ਚੰਡੀਗੜ੍ਹ (ਸੁਸ਼ੀਲ) : ਸੀ. ਬੀ. ਆਈ. ਅਫ਼ਸਰ ਬਣ ਕੇ ਮਨੀ ਲਾਂਡਰਿੰਗ ਮਾਮਲੇ 'ਚ ਔਰਤ ਖ਼ਿਲਾਫ਼ ਮਾਮਲਾ ਦਰਜ ਕਰਨ ਅਤੇ ਬੈਂਕ ’ਚ ਮੋਬਾਇਲ ਨੰਬਰ ਅਤੇ ਈ-ਮੇਲ ਆਈ. ਡੀ. ਬਦਲਣ ਦੇ ਨਾਂ ’ਤੇ 87 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ-48 ਦੀ ਸੁਪਰ ਕੋ-ਆਪ੍ਰੇਟਿਵ ਸੋਸਾਇਟੀ ਦੀ ਵਸਨੀਕ ਵੀਨਾ ਨੇ ਸਾਈਬਰ ਸੈੱਲ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਵਟਸਐਪ ਕਾਲ ਕਰਨ ਵਾਲੇ ਨੇ ਖ਼ੁਦ ਨੂੰ ਬੰਬੇ ਸੀ. ਬੀ. ਆਈ. ਦਾ ਅਧਿਕਾਰੀ ਦੱਸਿਆ। ਮੁਲਜ਼ਮ ਨੇ ਕਿਹਾ ਕਿ ਤੁਹਾਡੇ ਕੇਨਰਾ ਬੈਂਕ ਖਾਤੇ ’ਚ ਧੋਖਾਧੜੀ ਦਾ ਪਤਾ ਲੱਗਾ ਹੈ, ਜਿਸ ਤਹਿਤ ਮਨੀ ਲਾਂਡਰਿੰਗ ਮਾਮਲੇ ’ਚ ਮੁਲਜ਼ਮ ਹੋ। ਤੁਹਾਡੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਅਤੇ ਗ੍ਰਿਫ਼ਤਾਰ ਕਰ ਕੇ ਬੰਬਈ ਲਿਜਾਇਆ ਜਾਵੇਗਾ।
ਅਗਲੇ ਦਿਨ ਵੀਡੀਓ ਕਾਲ ਕਰ ਕੇ ਸੀ. ਬੀ.ਆਈ. ਦਫ਼ਤਰ ਵਿਖਾਇਆ ਤੇ ਔਰਤ ਨੂੰ ਹਾਊਸ ਅਰੈਸਟ ਹੋਣ ਦੇ ਹੁਕਮ ਜਾਰੀ ਕੀਤੇ। ਠੱਗਾਂ ਨੇ ਕਿਹਾ ਕਿ ਸੀ.ਬੀ.ਆਈ. ਦੀ ਟੀਮ ਗ੍ਰਿਫ਼ਤਾਰ ਕਰਨ ਆ ਰਹੀ ਹੈ। ਉਨ੍ਹਾਂ ਦੇ ਕਰਮਚਾਰੀ ਨਜ਼ਰ ਰੱਖ ਰਹੇ ਹਨ। ਔਰਤ ਗ੍ਰਿਫ਼ਤਾਰੀ ਤੋਂ ਬਚਣ ਲਈ ਦੱਸੇ ਗਏ ਖ਼ਾਤੇ ’ਚ ਪੈਸੇ ਜਮ੍ਹਾਂ ਕਰਵਾਉਣ ਲਈ ਰਾਜ਼ੀ ਹੋ ਗਈ। ਔਰਤ ਨੇ 25 ਜੂਨ ਨੂੰ ਐੱਸ. ਬੀ. ਆਈ. ਖ਼ਾਤੇ ’ਚ 55 ਲੱਖ, 28 ਜੂਨ ਨੂੰ ਦੂਜੇ ਬੈਂਕ ਖ਼ਾਤੇ ’ਚ 10 ਲੱਖ ਜਮ੍ਹਾਂ ਕਰਵਾ ਦਿੱਤੇ। ਇਸ ਤੋਂ ਬਾਅਦ ਔਰਤ ਨੇ ਤਿੰਨ ਤੇ ਚਾਰ ਲੱਖ ਰੁਪਏ ਵੀ ਜਮ੍ਹਾਂ ਕਰਵਾ ਦਿੱਤੇ। ਔਰਤ ਨੇ ਕੁੱਲ 72 ਲੱਖ ਰੁਪਏ ਜਮ੍ਹਾਂ ਕਰਵਾਏ। ਧੋਖਾਧੜੀ ਦਾ ਅਹਿਸਾਸ ਹੋਣ ’ਤੇ ਮਾਮਲੇ ਦੀ ਜਾਣਕਾਰੀ ਰਿਸ਼ਤੇਦਾਰਾਂ ਤੇ ਸਾਈਬਰ ਸੈੱਲ ਨੂੰ ਦਿੱਤੀ। ਸਾਈਬਰ ਸੈੱਲ ਨੇ ਬੁੱਧਵਾਰ ਨੂੰ ਜਾਂਚ ਕਰ ਕੇ ਮਾਮਲਾ ਦਰਜ ਕਰ ਲਿਆ ਹੈ।
ਬੈਂਕ ਖ਼ਾਤਾ ਅਪਰੇਟ ਕਰਨ ਦੀ ਗੱਲ ਕਹਿ ਕੇ 15 ਲੱਖ ਰੁਪਏ ਦੀ ਠੱਗੀ
ਸੈਕਟਰ-40 ਵਾਸੀ ਹੀਰਾ ਟੀਕਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਬੇਟੇ ਅਮਿਤ ਟੀਕਾ ਨਾਲ ਸੈਕਟਰ-38 ਸਥਿਤ ਐੱਚ. ਡੀ.ਐੱਫ. ਸੀ. ਬੈਂਕ ’ਚ ਖ਼ਾਤਾ ਹੈ। 28 ਜੂਨ, 2024 ਨੂੰ ਖ਼ਾਤਾ ਚਲਾਉਣ ਦਾ ਮੈਸੇਜ ਆਇਆ ਸੀ। ਜਦੋਂ ਬੈਂਕ ਖ਼ਾਤਾ ਚਲਾਉਣ ਲੱਗਾ ਤਾਂ ਚੱਲਿਆ ਨਹੀਂ। ਪਤਾ ਲੱਗਾ ਕਿ ਕਿਸੇ ਨੇ ਪਾਸਵਰਡ ਤੇ ਈ-ਮੇਲ ਆਈ.ਡੀ. ਬਦਲ ਦਿੱਤੀ ਹੈ। ਇਸ ਤੋਂ ਬਾਅਦ ਫੋਨ ਆਇਆ ਅਤੇ ਪਾਸਵਰਡ ਅਤੇ ਈ-ਮੇਲ ਆਈ. ਡੀ.ਅਪਡੇਟ ਕਰਨ ਲਈ ਕਿਹਾ। ਬੈਂਕ ਮੁਲਾਜ਼ਮ ਨੇ ਖ਼ਾਤੇ ਸਬੰਧੀ ਜਾਣਕਾਰੀ ਲੈ ਕੇ ਉਸ ਦੇ ਖਾਤੇ ’ਚੋਂ 15 ਲੱਖ 4 ਹਜ਼ਾਰ 500 ਰੁਪਏ ਕੱਢਵਾ ਲਏ। ਸ਼ਿਕਾਇਤਕਰਤਾ ਲੱਖਾਂ ਰੁਪਏ ਕੱਢਵਾਉਣ ਦਾ ਮੈਸੇਜ ਦੇਖ ਕੇ ਹੈਰਾਨ ਰਹਿ ਗਿਆ। ਉਸ ਨੇ ਬੈਂਕ ਮੁਲਾਜ਼ਮ ਨੂੰ ਫੋਨ ਕੀਤਾ ਪਰ ਉਹ ਬੰਦ ਆਇਆ। ਸ਼ਿਕਾਇਤਕਰਤਾ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ ਪੁਲਸ 'ਚ ਨਿਕਲੀ ਭਰਤੀ, 12ਵੀਂ ਪਾਸ ਉਮੀਦਵਾਰ ਕਰਨ ਅਪਲਾਈ
NEXT STORY