ਜਲੰਧਰ(ਸੁਨਿਲ ਮਹਾਜਨ) — ਪੁਲਸ ਨੇ ਜਲੰਧਰ ਦੇ ਬੱਸ ਅੱਡੇ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚੋਂ 10 ਦੇ ਖਿਲਾਫ ਐਫ.ਆਈ.ਆਰ. ਦਰਜ ਕਰ ਦਿੱਤੀ ਹੈ। ਏਸੀਪੀ ਸਪੈਸ਼ਲ ਬ੍ਰਾਂਚ ਨੇ ਕਿਹਾ 188,186 ਅਤੇ 51 ਆਫ਼ਤ ਪ੍ਰਬੰਧਨ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ।
ਜਲੰਧਰ ਦੇ ਥਾਣਾ 6 ਅਧੀਨ ਆਉਂਦੇ ਬੱਸ ਅੱਡੇ ਦੀ ਚੌਕੀ ਦੀ ਪੁਲਸ ਨੇ ਧਰਨਾ-ਪ੍ਰਦਰਸ਼ਨ ਕਰ ਰਹੇ 10 ਦੁਕਾਨਦਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਦੁਕਾਨਦਾਰਾਂ ਦਾ ਧਰਨਾ-ਪ੍ਰਦਰਸ਼ਨ ਨਗਰ ਨਿਗਮ ਦੇ ਮੇਅਰ, ਸੰਸਦੀ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਦੇ ਖ਼ਿਲਾਫ਼ ਸੀ। ਦੁਕਾਨਦਾਰਾਂ ਨੇ ਦੋਸ਼ ਲਾਇਆ ਹੈ ਕਿ ਮੇਅਰ ਦੀ ਸਰਕਾਰੀ ਰਿਹਾਇਸ਼ 'ਤੇ ਉਨ੍ਹਾਂ ਨੂੰ ਬੁਲਾ ਕੇ ਸਾਰਿਆਂ ਨੇ ਗਾਲ੍ਹਾਂ ਕੱਢੀਆਂ, ਬਦਸਲੂਕੀ ਵੀ ਕੀਤੀ ਅਤੇ ਦੁਕਾਨਾਂ ਤੋੜਨ ਲਈ ਕਿਹਾ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਉਨ੍ਹਾਂ ਵਿਰੁੱਧ 188, 283 ਅਤੇ 51 ਆਫ਼ਤ ਐਕਟ ਲਗਾ ਕੇ ਕੇਸ ਦਰਜ ਕੀਤਾ ਹੈ।
ਪੁਲਸ ਨੇ ਦਿੱਤੀ ਮਾਮਲੇ ਦੀ ਜਾਣਕਾਰੀ
ਏਸੀਪੀ ਸਪੈਸ਼ਲ ਬ੍ਰਾਂਚ ਬਲਵਿੰਦਰ ਸਿੰਘ ਕਾਹਲੋਂ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਬਿਨਾਂ ਕਿਸੇ ਆਗਿਆ ਦੇ ਧਰਨਾ ਪ੍ਰਦਰਸ਼ਨ ਕੀਤਾ ਸੀ, ਕੋਵਿਡ -19 ਕਾਰਨ ਦਿੱਤੀਆਂ ਹਦਾਇਤÎਾਂ ਦੀ ਪਾਲਣਾ ਵੀ ਨਹੀਂ ਕੀਤੀ ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਏਸੀਪੀ ਨੇ ਕਿਹਾ ਕਿ ਇਹ ਲੋਕ 50 ਸਾਲਾਂ ਤੋਂ ਰੇਹੜੀ ਲਗਾ ਕੇ ਦੁਕਾਨਦਾਰੀ ਕਰ ਰਹੇ ਹਨ ਅਤੇ ਨਗਰ ਨਿਗਮ ਉਨ੍ਹਾਂ ਖਿਲਾਫ ਕਾਰਵਾਈ ਕਰਨਾ ਚਾਹੁੰਦਾ ਹੈ, ਜਿਸਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ। ਮੇਅਰ ਦੀ ਸਰਕਾਰੀ ਰਿਹਾਇਸ਼ ਦੀ ਬੈਠਕ ਦੇ ਸਵਾਲ 'ਤੇ ਏਸੀਬੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਸਮਾਜਕ ਦੂਰੀ ਅਤੇ ਮਾਸਕ ਤੋਂ ਬਿਨਾਂ ਵਾਲਿਆਂ 'ਤੇ ਕਾਰਵਾਈ ਕੀਤੀ ਗਈ ਹੈ।
ਦੁਕਾਨਦਾਰਾਂ ਦੇ ਸੰਗਠਨ ਦੇ ਪ੍ਰਧਾਨ ਦਾ ਬਿਆਨ
ਬੱਸ ਅੱਡਾ ਦੁਕਾਨਦਾਰ ਸੰਗਠਨ ਦੇ ਪ੍ਰਧਾਨ ਚੰਦਨ ਮਾਘਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਕਾਨ ਦੇ ਮਾਮਲੇ ਦੇ ਸਬੰਧ ਵਿਚ ਕੱਲ੍ਹ ਮੇਅਰ ਦੀ ਸਰਕਾਰੀ ਰਿਹਾਇਸ਼ 'ਤੇ ਬੁਲਾਇਆ ਗਿਆ ਸੀ ਜਿਥੇ ਸੰਸਦੀ ਮੈਂਬਰ ਸੰਤੋਖ ਸਿੰਘ ਚੌਧਰੀ, ਨਗਰ ਨਿਗਮ ਕਮਿਸ਼ਨਰ, ਮੇਅਰ ਜਗਦੀਸ਼ ਰਾਜਾ ਹਾਜ਼ਰ ਸਨ। ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਵੀ ਮੌਜੂਦ ਸਨ। ਪਰਗਟ ਸਿੰਘ ਨੇ ਦੁਕਾਨਦਾਰੀ ਦੇ ਮਾਮਲੇ 'ਤੇ ਸੰਸਦ ਮੈਂਬਰ, ਮੇਅਰ ਅਤੇ ਮਿਊਂਸੀਪਲ ਕਮਿਸ਼ਨਰ ਦੇ ਸਾਹਮਣੇ ਗਾਲ੍ਹਾਂ ਕੱਢੀਆ ਅਤੇ ਬਦਸਲੂਕੀ ਕੀਤੀ, ਜਿਸ ਕਾਰਨ ਉਨ੍ਹਾਂ ਨੇ ਅੱਜ ਧਰਨਾ ਦਿੱਤਾ ਹੈ। ਉਹ ਮੰਗ ਕਰ ਰਹੇ ਹਨ ਕਿ ਵਿਧਾਇਕ ਪਰਗਟ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ।
ਬਹਿਬਲ ਕਾਂਡ 'ਚ ਸਾਬਕਾ ਐੱਸ.ਐੱਚ.ਓ. ਗੁਰਦੀਪ ਪੰਧੇਰ, ਸੁਹੇਲ ਬਰਾੜ ਤੇ ਪੰਕਜ ਬਾਸਲ ਨੇ ਮੰਗੀ ਜ਼ਮਾਨਤ
NEXT STORY