ਰੂਪਨਗਰ, (ਵਿਜੇ)- ਰਾਸ਼ਟਰੀ ਰਾਜ ਮਾਰਗ 21 (205) 'ਤੇ ਇਕ ਗੱਤੇ ਨਾਲ ਲੋਡ ਟਰੱਕ 'ਚ ਸਵੇਰੇ 4 ਵਜੇ ਅਚਾਨਕ ਅੱਗ ਲੱਗ ਜਾਣ ਕਾਰਨ ਉਹ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਟਰੱਕ ਚਾਲਕ ਬੱਬੂ ਸੈਨ ਨਿਵਾਸੀ ਇਟਾਵਾ (ਚੰਡੀਗੜ੍ਹ) ਆਪਣੇ ਟਰੱਕ 'ਚ ਗੱਤਾ ਲੋਡ ਕਰ ਕੇ ਜੰਮੂ-ਕਸ਼ਮੀਰ ਵੱਲ ਜਾ ਰਿਹਾ ਸੀ। ਰੂਪਨਗਰ ਦੇ ਸੋਲਖੀਆਂ ਟੋਲ ਪਲਾਜ਼ਾ ਤੋਂ ਟੋਲ ਦਾ ਭੁਗਤਾਨ ਕਰਨ ਉਪਰੰਤ ਜਿਵੇਂ ਹੀ ਟਰੱਕ ਅੱਗੇ ਨਿਕਲਿਆ ਤਾਂ ਅੱਗ ਲੱਗ ਗਈ ਜਦੋਂਕਿ ਟਰੱਕ ਚਾਲਕ ਤੇ ਉਸ ਦੇ ਕਲੀਨਰ ਨੇ ਚੌਕਸੀ ਵਰਤ ਕੇ ਖੁਦ ਨੂੰ ਬਚਾਇਆ। ਕੁਝ ਦੇਰ ਬਾਅਦ ਪੂਰੇ ਟਰੱਕ ਨੂੰ ਅੱਗ ਨੇ ਲਪੇਟ 'ਚ ਲੈ ਲਿਆ। ਮੌਕੇ 'ਤੇ ਟੋਲ ਪਲਾਜ਼ਾ (ਬੀ. ਐੱਸ. ਸੀ.-ਸੀ. ਐਂਡ ਸੀ.) ਦੀ ਕ੍ਰੇਨ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।
ਟੋਲ ਪਲਾਜ਼ਾ ਦੇ ਰਿਕਵਰੀ ਇੰਚਾਰਜ ਸਤਵਿੰਦਰ ਸਿੰਘ ਨੇ ਰੂਪਨਗਰ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ 'ਤੇ ਰੂਪਨਗਰ ਤੋਂ ਵੀ ਫਾਇਰ ਬ੍ਰਿਗੇਡ ਦੀ ਗੱਡੀ ਉਥੇ ਪਹੁੰਚ ਗਈ ਅਤੇ ਫਾਇਰਮੈਨ ਹਰਪ੍ਰੀਤ ਸਿੰਘ ਨੇ ਅੱਗ ਬੁਝਾਉਣੀ ਸ਼ੁਰੂ ਕੀਤੀ। ਖਬਰ ਲਿਖੇ ਜਾਣ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। ਟਰੱਕ ਚਾਲਕ ਮੁਤਾਬਕ ਟਰੱਕ ਦੇ ਕੈਬਿਨ 'ਚ ਸ਼ਾਰਟ-ਸਰਕਟ ਕਾਰਨ ਇਹ ਅੱਗ ਲੱਗਣ ਦੀ ਘਟਨਾ ਵਾਪਰੀ ਹੈ।
ਨਾਜਾਇਜ਼ ਸ਼ਰਾਬ ਸਮੇਤ 1 ਕਾਬੂ
NEXT STORY