ਜਲੰਧਰ-ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ। ਹਰ ਇਕ ਪਾਰਟੀ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਇਸ ਮੌਕੇ ‘ਜਗ ਬਾਣੀ’ਦੇ ਪੱਤਰਕਾਰ ਜਗਵੰਤ ਬਰਾੜ ਨਾਲ ਗੱਲ ਕਰਦਿਆਂ ਸਾਬਕਾ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਲੋਕ ਸਭਾ ਚੋਣਾਂ ਬਾਰੇ ਗੱਲਬਾਤ ਕੀਤੀ।
• ਜਿਹੜਾ ਚੋਣ ਮਾਹੌਲ ਬਣਿਆ, ਖ਼ਾਸ ਕਰਕੇ ਜਲੰਧਰ ਨੂੰ ਲੈ ਕੇ, ਉਸ ਬਾਰੇ ਕੀ ਕਹੋਗੇ?
ਇਥੇ ਤਾਂ ਸਾਰਾ ਕੁਝ ਹੀ ਦਲ ਬਦਲੂਆਂ ਦੇ ਹੱਥ ਵਿਚ ਆ ਗਿਆ ਹੈ ਅਤੇ ਲੋਕ ਵੀ ਬਹੁਤ ਹੀ ਦੁਵਿਧਾ ਵਿਚ ਹਨ ਪਰ ਲੋਕ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ। ਪੰਜਾਬ ਬਹੁਤ ਪਿੱਛੇ ਰਹਿ ਗਿਆ ਹੈ। ਸਾਨੂੰ ਸਭ ਨੂੰ ਬੈਠ ਕੇ ਸੋਚਣਾ ਹੋਵੇਗਾ। ਜਿਹੜਾ ਮੈਨੂੰ ਫਿਕਰ ਹੈ, ਲੋਕ ਜਿਸ ਨੂੰ ਐਕਸਟ੍ਰੀਮਿਸਟ ਫੋਰਸਿਜ਼ ਕਹਿ ਰਹੇ ਹਨ, ਉਹ ਫੋਰਸਿਜ਼ ਹੁਣ ਪੰਜਾਬ ਵਿਚ ਅੱਗੇ ਵੱਧ ਰਹੀਆਂ ਹਨ। 2-3 ਉਮੀਦਵਾਰ ਉਨ੍ਹਾਂ ਦੇ ਵੀ ਖੜ੍ਹੇ ਹਨ ਅਤੇ ਕੁਝ ਨੌਜਵਾਨ ਉਨ੍ਹਾਂ ਨੂੰ ਸਪੋਰਟ ਵੀ ਕਰ ਰਹੇ ਹਨ। ਜਿਹੜੀ ਸਪੋਰਟ ਉਨ੍ਹਾਂ ਨੂੰ ਮਿਲ ਰਹੀ ਹੈ, ਉਹ ਯੂਥ ਦੀ ਹੈ ਕਿਉਂਕਿ ਪੰਜਾਬ ਦਾ ਨੌਜਵਾਨ ਵਰਗ ਬਹੁਤ ਹੀ ਮਾਯੂਸ ਹੈ।
• ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗਠਜੋੜ ਕਿਉਂ ਨਹੀਂ ਹੋਇਆ?
