ਲੁਧਿਆਣਾ (ਗੌਤਮ)- ਜਾਇਦਾਦ ਦੇ ਝਗੜੇ ਕਾਰਨ ਸਹੁਰੇ ਨੇ ਆਪਣੇ ਭਰਾ ਨਾਲ ਮਿਲ ਕੇ ਆਪਣੀ ਨੂੰਹ ’ਤੇ ਕੋਈ ਜ਼ਹਿਰੀਲੀ ਚੀਜ਼ ਸੁੱਟ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਝੁਲਸਣ ਕਾਰਨ ਔਰਤ ਨੇ ਰੌਲਾ ਪਾਇਆ ਅਤੇ ਆਂਢ-ਗੁਆਂਢ ਦੇ ਲੋਕਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਉਕਤ ਵਾਰਦਾਤ ਸੀ. ਐੱਮ. ਸੀ. ਕੋਲ ਨੌਲੱਖਾ ਗਾਰਡਨ ਕਾਲੋਨੀ ’ਚ ਹੋਈ। ਔਰਤ ਦੀ ਪਛਾਣ ਗੁੜੀਆ ਪਤਨੀ ਅਕਸ਼ਿਤ ਜੈਨ ਵਜੋਂ ਕੀਤੀ ਗਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕਰ ਕੇ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਗੁੜੀਆ ਦੇ ਬਿਆਨ ’ਤੇ ਉਸ ਦੇ ਸਹੁਰੇ ਸੰਜੇ ਜੈਨ ਅਤੇ ਉਸ ਦੇ ਭਰਾ ਰਜਨੀਸ਼ ਜੈਨ ਖਿਲਾਫ ਕੇਸ ਦਰਜ ਕਰ ਲਿਆ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਗੁੜੀਆ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਘਰ ਦੇ ਉੱਪਰਲੇ ਹਿੱਸੇ ਵਿਚ ਰਹਿੰਦੀ ਹੈ ਅਤੇ ਉਸ ਦੇ ਸਹੁਰਾ ਅਤੇ ਉਨ੍ਹਾਂ ਦਾ ਭਰਾ ਇਸੇ ਘਰ ਦੇ ਗਰਾਊਂਡ ਫਲੋਰ ਵਿਚ ਰਹਿੰਦੇ ਹਨ। ਉਕਤ ਲੋਕਾਂ ਨਾਲ ਉਨ੍ਹਾਂ ਦਾ ਪਿਛਲੇ ਕਾਫੀ ਸਮੇਂ ਤੋਂ ਜਾਇਦਾਦ ਦਾ ਝਗੜਾ ਚੱਲ ਰਿਹਾ ਹੈ, ਜਿਸ ਕਾਰਨ ਉਕਤ ਲੋਕ ਉਸ ਨੂੰ ਕਾਫੀ ਪ੍ਰੇਸ਼ਾਨ ਕਰਦੇ ਹਨ। 21 ਦਸੰਬਰ ਨੂੰ ਉਹ ਹਰ ਰੋਜ਼ ਵਾਂਗ ਆਪਣੀ ਰਸੋਈ ਵਿਚ ਕੰਮ ਕਰ ਰਹੀ ਸੀ ਤਾਂ ਉਕਤ ਮੁਲਜ਼ਮ ਉੱਪਰਲੀ ਮੰਜ਼ਿਲ ’ਤੇ ਆਏ ਅਤੇ ਮੁਲਜ਼ਮਾਂ ਨੇ ਉਸ ’ਤੇ ਕੋਈ ਜ਼ਹਿਰੀਲੀ ਚੀਜ਼ ਸੁੱਟ ਦਿੱਤੀ, ਜਿਸ ਕਾਰਨ ਉਸ ਦਾ ਸਰੀਰ ਜਲਣ ਲੱਗਾ ਅਤੇ ਉਸ ਨੇ ਬਚਾਅ ਲਈ ਰੌਲਾ ਪਾਇਆ। ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਏ. ਐੱਸ. ਆਈ. ਸੁਲੱਖਣ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਖਮੀ ਦਾ ਦੋਸ਼ ਸੀ ਕਿ ਉਸ ’ਤੇ ਤੇਜ਼ਾਬ ਸੁੱਟਿਆ ਗਿਆ ਹੈ ਪਰ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕੀ ਚੀਜ਼ ਹੈ। ਹਾਲ ਦੀ ਘੜੀ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੰਜਾਬ ਕਾਂਗਰਸ ਦੇ ਲੀਡਰ 'ਤੇ ਫ਼ਾਇਰਿੰਗ ਮਾਮਲੇ 'ਚ ਨਵਾਂ ਮੋੜ! ਮੁਲਜ਼ਮ ਨੇ ਸੋਸ਼ਲ ਮੀਡੀਆ ਰਾਹੀਂ ਲਈ ਜ਼ਿੰਮੇਵਾਰੀ
NEXT STORY