊ ਸ਼ਿਵਪੁਰੀ ਇਲਾਕੇ ਵਿਚ ਕਾਨੂੰਨ ਵਿਵਸਥਾ ਨੂੰ ਛਿੱਕੇ ਟੰਗਦੇ ਹੋਏ ਬੇਖੌਫ ਗੁੰਡਿਆਂ ਨੇ ਇਕ ਢਾਬਾ ਸੰਚਾਲਕ 'ਤੇ ਦੋ ਵਾਰ ਹਮਲਾ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਮਹਿਜ਼ ਖਾਣਾ ਖਤਮ ਹੋਣ ਦੀ ਗੱਲ ਕਹਿਣ 'ਤੇ ਸ਼ੁਰੂ ਹੋਇਆ ਵਿਵਾਦ ਖੂਨੀ ਸੰਘਰਸ਼ ਅਤੇ ਲੁੱਟ-ਖੋਹ ਵਿਚ ਬਦਲ ਗਿਆ। ਪੀੜਤ ਦੁਕਾਨਦਾਰ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਆਪਣੀ ਜਾਨ-ਮਾਲ ਦੀ ਗੁਹਾਰ ਲਗਾਈ ਹੈ।
ਇਸ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਸ ਨੇ ਰਾਹਿਲ ਦੀ ਸ਼ਿਕਾਇਤ 'ਤੇ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕੀਤਾ ਹੈ। ਪੀੜਤ ਨੇ ਦੱਸਿਆ ਕਿ 31 ਮਾਰਚ ਦੀ ਰਾਤ ਕਰੀਬ 10:30 ਵਜੇ ਜਦੋਂ ਉਹ ਆਪਣਾ ਢਾਬਾ ਬੰਦ ਕਰਨ ਦੀ ਤਿਆਰੀ ਵਿਚ ਸੀ, ਉਦੋਂ ਤਿੰਨ ਨੌਜਵਾਨ ਪੈਦਲ ਆਏ ਅਤੇ ਖਾਣਾ ਮੰਗਣ ਲੱਗੇ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਖਾਣਾ ਖਤਮ ਹੋ ਚੁੱਕਾ ਹੈ, ਤਾਂ ਉਹ ਭੜਕ ਗਏ ਅਤੇ ਗਾਲੀ-ਗਲੋਚ ਕਰਦੇ ਹੋਏ ਕੁੱਟਮਾਰ 'ਤੇ ਉਤਾਰੂ ਹੋ ਗਏ। ਇੰਨਾ ਹੀ ਨਹੀਂ, ਬਦਮਾਸ਼ਾਂ ਨੇ ਜ਼ਬਰਦਸਤੀ ਗੱਲੇ ਵਿਚੋਂ 15,000 ਰੁਪਏ ਅਤੇ ਪੀੜਤ ਦੀ ਜੇਬ ਵਿਚੋਂ 3,000 ਰੁਪਏ ਲੁੱਟ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ 2 ਅਪ੍ਰੈਲ ਦੀ ਰਾਤ ਕਰੀਬ 10 ਵਜੇ ਫਿਰ ਤੋਂ 10-12 ਅਣਪਛਾਤੇ ਹਮਲਾਵਰਾਂ ਨੇ ਢਾਬੇ 'ਤੇ ਧਾਵਾ ਬੋਲ ਦਿੱਤਾ ਅਤੇ ਦੁਕਾਨਦਾਰ ਦੀ ਬੁਰੀ ਤਰ੍ਹਾਂ ਪਿਟਾਈ ਕੀਤੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਨੂੰ ਜਲਦ ਸਲਾਖਾਂ ਪਿੱਛੇ ਭੇਜਿਆ ਜਾਵੇਗਾ।
ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾਈ, ਇਲਾਕੇ ਦੀ ਬਿਜਲੀ ਗੁੱਲ
NEXT STORY