ਸਾਡੇ ਅੰਦਰ ਇਕ ਫੀਲਿੰਗ ਸੀ ਤੇ ਹੈ, ਕਿ ਭਾਜਪਾ ਅਤੇ ਆਰ. ਐੱਸ. ਐੱਸ. ਗੁਰਦੁਆਰਾ ਪਾਲੀਟਿਕਸ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਦਿੱਲੀ ਤੋੜਿਆ ਉਨ੍ਹਾਂ ਨੇ, ਹਜ਼ੂਰ ਸਾਹਿਬ ਕੰਟਰੋਲ ਲੈ ਲਿਆ, ਪਟਨਾ ਸਾਹਿਬ ਕੰਟਰੋਲ ਲੈ ਲਿਆ, ਹਰਿਆਣਾ ਦੀ SGPC ਵੱਖ ਕਰ ਦਿੱਤੀ। ਇਹ ਕੋਈ ਮਾਇਨੋਰਿਟੀ ਪਾਰਟੀ ਪਸੰਦ ਨਹੀਂ ਕਰਦੀ। ਇਸ ਵਿਚ ਸਿਰਫ਼ ਅਕਾਲੀ ਦਲ ਨਹੀਂ, ਹਰ ਸਿੱਖ ਇਸ ਗੱਲ ਤੋਂ ਪ੍ਰੇਸ਼ਾਨ ਹੈ। ਜੇ ਅੱਗੇ ਵੀ ਜਾ ਕੇ ਸਾਡੀ ਭਾਈਵਾਲੀ ਬਣੇ ਤਾਂ ਮੁੱਦੇ ਉਹੀ ਬੁਨਿਆਦੀ ਰਹਿਣਗੇ। ਅਨਕੰਡੀਸ਼ਨਲ ਸਪੋਰਟ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ- ਅਕਾਲੀ ਦਲ ਦਾ ਸਿਆਸੀ ਖਾਤਮਾ ਹੋਇਆ, ਬਠਿੰਡਾ ਸੀਟ ਵੀ ਨਹੀਂ ਮਿਲੇਗੀ : ਭਗਵੰਤ ਮਾਨ
• ਭਾਜਪਾ ਇਕੱਲਿਆਂ ਜਿਵੇਂ ਚੋਣ ਲੜ ਰਹੀ ਹੈ, ਭਵਿੱਖ ਬਾਰੇ ਕੀ ਲਗਦਾ ਹੈ ਤੁਹਾਨੂੰ?
ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੀ ਕੋਈ ਸੀਟ ਆ ਸਕਦੀ ਹੈ। ਪਿਛਲੀ ਵਾਰ ਵੀ ਤੁਸੀਂ ਦੇਖਿਆ ਉਨ੍ਹਾਂ ਨੇ ਜਲੰਧਰ ਵਿਚ ਕਿੰਨਾ ਜ਼ੋਰ ਲਾਇਆ ਸੀ ਤਾਂ ਵੀ ਜਾ ਕੇ 15-16 ਫੀਸਦੀ ਹੀ ਸੀ। ਹੁਣ 17 ਹੋ ਜਾਵੇਗਾ ਜਾਂ ਫਿਰ 18 ਹੋ ਜਾਵੇਗਾ। 28-30 ਤੋਂ ਥੱਲੇ ਤੁਸੀਂ ਐੱਮ. ਪੀ. ਨਹੀਂ ਬਣਾ ਸਕਦੇ। ਇਸ ਕਰਕੇ ਉਨ੍ਹਾਂ ਦਾ ਵੀ ਭਵਿੱਖ ਸਾਡੇ ਨਾਲ ਹੀ ਹੈ। ਜੇ ਅਗਲੀ ਵਾਰ ਅਸੀਂ ਮਿਲੀ-ਜੁਲੀ ਸਰਕਾਰ ਬਣਦੀ ਹੈ ਤਾਂ ਮੈਂ ਕਹਿੰਦਾ ਹਾਂ ਕਿ ਜੇ ਅਸੀਂ ਮਿਲੇ-ਜੁਲੇ ਹੁੰਦੇ, ਇਕੱਠੇ ਚੋਣ ਲੜ ਰਹੇ ਹੁੰਦੇ ਤਾਂ 13 ਵਿਚੋਂ 11 ਸੀਟਾਂ ਘੱਟੋ-ਘੱਟ ਸਾਨੂੰ ਆਉਂਦੀਆਂ।
• ਤੁਸੀਂ ਐਕਟਿਵ ਪਾਲੀਟਿਕਸ ਤੋਂ ਕਿਉਂ ਦੂਰੀ ਬਣਾ ਕੇ ਰੱਖਦੇ ਹੋ?
