ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਨਵਾਂ ਪਾਵਰ ਬੈਂਕ ਖ਼ਰਾਬ ਨਿਕਲਣ ਅਤੇ ਵਾਰੰਟੀ ਸਮਾਂ ਸੀਮਾ ਦੇ ਅੰਦਰ ਇਸ ਨੂੰ ਨਾ ਬਦਲਣ ’ਤੇ ਅਹਿਮਦਾਬਾਦ ਦੀ ਹਰੀਕ੍ਰਿਸ਼ਨ ਕਮਿਊਨੀਕੇਸ਼ਨ ਐਂਡ ਇੰਟੈਕਸ ਟੈਕਨਾਲੋਜੀ (ਇੰਡੀਆ) ਦੀ ਮੈਨਿਊਫੈਕਚਰਿੰਗ ਕੰਪਨੀ ’ਤੇ 5,000 ਰੁਪਏ ਹਰਜਾਨਾ ਲਗਾਇਆ ਹੈ। ਨਾਲ ਹੀ ਕਮਿਸ਼ਨ ਨੇ ਸ਼ਿਕਾਇਤਕਰਤਾ ਵੱਲੋਂ ਖਰੀਦੇ ਪਾਵਰ ਬੈਂਕ ਲਈ ਦਿੱਤੀ ਗਈ 770 ਰੁਪਏ ਦੀ ਰਕਮ 6 ਫ਼ੀਸਦੀ ਸਾਲਾਨਾ ਵਿਆਜ ਦੀ ਦਰ ਨਾਲ ਵਾਪਸ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।
ਇੰਡਸਟਰੀਅਲ ਏਰੀਆ ਫੇਜ਼-1 ਦੇ ਵਸਨੀਕ ਰਿਕਾਸ਼ ਗੋਇਲ ਨੇ ਕਮਿਸ਼ਨ ਵਿਚ ਦਾਇਰ ਸ਼ਿਕਾਇਤ ਵਿਚ ਦੱਸਿਆ ਕਿ ਅਮੇਜ਼ਾਨ ਸੇਲਰ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੀ ਵੈੱਬਸਾਈਟ ’ਤੇ ਇਸ਼ਤਿਹਾਰ ਦੇਖ ਕੇ ਉਸ ਨੇ 22 ਜੁਲਾਈ 2020 ਨੂੰ 770 ਰੁਪਏ ਦਾ ਭੁਗਤਾਨ ਕਰਕੇ ਹਰੀਕ੍ਰਿਸ਼ਨ ਕਮਿਊਨੀਕੇਸ਼ਨ ਤੋਂ ਪਾਵਰ ਬੈਂਕ ਖ਼ਰੀਦਿਆ ਸੀ। 26 ਸਤੰਬਰ ਨੂੰ ਉਹ ਹਿਮਾਚਲ ਪ੍ਰਦੇਸ਼ ਗਿਆ ਅਤੇ ਮੋਬਾਇਲ ਫ਼ੋਨ ਚਾਰਜ ਕਰਨ ਲਈ ਪਾਵਰ ਬੈਂਕ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਚਾਲੂ ਹੀ ਨਹੀਂ ਹੋਇਆ।
ਇਸ ਤੋਂ ਬਾਅਦ 28 ਸਤੰਬਰ ਨੂੰ ਖ਼ਰਾਬ ਪਾਵਰ ਬੈਂਕ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ-41 ਸਥਿਤ ਭਾਰਤ ਇੰਟਰਪ੍ਰਾਈਜਿਜ਼ ਨਾਲ ਸੰਪਰਕ ਕੀਤਾ। ਸ਼ਿਕਾਇਤਕਰਤਾ ਨੂੰ ਕਿਹਾ ਗਿਆ ਕਿ ਕੰਪਨੀ ਉਸ ਬਦਲ ਕੇ ਨਵਾਂ ਪਾਵਰ ਬੈਂਕ ਨਹੀਂ ਦੇਵੇਗੀ। ਇਸ ਤੋਂ ਬਾਅਦ 10 ਅਕਤੂਬਰ ਨੂੰ ਮੋਬਾਇਲ ’ਤੇ ਐੱਸ.ਐੱਮ.ਐੱਸ. ਮਿਲਿਆ ਕਿ ਉਹ ਆਪਣਾ ਉਤਪਾਦ ਲੈ ਸਕਦਾ ਹੈ, ਕਿਉਂਕਿ ਜਾਬ ਸ਼ੀਟ ਬੰਦ ਹੋ ਗਈ ਹੈ। ਜਦੋਂ ਉਸ ਨੇ ਜਾਬ ਸ਼ੀਟ ’ਤੇ ਦਿੱਤੇ ਮੋਬਾਇਲ ਨੰਬਰ ’ਤੇ ਫੋਨ ਕੀਤਾ ਤਾਂ ਉਸ ਨੂੰ ਦੱਸਿਆ ਗਿਆ ਕਿ ਉਹ ਐਕਸਚੇਂਜ ਤਹਿਤ ਨਵਾਂ ਪਾਵਰ ਬੈਂਕ ਲੈ ਸਕਦਾ ਹੈ।
ਹਾਲਾਂਕਿ ਜਦੋਂ ਉਹ 12 ਅਕਤੂਬਰ ਨੂੰ ਸਰਵਿਸ ਸੈਂਟਰ ਗਿਆ ਤਾਂ ਸਬੰਧਿਤ ਅਧਿਕਾਰੀ ਨੇ ਨਵੇਂ ਪਾਵਰ ਬੈਂਕ ਦੀ ਬਜਾਏ ਪਹਿਲਾਂ ਤੋਂ ਵਰਤੋਂ ਕੀਤਾ ਪੁਰਾਣਾ ਸਕਰੈਚ ਵਾਲਾ ਪਾਵਰ ਬੈਂਕ ਦੇਣ ਦੀ ਕੋਸ਼ਿਸ਼ ਕੀਤੀ। ਜਦੋਂ ਸ਼ਿਕਾਇਤਕਰਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਕੰਪਨੀ ਨੇ ਪਹਿਲਾਂ ਤੋਂ ਜਮ੍ਹਾਂ ਕੀਤੇ ਪੁਰਾਣੇ ਪਾਵਰ ਬੈਂਕ ਜਾਂ ਉਸ ਦੀ ਜਗ੍ਹਾਂ ਨਵਾਂ ਪਾਵਰ ਬੈਂਕ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ਿਕਾਇਤਕਰਤਾ ਨੇ ਕੰਪਨੀ ਦੀ ਇਸ ਕਾਰਵਾਈ ਨੂੰ ਸੇਵਾ ਵਿਚ ਕਮੀ ਅਤੇ ਅਨੁਚਿਤ ਵਪਾਰ ਵਿਵਹਾਰ ਦੱਸਦਿਆਂ ਖ਼ਪਤਕਾਰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।
ਕਾਂਗਰਸੀ ਆਗੂ 'ਤੇ ਫ਼ਾਇਰਿੰਗ ਮਾਮਲੇ ਦਾ ਖੁੱਲ੍ਹਿਆ ਸਾਰਾ ਭੇਤ, ਏਅਰਪੋਰਟ ਤੋਂ ਮੁਲਜ਼ਮ ਕਾਬੂ
NEXT STORY