ਫਿਰੋਜ਼ਪੁਰ (ਮਲਹੋਤਰਾ) : ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਉਨ੍ਹਾਂ ਨਾਲ ਠੱਗੀ ਮਾਰਨ ਵਾਲੇ ਚਾਰ ਦੋਸ਼ੀਆਂ ਖ਼ਿਲਾਫ਼ ਪੁਲਸ ਨੇ ਪਰਚੇ ਦਰਜ ਕੀਤੇ ਹਨ। ਇਹ ਦੋਵੇਂ ਪਰਚੇ ਥਾਣਾ ਸਿਟੀ ਫਿਰੋਜ਼ਪੁਰ ਵਿਚ ਦਰਜ ਹੋਏ ਹਨ, ਜਿਨ੍ਹਾਂ ਵਿਚ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪਹਿਲੇ ਕੇਸ 'ਚ ਲਵਦੀਪ ਸਿੰਘ ਵਾਸੀ ਪਿੰਡ ਜੋਧਪੁਰ ਨੇ ਪੁਲਸ ਨੂੰ ਸ਼ਿਕਾਇਤ ਦੇ ਦੱਸਿਆ ਸੀ ਕਿ ਉਸ ਨੇ ਵਿਦੇਸ਼ ਜਾਣ ਦੇ ਲਈ ਇਮੀਗ੍ਰੇਸ਼ਨ ਦੇ ਨਾਲ ਸੰਪਰਕ ਕੀਤਾ। ਇਮੀਗ੍ਰੇਸ਼ਨ ਦਫ਼ਤਰ ਸੰਚਾਲਕਾਂ ਸ਼ਿਵਾਨੀ ਅਤੇ ਸੋਨੀਆ ਦੋਵੇਂ ਵਾਸੀ ਅੰਮ੍ਰਿਤਸਰ ਨੇ ਉਸ ਨੂੰ ਇਸ ਲਾਅਰੇ ਵਿਚ ਲਾ ਲਿਆ ਕਿ ਉਹ ਪਹਿਲਾਂ ਵੀ ਕਈ ਮੁੰਡਿਆਂ ਨੂੰ ਵਿਦੇਸ਼ ਭੇਜ ਕੇ ਪੱਕਾ ਕਰਵਾ ਚੁੱਕੀਆਂ ਹਨ।
ਉਸ ਨੇ ਦੱਸਿਆ ਕਿ ਉਸ ਨੇ ਵੱਖ-ਵੱਖ ਸਮੇਂ ਦੌਰਾਨ ਉਕਤ ਦੋਹਾਂ ਨੂੰ 6 ਲੱਖ ਰੁਪਏ ਦੇ ਦਿੱਤੇ ਪਰ ਪੈਸੇ ਦੇਣ ਦੇ ਕਾਫੀ ਸਮੇਂ ਬਾਅਦ ਤੱਕ, ਜਦੋਂ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਮੋੜੇ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਦੂਜੇ ਕੇਸ 'ਚ ਕਾਬਲ ਸਿੰਘ ਪਿੰਡ ਬੂਟੇਵਾਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਆਪਣੇ ਪੁੱਤਰ ਅਕਾਸ਼ਦੀਪ ਸਿੰਘ ਨੂੰ ਯੂ. ਕੇ. ਭੇਜਣ ਦੇ ਲਈ ਆਰ. ਬੀ. ਇਮੀਗ੍ਰੇਸ਼ਨ ਦੇ ਸੰਚਾਲਕਾਂ ਡਾਲਰ ਅਤੇ ਰਾਹੁਲ ਦੋਵੇਂ ਵਾਸੀ ਫਿਰੋਜ਼ਪੁਰ ਸਿਟੀ ਦੇ ਨਾਲ ਸੰਪਰਕ ਕੀਤਾ ਸੀ।
ਉਕਤ ਲੋਕਾਂ ਦੇ ਦੱਸੇ ਅਨੁਸਾਰ ਉਸ ਨੇ ਵੱਖ-ਵੱਖ ਸਮੇਂ ਦੌਰਾਨ 6.50 ਲੱਖ ਰੁਪਏ ਉਨ੍ਹਾਂ ਨੂੰ ਦੇ ਦਿੱਤੇ, ਜਿਸ ਤੋਂ ਬਾਅਦ ਉਨ੍ਹਾਂ ਉਸ ਦੇ ਕੋਲੋਂ ਆਕਾਸ਼ਦੀਪ ਸਿੰਘ ਦੇ ਵਿੱਦਿਅਕ ਸਰਟੀਫਿਕੇਟ ਅਤੇ ਪਾਸਪੋਰਟ ਲੈ ਲਿਆ। ਉਸ ਨੇ ਦੋਸ਼ ਲਗਾਏ ਕਿ ਕਾਫੀ ਸਮੇਂ ਬਾਅਦ ਤੱਕ ਜਦ ਨਾ ਤਾਂ ਇਨ੍ਹਾਂ ਉਸਦੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਦਸਤਾਵੇਜ਼ ਅਤੇ ਪੈਸੇ ਵਾਪਸ ਕੀਤੇ ਤਾਂ ਉਸ ਨੇ ਆਪਣੇ ਨਾਲ ਹੋਈ ਠੱਗੀ ਦੀ ਸੂਚਨਾ ਪੁਲਸ ਨੂੰ ਦਿੱਤੀ। ਦੋਹਾਂ ਮਾਮਲਿਆਂ ਵਿਚ ਪੁਲਸ ਨੇ ਚਾਰੇ ਦੋਸ਼ੀਆਂ ਦੇ ਖ਼ਿਲਾਫ਼ ਧੋਖਾਧੜੀ ਦੇ ਪਰਚੇ ਦਰਜ ਕਰ ਲਏ ਹਨ ਅਤੇ ਅਗਲੀ ਕਾਰਵਾਈ ਜਾਰੀ ਹੈ।
ਪੰਜਾਬ ਤੋਂ ਵੱਡੀ ਖ਼ਬਰ: ਇਨ੍ਹਾਂ 2 ਜ਼ਿਲ੍ਹਿਆਂ ਨੇ ਮਚਾਈ ਸਭ ਤੋਂ ਵੱਧ ਅੱਗ, ਪਹਿਲੇ ਸਥਾਨ 'ਤੇ...
NEXT STORY