ਮਾਛੀਵਾੜਾ ਸਾਹਿਬ (ਟੱਕਰ) : ਮੰਗਲਵਾਰ ਸਵੇਰੇ ਕਰੀਬ 11 ਵਜੇ ਸਥਾਨਕ ਮੁੱਖ ਚੌਂਕ ਵਿਖੇ ਇੱਕ ਰੂੰ ਦੇ ਭਰੇ ਓਵਰਲੋਡ ਟਰਾਲੇ ਦੀਆਂ ਗੱਠਾਂ ਬਿਜਲੀ ਦੀਆਂ ਤਾਰ੍ਹਾਂ ਟਕਰਾਉਣ ਕਾਰਨ ਉਨ੍ਹਾਂ ਨੂੰ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਰਾਹੋਂ ਰੋਡ 'ਤੇ ਸਥਿਤ ਇੱਕ ਧਾਗਾ ਫੈਕਟਰੀ ਤੋਂ ਰੂੰ ਦੀਆਂ ਗੱਠਾਂ ਦਾ ਭਰਿਆ ਓਵਰਲੋਡ ਟਰਾਲਾ ਜਿਉਂ ਹੀ ਮਾਛੀਵਾੜਾ ਮੁੱਖ ਚੌਂਕ ਵਿਖੇ ਪੁੱਜਾ ਤਾਂ ਉਥੇ ਬਿਜਲੀ ਦੀਆਂ ਤਾਰ੍ਹਾਂ ਗੱਠਾਂ ਨਾਲ ਜਾ ਟਕਰਾਈਆਂ, ਜਿਸ ਕਾਰਨ ਉਨ੍ਹਾਂ ਨੂੰ ਅੱਗ ਲੱਗ ਗਈ। ਭੀੜ-ਭੜੱਕੇ ਵਾਲੇ ਚੌਂਕ 'ਚ ਰੂੰ ਦੇ ਭਰੇ ਟਰਾਲੇ ਨੂੰ ਅੱਗ ਲੱਗਣ ਨਾਲ ਹਫ਼ੜਾ-ਦਫ਼ੜੀ ਮਚ ਗਈ ਅਤੇ ਲੋਕ ਅੱਗ ਨੂੰ ਬੁਝਾਉਣ ਵਿਚ ਜੁੱਟ ਗਏ।
ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਰਮਨਇੰਦਰਜੀਤ ਸਿੰਘ ਮੌਕੇ 'ਤੇ ਪੁੱਜ ਗਏ ਅਤੇ ਉਨ੍ਹਾਂ ਟ੍ਰੈਫਿਕ ਨੂੰ ਬਹਾਲ ਕਰਵਾਇਆ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿਚ ਜੁਟ ਗਈਆਂ। ਟਰਾਲੇ ਵਿਚ ਭਰੀਆਂ ਕਾਫ਼ੀ ਗੱਠਾਂ ਨੂੰ ਅੱਗ ਨਾਲ ਨੁਕਸਾਨ ਪੁੱਜਾ, ਜਦੋਂ ਕਿ ਬਾਕੀ ਗੱਠਾਂ ਅੱਗ ਬੁਝਾਉਣ ਵਾਲੇ ਪਾਣੀ ਕਾਰਨ ਖ਼ਰਾਬ ਹੋ ਗਈਆਂ। ਟਰਾਲੇ ਨੂੰ ਬਚਾਉਣ ਲਈ ਲੋਕਾਂ 'ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਵੱਡੀਆਂ ਰੂੰ ਦੀਆਂ ਗੱਠਾਂ ਨੂੰ ਸੜਕ 'ਤੇ ਸੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਹੋਰ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਓਵਰਲੋਡ ਭਰੇ ਟਰਾਲੇ ਦੇ ਹਾਦਸੇ ਕਾਰਨ ਲੱਖਾਂ ਰੁਪਏ ਦੀ ਰੂੰ ਵੀ ਖ਼ਰਾਬ ਹੋ ਗਈ।
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
NEXT STORY