ਲੁਧਿਆਣਾ(ਅਨਿਲ)- ਥਾਣਾ ਲਾਡੋਵਾਲ ਅਧੀਨ ਆਉਂਦੇ ਏਅਰਟੈੱਲ ਫਾਰਮ ਨੇੜੇ ਸਤਲੁਜ ਦਰਿਆ ਦੇ ਕਿਨਾਰੇ ਬਣੀਆਂ ਝੌਂਪੜੀਆਂ ਵਿਚ ਖਾਣਾ ਪਕਾਉਣ ਸਮੇਂ ਅਚਾਨਕ ਅੱਗ ਲੱਗ ਗਈ, ਜਿਸ ਨਾਲ ਕਰੀਬ 10 ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ। ਦੇਖਦੇ ਹੀ ਦੇਖਦੇ ਫੈਲੀ ਅੱਗ ਵਿਚ ਜਿਥੇ 15 ਬੱਕਰੀਆਂ ਜ਼ਿੰਦਾ ਸੜ ਗਈਆਂ, ਉਥੇ 2 ਵਿਅਕਤੀ ਵੀ ਝੁਲਸ ਗਏ। ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ 2 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਜਾਣਕਾਰੀ ਦਿੰਦੇ ਪੀੜਤਾ ਸ਼ਾਂਤੀ ਨੇ ਦੱਸਿਆ ਕਿ ਉਹ ਆਪਣੀ ਝੌਂਪੜੀ ਵਿਚ ਖਾਣਾ ਬਣਾ ਰਹੀ ਸੀ ਕਿ ਅਚਾਨਕ ਅੱਗ ਲੱਗ ਗਈ। ਹਵਾ ਤੇਜ਼ ਹੋਣ ਕਾਰਨ ਨਾਲ ਲੱਗਦੀਆਂ 9 ਹੋਰ ਝੌਂਪੜੀਆਂ ਅੱਗ ਦੀ ਲਪੇਟ ਵਿਚ ਆ ਗਈਆਂ। ਇਸ ਦੌਰਾਨ ਇਕ 15 ਸਾਲਾ ਲੜਕੀ ਰੌਸ਼ਨ ਤੇ ਇਕ ਹੋਰ ਵਿਅਕਤੀ ਅੱਗ ਵਿਚ ਬੁਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਕ ਹੋਰ ਔਰਤ ਨਿਸ਼ਾ ਨੇ ਦੱਸਿਆ ਕਿ ਉਸ ਨੇ ਆਪਣੀ ਵੱਡੀ ਲੜਕੀ ਦੇ ਵਿਆਹ ਲਈ ਦਾਜ ਦਾ ਸਾਮਾਨ ਤੇ ਕੁਝ ਪੈਸੇ ਇਕੱਠੇ ਕੀਤੇ ਹੋਏ ਸਨ, ਜੋ ਕਿ ਸੜ ਕੇ ਸੁਆਹ ਹੋ ਗਏ। ਪੀੜਤ ਸੁਰੇਸ਼ ਨੇ ਦੱਸਿਆ ਕਿ ਉਸ ਦੀ ਦੁਕਾਨ ਵਿਚ ਰੱਖਿਆ ਕਰਿਆਨੇ ਦਾ ਸਾਮਾਨ ਤੇ 20 ਹਜ਼ਾਰ ਦੀ ਰਾਸ਼ੀ ਸੜ ਗਈ। ਮੌਕੇ 'ਤੇ ਪਹੁੰਚੀ ਥਾਣਾ ਲਾਡੋਵਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਵੈਦ ਵੱਲੋਂ ਮੁਆਵਜ਼ਾ ਦੇਣ ਦਾ ਭਰੋਸਾ
ਲਾਡੋਵਾਲ ਤੋਂ ਰਵੀ ਅਨੁਸਾਰ-ਮੌਕੇ 'ਤੇ ਪਹੁੰਚੇ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਡਿਪਟੀ ਕਮਿਸ਼ਨਰ ਦੇ ਨੋਟਿਸ 'ਚ ਲਿਆ ਕੇ ਪੀੜਤ ਪਰਿਵਾਰਾਂ ਨੂੰ ਪੂਰਾ ਮੁਆਵਜ਼ਾ ਦਿਵਾਇਆ ਜਾਵੇਗਾ ਅਤੇ ਇਨ੍ਹਾਂ ਲੋਕਾਂ ਲਈ ਰਾਸ਼ਨ-ਪਾਣੀ ਦਾ ਵੀ ਇੰਤਜ਼ਾਮ ਕੀਤਾ ਜਾਵੇਗਾ।
ਬਿਜਲੀ ਮੈਕੇਨਿਕ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY