ਜਲੰਧਰ (ਜਸਬੀਰ ਸਿੰਘ ਵਾਟਾਂਵਾਲੀ) — ਪੰਜਾਬ ’ਚ ਆਏ ਹੜ੍ਹਾਂ ਨੇ ਜਿੱਥੇ ਕਈ ਲੋਕਾਂ ਨੂੰ ਬੇਘਰ ਕਰ ਦਿੱਤਾ, ਉਥੇ ਹੀ ਕਈਆਂ ਦੀਆਂ ਜਾਨਾਂ ਜਾਣ ਦੇ ਨਾਲ-ਨਾਲ ਕਿਸਾਨਾਂ ਦੀਆਂ ਫਸਲਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਹੜ੍ਹਾਂ ਦੇ ਕਾਰਨ ਜਲੰਧਰ ਦੇ ਕਈ ਪਿੰਡਾਂ ਸਮੇਤ ਸੁਲਤਾਨਪੁਰ ਲੋਧੀ ਅਤੇ ਫਿਲੌਰ ਦੇ ਪਿੰਡਾਂ ’ਚ ਭਾਰੀ ਪਾਣੀ ਭਰ ਜਾਣ ਕਰਕੇ ਲੋਕ ਘਰ ਛੱਡਣ ਨੂੰ ਮਜਬੂਰ ਹੋ ਗਏ। ਗਿੱਦੜਪਿੰਡ ਨੇੜੇ ਮੰਡਾਲਾ ਪਿੰਡ ਵਿਖੇ ਪਏ ਪਾੜ ਨੂੰ ਅੱਜ ਲੋਕਾਂ ਦੇ ਸਹਿਯੋਗ ਨਾਲ ਪੂਰ ਲਿਆ ਗਿਆ ਹੈ। ਬੰਨ੍ਹ ਬੰਨ੍ਹਣ ਲਈ ਮਾਝੇ, ਮਾਲਵੇ ਅਤੇ ਦੁਆਬੇ ਤੋਂ ਲੋਕ ਟਰਾਲੀਆਂ ਭਰ-ਭਰ ਮਿੱਟੀ ਲੈ ਕੇ ਆਏ ਅਤੇ ਲੋਕਾਂ ਨੇ ਆਪ ਹੀ ਬੰਨ੍ਹ ਨੂੰ ਬੰਨ੍ਹਿਆ। ਇਸ ਬੰਨ੍ਹ ਨੂੰ ਬੰਨ੍ਹਣ ਵਿਚ ਇਲਾਕੇ ਦੀ ਬੰਨ੍ਹ ਸੰਭਾਲ ਕਮੇਟੀ ਦਾ ਖਾਸ ਸਹਿਯੋਗ ਰਿਹਾ।
ਇਸਦੇ ਨਾਲ-ਨਾਲ ਸਤਿਕਾਰ ਕਮੇਟੀ ਦੇ ਮੁਖੀ ਸੁਰਜੀਤ ਸਿੰਘ ਖੋਸਾ ਉਨ੍ਹਾਂ ਦੀ ਸਮੁੱਚੀ ਟੀਮ ਅਤੇ ਇਲਾਕੇ ਦੇ ਲੋਕਾਂ ਨੇ ਬੰਨ੍ਹ ਨੂੰ ਬੰਨ੍ਹਣ ’ਚ ਅਗਵਾਈ ਕੀਤੀ ਅਤੇ ਸਹਿਯੋਗ ਦਿੱਤਾ। ਦੱਸਣਯੋਗ ਹੈ ਕਿ ਬੀਤੇ 4-5 ਦਿਨਾਂ ਤੋਂ ਇਸ ਪਾੜ ਨੂੰ ਬੰਨ੍ਹਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ। ਇਸ ਬੰਨ੍ਹ ਵਿਚ ਪਾੜ ਪੈਣ ਕਾਰਨ 20 ਦੇ ਕਰੀਬ ਪਿੰਡਾ ਵਿਚ ਹੜ੍ਹ ਆ ਗਿਆ ਸੀ। ਇਸ ਤੋਂ ਬਾਅਦ ਇਸ ਇਲਾਕੇ ਲਈ ਵੱਡੀ ਸਮੱਸਿਆ ਇਹ ਪੈਦਾ ਹੋ ਗਈ ਸੀ ਕਿ ਇਸ ਇਲਾਕੇ ਵਿਚ ਚਿੱਟੀ ਵੇਂਈ ਅਤੇ ਕਾਲਾ ਸੰਘਿਆ ਡਰੇਨ ਦਾ ਕੈਮੀਕਲਯੁਕਤ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ।
ਇਸ ਬੰਨ੍ਹ ਨੂੰ ਬੰਨ੍ਹਣ ਵਿਚ ਪ੍ਰਸ਼ਾਸਨ ਦੀ ਭੂਮਿਕਾ ’ਤੇ ਵੀ ਸਵਾਲੀਆ ਚਿੰਨ੍ਹ ਲੱਗੇ। ਇਲਾਕੇ ਦੇ ਲੋਕਾਂ ਵੱਲੋਂ ਮੁੱਖ ਭੂਮਿਕਾ ਨਿਭਾਉਣ ਵਾਲੇ ਕੁਲਵਿੰਦਰ ਸਿੰਘ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਸ ਪਾੜ ਨੂੰ ਪੂਰਨ ’ਚ ਕੋਈ ਭੂੂਮਿਕਾ ਨਹੀਂ ਨਿਭਾਈ ਗਈ, ਸਗੋਂ ਲੋਕ ਲਹਿਰ ਦੇ ਸਦਕਾ ਹੀ ਇਸ ਪਾੜ ਨੂੰ ਪੂਰਿਆ ਗਿਆ ਹੈ।
ਸਾਵਧਾਨ! ਖਤਰੇ ਦੇ ਨਿਸ਼ਾਨ ਨੇੜੇ ਪੁੱਜਾ ਪੌਂਗ ਬੰਨ੍ਹ ਦਾ ਪਾਣੀ (ਵੀਡੀਓ)
NEXT STORY