ਐਕਟਿਵ ਪਾਲੀਟਿਕਸ ਵਿਚ ਤਾਂ ਮੈਂ 15 ਸਾਲਾਂ ਤੋਂ ਬਤੌਰ ਪਾਰਲੀਮੈਂਟ ਮੈਂਬਰ ਰਿਹਾ ਹਾਂ। ਲੋਕ ਸਭਾ ਦੀ ਚੋਣ ਮੈਂ ਇਸ ਲਈ ਨਹੀਂ ਲੜਿਆ ਕਿਉਂਕਿ ਮੇਰੀ ਕਾਂਸਟੀਚਿਉਐਂਸੀ ਜਲੰਧਰ ਸੀ। ਜਲੰਧਰ ਜਿਸ ਵੇਲੇ ਤੋਂ ਰਿਜ਼ਰਵ ਹੋ ਗਈ, ਉਦੋਂ ਤੋਂ ਮੈਂ ਜਲੰਧਰ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ ਸੀ। ਅੱਜ ਵੀ ਮੇਰਾ ਪਿਆਰ ਜਲੰਧਰ ਨਾਲ ਹੈ।
• ਤੁਹਾਡੇ ਪਿਤਾ ਆਈ. ਕੇ. ਗੁਜਰਾਲ ਵਾਂਗ ਕਿਹੜਾ ਲੀਡਰ ਪੰਜਾਬ ਦਾ ਕਰਜ਼ਾ ਮੁਆਫ਼ ਕਰ ਸਕਦਾ?
ਕਰਜ਼ਾ ਹੁਣ ਨਹੀਂ ਮੁਆਫ ਹੋ ਸਕਦਾ। ਗੁਜਰਾਲ ਸਾਬ੍ਹ ਨੇ ਜਿਹੜਾ ਕਰਜ਼ਾ ਮੁਆਫ ਕੀਤਾ, ਉਹ ਅੱਤਵਾਦ ਦਾ ਕਰਜ਼ਾ ਸੀ। ਜੇ ਦਿੱਲੀ ਦੀ ਸਰਕਾਰ ਇਸ ਤਰ੍ਹਾਂ ਕਰਜ਼ਾ ਮੁਆਫ ਕਰਨਾ ਬੰਦ ਕਰ ਦੇਵੇ ਤਾਂ ਫਿਰ ਤੇ ਹਰ ਸਟੇਟ ਕਰਜ਼ਾ ਮੁਆਫ ਕਰਨ ਨੂੰ ਕਹੇਗੀ। ਸਾਨੂੰ ਮਿਹਨਤ ਨਾਲ ਆਪਣੇ ਬਜਟ ਵਿਚੋਂ ਕਰਜ਼ਾ ਘਟਾਉਣਾ ਪਵੇਗਾ। ਮੁਆਫ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ- ਜਲੰਧਰ 'ਚ 5ਵੀਂ ਜਮਾਤ ਦੀ ਬੱਚੀ ਨਾਲ ਟੀਚਰ ਵੱਲੋਂ ਕੀਤੇ ਗਏ ਜਿਣਸੀ ਸ਼ੋਸ਼ਣ ਦੇ ਮਾਮਲੇ 'ਚ ਸਖ਼ਤ ਐਕਸ਼ਨ
• ਕੀ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਵਾਂਗ ਪਾਰਟੀ ਨੂੰ ਇਕਜੁੱਟ ਰੱਖ ਸਕਦੇ ਹਨ?
ਇਹ ਇਲੈਕਸ਼ਨ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲੀ ਇਲੈਕਸ਼ਨ ਹੈ। ਕਈ ਲੋਕਾਂ ਨੇ ਸ਼ੁਰੂ ਵਿਚ ਉਨ੍ਹਾਂ ਦੀ ਲੀਡਰਸ਼ਿਪ ’ਤੇ ਸਵਾਲ ਚੁੱਕੇ ਸਨ। ਕਈ ਲੀਡਰ ਸਾਨੂੰ ਛੱਡ ਕੇ ਵੀ ਚਲੇ ਗਏ ਸਨ ਪਰ ਜਿਸ ਵੇਲੇ ਉਨ੍ਹਾਂ ਨੇ ਵੇਖਿਆ ਕਿ ਸੁਖਬੀਰ ਸਿੰਘ ਬਾਦਲ ਮਿਹਨਤ ਕਰ ਰਹੇ ਹਨ, ਲੋਕਾਂ ਨਾਲ ਮਿਲ ਰਹੇ ਹਨ ਤਾਂ ਹੁਣ ਉਹ ਉਨ੍ਹਾਂ ਨੂੰ ਹੁੰਗਾਰਾ ਦੇ ਰਹੇ ਹਨ।
• ਕੀ ਸਿਕੰਦਰ ਸਿੰਘ ਮਲੂਕਾ ’ਤੇ ਵੀ ਕੋਈ ਕਾਰਵਾਈ ਹੋਵੇਗੀ?
