ਸਿੱਧਵਾਂ ਬੇਟ (ਚਾਹਲ) : ਪਿੰਡ ਪਰਜੀਆ ਬਿਹਾਰੀਪੁਰ 'ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਪਰਿਵਾਰ ਦੇ 5 ਮੈਂਬਰਾਂ ਨੇ ਕੁੱਝ ਅਣਵਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਖੇਤ 'ਚ ਬੀਜੀ ਕਣਕ ਦੀ ਫ਼ਸਲ ਨੂੰ ਅੱਗ ਲਗਾ ਦਿੱਤੀ। ਇਸ ਕਾਰਨ ਤਿੰਨ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਥਾਣਾ ਸਿੱਧਵਾਂ ਬੇਟ ਦੀ ਪੁਲਸ ਨੇ ਥਾਣਾ ਸਿੱਧਵਾਂ ਬੇਟ ਵਿਖੇ ਇੱਕੋ ਪਰਿਵਾਰ ਦੀਆਂ ਦੋ ਔਰਤਾਂ ਸਮੇਤ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮੁਲਜ਼ਮ ਦੀ ਪਛਾਣ ਰੇਸ਼ਮ ਸਿੰਘ ਪੁੱਤਰ ਲਾਭ ਸਿੰਘ, ਕੁਸਲਿਆ ਬਾਈ ਪਤਨੀ ਰੇਸ਼ਮ ਸਿੰਘ, ਬਲਵਿੰਦਰ ਕੌਰ ਉਰਫ਼ ਦੇਬੋ ਪੁੱਤਰੀ ਰੇਸ਼ਮ ਸਿੰਘ, ਕਿਸ਼ਨ ਸਿੰਘ ਪੁੱਤਰ ਰੇਸ਼ਮ ਸਿੰਘ, ਬਲਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਪਰਜੀਆ ਬਿਹਾਰੀਪੁਰ ਵਜੋਂ ਹੋਈ ਹੈ। ਫਿਲਹਾਲ ਸਾਰੇ ਦੋਸ਼ੀ ਆਪਣੇ ਘਰਾਂ ਤੋਂ ਫ਼ਰਾਰ ਹਨ। ਪੁਲਸ ਵੱਲੋਂ ਉਨ੍ਹਾਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿੱਧਵਾਂ ਬੇਟ ਦੇ ਏ. ਐੱਸ. ਆਈ. ਬੇਅੰਤ ਸਿੰਘ ਨੇ ਦੱਸਿਆ ਕਿ ਪੀੜਤ ਵਿਅਕਤੀ ਦੇਸ ਰਾਜ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਕੰਨੀਆ ਖੁਰਦ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਸੂਚਿਤ ਕੀਤਾ ਹੈ ਕਿ ਜਸਵੰਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਰਜੀਆ ਬਿਹਾਰੀਪੁਰ ਨੇ ਉਸ ਨੂੰ ਆਪਣੀ ਸਾਢੇ ਚਾਰ ਏਕੜ ਜ਼ਮੀਨ ਠੇਕੇ ’ਤੇ ਦਿੱਤੀ ਹੋਈ ਹੈ। ਇਸ 'ਤੇ ਉਸ ਨੇ ਕਣਕ ਦੀ ਫ਼ਸਲ ਬੀਜੀ ਹੋਈ ਸੀ।
ਇਸ ਸਬੰਧੀ ਕਥਿਤ ਦੋਸ਼ੀ ਉਸ ਨੂੰ ਇਹ ਕਹਿ ਕੇ ਫ਼ਸਲ ਦੀ ਕਟਾਈ ਕਰਨ ਤੋਂ ਰੋਕ ਰਹੇ ਹਨ ਕਿ ਜ਼ਮੀਨ ਉਨ੍ਹਾਂ ਦੀ ਹੈ ਅਤੇ ਉਹ ਫ਼ਸਲ ਦੀ ਕਟਾਈ ਵੀ ਕਰਨਗੇ। ਕਰੀਬ ਇਕ ਹਫ਼ਤਾ ਪਹਿਲਾਂ ਉਸ ਨੇ ਆਪਣੀ ਫ਼ਸਲ ਦੀ ਕਟਾਈ ਲਈ ਖੇਤ ਵਿੱਚ ਕੰਬਾਈਨ ਲਗਾ ਦਿੱਤੀ। ਜਿਸ ਤੋਂ ਬਾਅਦ ਉਕਤ ਮੁਲਜ਼ਮਾਂ ਨੇ ਖੇਤ ਵਿੱਚ ਆ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਫ਼ਸਲ ਦੀ ਕਟਾਈ ਕਰਨ ਤੋਂ ਰੋਕ ਦਿੱਤਾ। ਜਦੋਂ ਉਸ ਨੇ ਆਪਣੀ ਵਾਢੀ ਦੀ ਮਸ਼ੀਨ ਨੂੰ ਬੰਦ ਨਾ ਕੀਤਾ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਫ਼ਸਲ ਨੂੰ ਅੱਗ ਲਗਾ ਦਿੱਤੀ।
ਜਿਸ ਕਾਰਨ ਉਸ ਦੀ ਤਿੰਨ ਏਕੜ ਜ਼ਮੀਨ ਵਿਚ ਬੀਜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ।ਇਸ ਦੌਰਾਨ ਮੁਲਜ਼ਮ ਉਸ ਨੂੰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਕ ਹਫ਼ਤੇ ਤੱਕ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿੱਚ ਕੇਸ ਦਰਜ ਕਰ ਲਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਸਾਰੇ ਮੁਲਜ਼ਮ ਘਰੋਂ ਫ਼ਰਾਰ ਹੋ ਗਏ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੰਜਾਬ 'ਚ ਠੰਢੀਆਂ ਹਵਾਵਾਂ ਦਾ ਦੌਰ ਜਾਰੀ, ਬੂੰਦਾਬਾਂਦੀ ਨਾਲ ਤਾਪਮਾਨ ’ਚ 12 ਡਿਗਰੀ ਦੀ ਰਿਕਾਰਡ ਗਿਰਾਵਟ
NEXT STORY