ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਟ੍ਰਾਈਡੈਂਟ ਗਰੁੱਪ ਲਿਮਟਿਡ ਦੇ ਸਾਬਕਾ ਚੀਫ਼ ਫਾਈਨਾਂਸ਼ੀਅਲ ਅਫ਼ਸਰ (ਸੀ. ਐੱਫ. ਓ.) ਹਰਵਿੰਦਰ ਸਿੰਘ ਗਿੱਲ ਉਰਫ਼ ਹਰਵਿੰਦਰ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਪਿੰਡ ਸੰਗੋਵਾਲ, ਲੁਧਿਆਣਾ ਵੱਲੋਂ ਕੰਪਨੀ ਨਾਲ 16 ਅਪ੍ਰੈਲ 2019 ਤੋਂ 17 ਫਰਵਰੀ 2022 ਤੱਕ ਦੇ ਸਮੇਂ ਦੌਰਾਨ ਵੱਡੇ ਪੱਧਰ ’ਤੇ ਕੀਤੇ ਗਏ ਵਿੱਤੀ ਘਪਲੇ ਦੇ ਬਾਰੇ ਜਾਣਕਾਰੀ ਹਾਸਲ ਹੋਈ। ਹਰਵਿੰਦਰ ਸਿੰਘ ਗਿੱਲ ਨੇ ਟ੍ਰਾਈਡੈਂਟ ਲਿਮਟਿਡ ਕੰਪਨੀ ’ਚ 9 ਸਤੰਬਰ, 2014 ਤੋਂ 18 ਫਰਵਰੀ 2022 ਤੱਕ ਅਤੇ ਟਰਾਈਡੈਂਟ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ’ਚ 34 ਸਾਲਾਂ ਤੋਂ ਵੱਧ ਸਮੇਂ ਤੱਕ ਕੰਮ ਕੀਤਾ ਹੈ।
ਕੰਪਨੀ ਵੱਲੋਂ ਕਰਵਾਏ ਅੰਦਰੂਨੀ ਆਡਿਟ ਤੋਂ ਪਤਾ ਲੱਗਾ ਹੈ ਕਿ ਕੁੱਲ 185 ਲੈਣ-ਦੇਣ ’ਚੋਂ 8 ਕਰੋੜ ਰੁਪਏ ਤੋਂ ਵੱਧ ਦੀ ਰਕਮ ਹਰਵਿੰਦਰ ਸਿੰਘ ਗਿੱਲ ਉਰਫ਼ ਹਰਵਿੰਦਰ ਸਿੰਘ ਦੇ ਨਿੱਜੀ ਖ਼ਾਤਿਆਂ ’ਚ ਆਨਲਾਈਨ ਨੈੱਟ ਬੈਂਕਿੰਗ ਰਾਹੀਂ ਟਰਾਂਸਫਰ ਕੀਤੀ ਗਈ ਸੀ। ਭਾਵੇਂ ਕਿ ਉਹ ਸਿਰਫ਼ ਟਰਾਂਜੈਕਸ਼ਨ ਮੇਕਰ ਵਜੋਂ ਅਧਿਕਾਰਤ ਸੀ, ਫਿਰ ਵੀ ਉਸ ਨੇ ਧੋਖਾਦੇਹੀ ਨਾਲ ਸਟੇਟ ਬੈਂਕ ਆਫ਼ ਇੰਡੀਆ ਢੋਲੇਵਾਲ ਸ਼ਾਖਾ, ਜੀ. ਟੀ. ਰੋਡ, ਲੁਧਿਆਣਾ (04046) ਦੇ ਕੰਪਨੀ ਦੇ ਖ਼ਾਤੇ ਦਾ ਵਨ ਟਾਈਮ ਪਾਸਵਰਡ ਆਪਣੇ ਮੋਬਾਇਲ ’ਤੇ ਪ੍ਰਾਪਤ ਕਰ ਕੇ ਧੋਖੇ ਨਾਲ ਵੱਖ-ਵੱਖ ਬੈਂਕਾਂ ’ਚ ਆਪਣੇ ਨਿੱਜੀ ਖ਼ਾਤਿਆਂ ’ਚ ਪੈਸੇ ਟਰਾਂਸਫਰ ਕਰ ਲਏ, ਜੋ ਕਿ ਐੱਸ. ਬੀ. ਆਈ. ਬੈਂਕ, ਸਰਾਭਾ ਨਗਰ ਅਤੇ ਐੱਚ. ਡੀ. ਐੱਫ. ਸੀ. ਬੈਂਕ ਜਸਦੇਵ ਨਗਰ (ਵੀ. ਪੀ. ਓ. ਗਿੱਲ) ਲੁਧਿਆਣਾ ’ਚ ਸਨ ਅਤੇ ਉਥੋਂ ਉਹ ਪੈਸੇ ਅਗਿਆਤ ਖ਼ਾਤਿਆਂ ’ਚ ਟਰਾਂਸਫਰ ਕਰ ਦਿੱਤੇ। ਇਹ ਜਾਣਿਆ ਜਾਂਦਾ ਹੈ ਕਿ ਉਸ ਦਾ ਪਰਿਵਾਰ ਅਤੇ ਪੁੱਤਰ ਬੈਲਜੀਅਮ ਅਤੇ ਕੈਨੇਡਾ ’ਚ ਸੈਟਲ ਹਨ। ਹਰਵਿੰਦਰ ਗਿੱਲ ਨੇ ਵੀ ਗੈਰ ਰਸਮੀ ਤੌਰ ’ਤੇ ਮੰਨਿਆ ਕਿ ਉਸ ਨੂੰ ਕਦੇ ਵੀ ਆਮਦਨ ਕਰ ਵਿਭਾਗ ਵੱਲੋਂ ਕੋਈ ਨੋਟਿਸ ਨਹੀਂ ਮਿਲਿਆ, ਭਾਵੇਂ ਕਿ ਖ਼ਾਤੇ ’ਚ ਟਰਾਂਸਫਰ ਕੀਤੀ ਗਈ ਰਕਮ ਉਸਦੀ ਤਨਖ਼ਾਹ ਤੋਂ ਕਿਤੇ ਵੱਧ ਸੀ।
ਕੰਪਨੀ ਦੇ ਆਡੀਟਰ ਐੱਸ. ਸੀ. ਵਾਸੂਦੇਵ ਐਂਡ ਕੰਪਨੀ ਚਾਰਟਰਡ ਅਕਾਊਂਟੈਂਟ ਨੂੰ ਵੀ ਇਸ ਸਭ ਦੀ ਜਾਣਕਾਰੀ ਨਹੀਂ ਸੀ, ਜਦਕਿ ਉਹ ਕੰਪਨੀ ਦੀ ਬੈਲੇਂਸ ਸ਼ੀਟ ’ਤੇ ਹਸਤਾਖ਼ਰਕਰਤਾ ਹਨ। ਇਸ ਦੌਰਾਨ, ਕੰਪਨੀ ਦੇ ਹੋਰ ਮੁਲਾਜ਼ਮਾਂ ਦੀਆਂ ਭੂਮਿਕਾਵਾਂ ਅਤੇ ਕਈ ਹੋਰ ਖ਼ਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਕੰਪਨੀ ਦੇ ਪ੍ਰਬੰਧਕਾਂ ਨੂੰ ਯਕੀਨ ਹੈ ਕਿ ਕੁੱਲ ਘਪਲੇ ਦੀ ਰਕਮ ਹੋਰ ਵਧ ਸਕਦੀ ਹੈ ਕਿਉਂਕਿ ਕੰਪਨੀ ਦੇ ਸੀਨੀਅਰ ਪ੍ਰਬੰਧਨ ਨੂੰ ਧੋਖਾਦੇਹੀ ਦੇ ਹੋਰ ਸੁਰਾਗ ਮਿਲੇ ਹਨ। ਇਸ ਸਬੰਧੀ ਥਾਣਾ ਬਰਨਾਲਾ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਫਰੈਂਕੋ ਨੂੰ ਮੁੜ ਜਲੰਧਰ ਦਾ ਬਿਸ਼ਪ ਬਣਾਉਣ ਦੇ ਫ਼ੈਸਲੇ ਖ਼ਿਲਾਫ਼ ਪਟੀਸ਼ਨ ਦਾਇਰ
NEXT STORY