ਚੰਡੀਗੜ੍ਹ,(ਰਮਨਜੀਤ)-ਭਾਰਤੀ ਹਾਕੀ ਟੀਮ ਦੇ ਸਾਬਕਾ ਕੈਪਟਨ ਪਰਗਟ ਸਿੰਘ ਨੇ ਬਜਟ ਸੈਸ਼ਨ ਦੇ ਆਖਰੀ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਘੇਰੇ 'ਚ ਲੈ ਲਿਆ ਅਤੇ ਇਕ ਤੋਂ ਬਾਅਦ ਇਕ ਕਈ ਤਿੱਖੀਆਂ ਟਿੱਪਣੀਆਂ ਦੇ ਰੂਪ 'ਚ ਲਗਾਤਾਰ 'ਗੋਲ' ਦਾਗੇ। ਪਰਗਟ ਸਿੰਘ ਨੇ ਸਿਫ਼ਰਕਾਲ ਦੌਰਾਨ ਬਿਜਲੀ ਖਰੀਦ ਸਮਝੌਤਿਆਂ ਅਤੇ ਬੇਅਦਬੀ ਦੇ ਮਾਮਲਿਆਂ 'ਚ ਸਰਕਾਰ ਦੀ ਹੋ ਰਹੀ ਕਿਰਕਿਰੀ ਦਾ ਜ਼ਿਕਰ ਕੀਤਾ। ਸਪੀਕਰ ਤੋਂ ਆਗਿਆ ਮਿਲਣ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਲਈ ਬਿਜਲੀ ਖਰੀਦ ਸਮਝੌਤਿਆਂ ਦਾ ਮਾਮਲਾ ਬਹੁਤ ਹੀ ਵੱਡਾ ਮੁੱਦਾ ਹੈ। ਉਨ੍ਹਾਂ ਸਦਨ 'ਚ ਗੈਰ-ਹਾਜ਼ਰ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਅਸੀਂ ਕਦੇ ਕਮੇਟੀ ਬਣਾਉਣ ਦੀ ਗੱਲ ਕਰਦੇ ਹਾਂ, ਕਦੇ ਕੋਈ ਸਬ ਕਮੇਟੀ ਬਣਾ ਦਿੰਦੇ ਹਾਂ ਜਾਂ ਫਿਰ ਕਦੇ ਅਧਿਕਾਰੀਆਂ ਦੀ ਕੋਈ ਕਮੇਟੀ ਬਣਾ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਉਦੋਂ ਹੁੰਦਾ ਹੈ ਜਦੋਂ ਕੋਈ ਕੰਮ ਨਾ ਕੀਤਾ ਜਾਣਾ ਹੋਵੇ। ਪਰਗਟ ਨੇ ਸਿੱਧੇ ਕੈਪਟਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਇਹ ਵੀ ਕਹਿ ਦਿੱਤਾ ਕਿ ਇਸ ਸਭ 'ਤੇ ਕਦੇ ਅਸੀਂ ਵ੍ਹਾਈਟ ਪੇਪਰ ਲਿਆਉਣ ਦੀ ਗੱਲ ਕਰ ਦਿੰਦੇ ਹਾਂ ਪਰ ਅਸਲ ਗੱਲ ਇਹ ਹੈ ਕਿ ਹੁੰਦਾ ਕੁੱਝ ਵੀ ਨਹੀਂ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਦੀ ਫੇਸ ਵੈਲਿਊ ਖਤਮ ਹੋ ਰਹੀ ਹੈ, ਜੋ ਕਿ ਸਮਾਜ ਲਈ ਕਾਫ਼ੀ ਘਾਤਕ ਹੋਵੇਗਾ।
