ਜ਼ੀਰਾ (ਰਾਜੇਸ਼ ਢੰਡ, ਗੁਰਮੇਲ ਸੇਖਵਾਂ) : ਮੱਖੂ ਦੇ ਪਿੰਡ ਪੀਰ ਕੇ ਮੁਹੰਮਦ ’ਚ ਇਕ ਵਿਅਕਤੀ ਨੂੰ ਮਾਰ ਦੇਣ ਦੀ ਨੀਅਤ ਨਾਲ ਪਿਸਤੌਲ ਨਾਲ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਸ਼ਿਕਾਇਤਕਰਤਾ ਕਵਲਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਵੱਡੀਆਂ ਚੱਕੀਆਂ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਮਾਮੇ ਦੇ ਮੁੰਡੇ ਗੁਰਮੁੱਖ ਸਿੰਘ ਨਾਲ ਪਿੰਡ ਪੀਰ ਕੇ ਮੁਹੰਮਦ ਗਏ ਸਨ, ਜਿੱਥੇ ਉਨ੍ਹਾਂ ਨੇ ਵਿਆਹ ਦਾ ਕਾਰਡ ਦਿੱਤਾ। ਵਾਪਸੀ ’ਤੇ 23 ਨਵੰਬਰ 2024 ਨੂੰ ਉਹ ਨਿਊ ਸੁਰਜੀਤ ਢਾਬੇ ’ਤੇ ਚਾਹ ਪੀ ਰਹੇ ਸਨ ਤਾਂ ਸਕਾਰਪੀਓ ਗੱਡੀ ’ਚ ਸਵਾਰ ਮੁਲਜ਼ਮ ਸਤਨਾਮ ਸਿੰਘ ਪੁੱਤਰ ਜਸਵੰਤ ਸਿੰਘ, ਸੋਨਾ ਸਿੰਘ ਅਤੇ 4-5 ਅਣਪਛਾਤੇ ਵਿਅਕਤੀਆਂ ਨੇ ਉਤਰ ਕੇ ਹਥਿਆਰਾਂ ਸਮੇਤ ਉਨ੍ਹਾਂ ਨੂੰ ਘੇਰ ਲਿਆ।
ਮੁਲਜ਼ਮਾਂ ’ਚੋਂ ਇਕ ਨੇ ਗੁਰਮੁੱਖ ਸਿੰਘ ’ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਈਆਂ, ਜੋ ਉਸ ਦੀ ਖੱਬੀ ਵੱਖੀ ਅਤੇ ਸੱਜੀ ਲੱਤ ’ਤੇ ਲੱਗੀਆਂ। ਢਾਬੇ ’ਤੇ ਮੌਜੂਦ ਲੋਕਾਂ ਦਾ ਇਕੱਠ ਹੋਣ ਦੇ ਕਾਰਨ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਕਵਲਪ੍ਰੀਤ ਸਿੰਘ ਮੁਤਾਬਕ ਇਹ ਘਟਨਾ ਪੁਰਾਣੀ ਰੰਜ਼ਿਸ਼ ਦਾ ਨਤੀਜਾ ਹੈ।
15 ਨਵੰਬਰ 2024 ਨੂੰ ਸੁਲਤਾਨਪੁਰ ਲੋਧੀ ਦੇ ਮੇਲੇ ’ਚ ਗੁਰਮੁੱਖ ਸਿੰਘ ਦੀ ਮੁਲਜ਼ਮ ਸਤਨਾਮ ਸਿੰਘ ਨਾਲ ਬਹਿਸ ਹੋਈ ਸੀ, ਜਿਸ ਕਾਰਨ ਇਹ ਜ਼ਖਮਦਾਰ ਘਟਨਾ ਵਾਪਰੀ। ਜ਼ਖਮੀ ਗੁਰਮੁੱਖ ਸਿੰਘ ਦਾ ਇਲਾਜ ਮੈਡੀਸਿਟੀ ਹਸਪਤਾਲ ਮੋਗਾ ਵਿਖੇ ਚੱਲ ਰਿਹਾ ਹੈ। ਜਾਂਚ ਕਰ ਰਹੇ ਸਹਾਇਕ ਥਾਣੇਦਾਰ ਝਿਰਮਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਸਤਨਾਮ ਸਿੰਘ, ਸੋਨਾ ਸਿੰਘ ਅਤੇ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਲਾਸ਼ ਜਾਰੀ ਹੈ।
ਪੰਜਾਬ 'ਚ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਹੋਰ ਅਦਾਰੇ ਰਹਿਣਗੇ ਬੰਦ
NEXT STORY