ਫਿਰੋਜ਼ਪੁਰ (ਸੁਦੇਸ਼)-ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਪਿੰਡ ਬਾਜੇ ਕੇ ਵਿਚ ਵਿਸਾਖੀ ਦੇ ਪਵਿੱਤਰ ਦਿਹਾਡ਼ੇ ਤੇ ਜਲਿਆਂਵਾਲਾ ਬਾਗ ਦੇ ਕਤਲੇਆਮ ਦੇ 100 ਸਾਲ ਪੂਰੇ ਹੋਣ ’ਤੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਨਕਲਾਬੀ ਪ੍ਰੋਗਰਾਮ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦੇ ਕੇ ਕੀਤੀ ਗਈ। ਇਸ ਤੋਂ ਬਾਅਦ ਇਨਕਲਾਬੀ ਲੋਕ ਗਾਇਕ ਜਗਸੀਰ ਜੀਦਾ ਤੇ ਸਾਥੀਆਂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਆਗੂ ਨਰੇਸ਼ ਸੇਠੀ ਨੇ ਕਿਹਾ ਕਿ ਅੰਗਰੇਜ਼ਾਂ ਵੱਲੋਂ ਲਾਗੂ ਕੀਤੇ ਗਏ ਰੋਲਟ ਐਕਟ ਕਾਨੂੰਨ ਨੂੰ ਰੱਦ ਕਰਵਾਉਣ ਲਈ ਜਲਿਆਂਵਾਲਾ ਬਾਗ ਵਿਚ ਲੋਕਾਂ ਨੇ ਭਾਰੀ ਇਕੱਠ ਕੀਤਾ ਸੀ, ਜਿਸ ਤੋਂ ਘਬਰਾ ਕੇ ਅੰਗਰੇਜ਼ ਸਾਮਰਾਜੀਆਂ ਨੇ ਗੋਲੀਆਂ ਚਲਾ ਕੇ ਲੋਕਾਂ ਦਾ ਕਤਲੇਆਮ ਕੀਤਾ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਅੰਗਰੇਜ਼ ਭਾਰਤ ਨੂੰ ਸਿੱਧੇ ਰੂਪ ਵਿਚ ਛੱਡ ਗਏ ਪਰ ਅੱਜ 100 ਸਾਲ ਬੀਤਣ ਤੋਂ ਬਾਅਦ ਵੀ ਭਾਰਤ ਦੇ ਹਾਲਾਤ ਜਿਉਂ ਦੇ ਤਿਉਂ ਹੀ ਬਣੇ ਹੋਏ ਹਨ। ਇਸ ਮੌਕੇ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਰੇਸ਼ਮ ਸਿੰਘ ਮਿੱਡਾ ਅਤੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਸੂਬਾ ਆਗੂ ਜੈਲ ਸਿੰਘ ਚੱਪਾ ਅਡ਼ਿੱਕੀ ਨੇ ਕਿਹਾ ਕਿ ਜਿਥੇ ਇਕ ਪਾਸੇ ਭਾਰਤੀ ਹਾਕਮਾਂ ਵੱਲੋਂ ਝੂਠੀ ਆਜ਼ਾਦੀ ਦਾ ਰਾਗ ਅਲਾਪਿਆ ਜਾ ਰਿਹਾ ਹੈ ਅਤੇ ਭਾਰਤੀ ਲੋਕਤੰਤਰ ਨੂੰ ਮਹਾਨ ਦੱਸਿਆ ਜਾ ਰਿਹਾ ਹੈ, ਉਥੇ ਦੂਜੇ ਪਾਸੇ ਸਾਡੇ ਦੇਸ਼ ’ਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ ਅਤੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ, ਜਦਕਿ ਮਜ਼ਦੂਰ ਫਾਕੇ ਕੱਟਣ ਲਈ ਮਜਬੂਰ ਹੈੈ। ਇਸ ਮੌਕੇ ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਆਗੂ ਪਰਮਜੀਤ ਸਿੰਘ ਜ਼ੀਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਗੁਰਮੀਤ ਸਿੰਘ ਮਹਿਮਾ, ਅਵਤਾਰ ਸਿੰਘ ਮਹਿਮਾ, ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਪੰਜੋ ਕੇ, ਮੀਤ ਪ੍ਰਧਾਨ ਰਣਜੀਤ ਸਿੰਘ ਝੋਕ ਟਹਿਲ ਸਿੰਘ ਵਾਲਾ, ਜ਼ਿਲਾ ਸਕੱਤਰ ਗੁਰਚਰਨ ਮਲਸੀਆ, ਜਥੇਬੰਦਕ ਸਕੱਤਰ ਦੇਸ ਰਾਜ ਬਾਜੇਕੇ, ਪ੍ਰੈੱਸ ਸਕੱਤਰ ਗੁਰਮੁਖ ਰਾਮ ਬਾਜੇਕੇ, ਸੁਰਿੰਦਰ ਬਾਜੇਕੇ ਆਦਿ ਆਗੂ ਅਤੇ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ, ਔਰਤਾਂ ਤੇ ਪਿੰਡ ਵਾਸੀ ਹਾਜ਼ਰ ਸਨ।
ਦੁਰਗਾ ਅਸ਼ਟਮੀ ’ਤੇ ਮੰਦਰ ਮਾਤਾ ਜੱਜਲ ਵਾਲੀ ’ਚ ਜਗਰਾਤਾ ਆਯੋਜਿਤ
NEXT STORY