ਉਨ੍ਹਾਂ ਸਪੀਕਰ ਨੂੰ ਬੇਨਤੀ ਕੀਤੀ ਕਿ ਅਜਿਹੀ ਸਥਿਤੀ 'ਚ ਬਿਹਤਰ ਹੋਵੇਗਾ ਕਿ ਸਦਨ ਦੀ ਕੋਈ ਕਮੇਟੀ ਬਣਾ ਦਿੱਤੀ ਜਾਵੇ ਜੋ ਸਮਾਂਬੱਧ ਤਰੀਕੇ ਨਾਲ ਇਸ ਗੱਲ ਦੀ ਜਾਂਚ ਕਰ ਲਵੇ ਕਿ ਪਾਵਰ ਪ੍ਰਚੇਜ਼ ਐਗਰੀਮੈਂਟ ਕਿਸ ਨੇ ਅਤੇ ਕਿਵੇਂ ਗਲਤ ਬਣਾਏ। ਨਾਲ ਹੀ ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲੇ 'ਚ ਵੀ ਪੰਜ ਸਾਲ ਹੋ ਗਏ ਹਨ ਅਤੇ ਇਸ ਗੰਭੀਰ ਮਾਮਲੇ 'ਚ ਅਜੇ ਤੱਕ ਚਾਰਜ ਫਰੇਮ ਵੀ ਨਹੀਂ ਹੋ ਸਕਿਆ ਹੈ, ਜੋ ਕਿ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪਤਾ ਨਹੀਂ ਅਜਿਹਾ ਕਿਉਂ ਭੁਲੇਖਾ ਰਹਿੰਦਾ ਹੈ ਕਿ ਅਸੀਂ ਪਤਾ ਨਹੀਂ ਕਿੰਨੀ ਦੇਰ ਪਾਵਰ 'ਚ ਰਹਿਣਾ ਹੈ ਪਰ ਅਸਲੀਅਤ ਇਹ ਹੈ ਕਿ ਆਖ਼ਰਕਾਰ ਸਭ ਨੇ ਹੀ ਚਲੇ ਜਾਣਾ ਹੈ। ਪਰਗਟ ਸਿੰਘ ਦੀ ਇਨ੍ਹਾਂ ਗੱਲਾਂ ਦੌਰਾਨ ਸਦਨ 'ਚ ਸੰਨਾਟਾ ਛਾਇਆ ਰਿਹਾ ਪਰ ਉਨ੍ਹਾਂ ਦੀ ਗੱਲ ਖਤਮ ਹੁੰਦੇ ਹੀ ਸਦਨ 'ਚ ਮੌਜੂਦ ਸੱਤਾਧਿਰ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਮੇਜ ਥਪ ਥਪਾ ਕੇ ਉਨ੍ਹਾਂ ਦਾ ਸਮਰਥਨ ਕੀਤਾ।
ਸਿਫਰਕਾਲ ਦੌਰਾਨ ਅੱਜ ਫਿਰ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਨਵੀਂ ਦਿੱਲੀ ਪੰਜਾਬ ਭਵਨ 'ਚ ਕਮਰੇ ਦੀ ਬੁਕਿੰਗ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਬੁਕਿੰਗ ਦੀ ਕੋਈ ਕਨਫਰਮੇਸ਼ਨ ਨਹੀਂ ਮਿਲੀ ਹੈ, ਜਿਸ 'ਤੇ ਸਪੀਕਰ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਮਾਮਲਾ ਕੱਲ ਵਿਸਥਾਰ ਨਾਲ ਉਠਾਇਆ ਜਾ ਚੁੱਕਿਆ ਹੈ ਅਤੇ ਅੱਜ ਚੀਫ ਸੈਕਟਰੀ ਨੂੰ ਉਨ੍ਹਾਂ ਨੇ ਬੁਲਾਇਆ ਹੈ, ਜੋ ਕਿ ਸੁਪਰੀਮ ਕੋਰਟ 'ਚ ਪੇਸ਼ੀ ਤੋਂ ਬਾਅਦ ਸਿੱਧੇ ਉਨ੍ਹਾਂ ਨੂੰ ਆ ਕੇ ਮਿਲਣਗੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਹ ਮਾਮਲਾ ਸੁਲਝਾ ਲਿਆ ਜਾਵੇਗਾ ਪਰ ਬਰਿੰਦਰਮੀਤ ਪਾਹੜਾ ਨੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਗੱਲ ਕਹਿੰਦਿਆਂ ਕਿਹਾ ਕਿ ਪਿਛਲੇ 3 ਸਾਲਾਂ ਤੋਂ ਨਵੀਂ ਦਿੱਲੀ ਸਥਿਤ ਪੰਜਾਬ ਭਵਨ 'ਚ ਚੀਫ਼ ਸੈਕਟਰੀ ਅਤੇ ਏ. ਜੀ. ਅਤੁਲ ਨੰਦਾ ਨਾਮ 'ਤੇ ਕਮਰਾ ਬੁੱਕ ਹੈ, ਇਸ ਲਈ ਉਨ੍ਹਾਂ ਤੋਂ ਕਮਰਿਆਂ ਦਾ ਕਿਰਾਇਆ ਵਸੂਲ ਕੀਤਾ ਜਾਵੇ।
ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਰੋਪੜ ਇਲਾਕੇ ਦੀਆਂ ਤਿੰਨ ਰੇਤ ਖਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਐੱਨ.ਜੀ.ਟੀ. ਦੇ ਹੁਕਮਾਂ 'ਤੇ ਉਕਤ ਖਾਨਾਂ ਬੰਦ ਕੀਤੀਆਂ ਜਾ ਚੁੱਕੀਆਂ ਹਨ ਪਰ ਖਾਨਾਂ ਦੇ ਠੇਕੇਦਾਰਾਂ ਵੱਲ ਸਰਕਾਰ ਦੇ 632 ਕਰੋੜ ਰੁਪਏ ਪੈਂਡਿੰਗ ਹਨ, ਜਿਸ ਦੀ ਵਸੂਲੀ ਲਈ ਸਰਕਾਰ ਗੰਭੀਰ ਨਹੀਂ ਹੈ। ਚੀਮਾ ਨੇ ਖ਼ਜ਼ਾਨਾ ਮੰਤਰੀ ਨੂੰ ਕਿਹਾ ਕਿ ਸਰਕਾਰੀ ਖਜ਼ਾਨਾ ਅਜਿਹੀਆਂ ਵਸੂਲੀਆਂ ਨਾਲ ਹੀ ਭਰੇਗਾ। ਉਨ੍ਹਾਂ ਰਾਜ 'ਚ ਚੱਲ ਰਹੇ ਨਵੀਂ ਤਰ੍ਹਾਂ ਦੇ ਮਾਫੀਆ 'ਇੰਟਰਲਾਕ ਟਾਈਲਸ' ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਜੋ ਟਾਈਲ ਮਾਰਕੀਟ 'ਚ 5-7 ਰੁਪਏ ਦੀ ਮਿਲ ਰਹੀ ਹੈ, ਉਹੀ ਰਾਜਨੀਤਕ ਹਿਫਾਜ਼ਤ ਕਾਰਣ ਸਰਕਾਰੀ ਕੰਮ ਲਈ 13-15 ਰੁਪਏ 'ਚ ਖਰੀਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਚੀਜ਼ਾਂ ਨੂੰ ਰੋਕ ਲਿਆ ਜਾਵੇ ਤਾਂ ਵੀ ਖਜ਼ਾਨਾ ਭਰ ਸਕਦਾ ਹੈ।
ਸਿਰਸਾ ਉਂਗਲ 'ਤੇ ਲਹੂ ਲਾ ਕੇ ਸ਼ਹੀਦ ਦਿਸਣ ਦੀ ਕਰ ਰਿਹੈ ਕੋਸ਼ਿਸ਼ : ਜੀ. ਕੇ.
NEXT STORY