ਇਸ ਵੇਲੇ ਸਾਰੇ ਪਾਰਟੀ ਦੇ ਆਗੂ ਆਪੋ-ਆਪਣੇ ਹਲਕੇ ਵਿਚ ਐਕਟਿਵ ਹਨ। ਅਗਲੇ ਦੋ ਦਿਨਾਂ ਵਿਚ ਜਿਸ ਵੇਲੇ ਚੋਣ ਪ੍ਰਚਾਰ ਖਤਮ ਹੋ ਜਾਵੇਗਾ, ਉਹ ਚੰਡੀਗੜ੍ਹ ’ਚ ਮਿਲਣਗੇ ਅਤੇ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ ਤੇ ਉਦੋਂ ਫੈਸਲਾ ਲਿਆ ਜਾਵੇਗਾ। ਮੈਂ ਤੁਹਾਨੂੰ ਇਕ ਗੱਲ ਦੱਸ ਦਿੰਦਾ ਹਾਂ ਕਿ ਇਨਡਿਸਿਪਲਿਨ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਉਹ ਭਾਵੇਂ ਮਲੂਕਾ ਸਾਬ੍ਹ ਹੋਣ ਜਾਂ ਕੋਈ ਹੋਰ ਹੋਵੇ।
• ਸੀਨੀਅਰ ਅਕਾਲੀ ਆਗੂਆਂ ਦੀ ਨਾਰਾਜ਼ਗੀ ਦਰਮਿਆਨ ਅਕਾਲੀ ਦਲ ਦਾ ਭਵਿੱਖ ਕੀ ਲੱਗਦਾ ਹੈ ?
ਇਹੀ ਤਾਂ ਲੀਡਰਸ਼ਿਪ ਦਾ ਟੈਸਟ ਹੁੰਦਾ ਹੈ ਕਿ ਜਿਹੜੇ ਲੋਕ ਨਾਰਾਜ਼ ਵੀ ਹੋ ਜਾਣ, ਉਨ੍ਹਾਂ ਨੂੰ ਤੁਸੀਂ ਵਾਪਸ ਲੈ ਆਉਂਦੇ ਹੋ। ਹੁਣ ਢੀਂਡਸਾ ਪਰਿਵਾਰ ਤਾਂ ਵਾਪਸ ਆ ਗਿਆ ਹੈ। ਬ੍ਰਹਮਪੁਰਾ ਦਾ ਪਰਿਵਾਰ ਵੀ ਸਾਡੇ ਨਾਲ ਫਿਰ ਜੁੜ ਗਿਆ ਹੈ। ਇਸ ਕਰਕੇ ਮੈਨੂੰ ਕੋਈ ਸ਼ੱਕ ਨਹੀਂ। ਇਹ ਸਾਰੇ ਦੇ ਸਾਰੇ ਸਾਰੀ ਉਮਰ ਅਕਾਲੀ ਰਹੇ ਹਨ ਤੇ ਅਕਾਲੀ ਹੀ ਰਹਿਣਗੇ।
ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ: ਸਵੀਮਿੰਗ ਪੂਲ ਤੱਕ 13 ਸਾਲਾ ਬੱਚੇ ਨੂੰ ਖਿੱਚ ਲਿਆਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
• ਬਾਦਲ ਤੇ ਮਜੀਠੀਆ ਪਰਿਵਾਰ ਵਾਂਗ ਅਕਾਲੀ ਦਲ ਵਿਚ ਕੋਈ ਹੋਰ ਪਰਿਵਾਰ ਉੱਭਰ ਸਕਦਾ?
ਹੁਣ ਸਿਰਫ਼ ਪਰਿਵਾਰਾਂ ਦੀ ਗੱਲ ਨਹੀਂ ਰਹੇਗੀ। ਹੁਣ ਲੀਡਰਸ਼ਿਪ ਦੀ ਗੱਲ ਹੋਵੇਗੀ। ਜਿੱਥੇ ਵੀ ਸਾਨੂੰ ਕੋਈ ਹੋਣਹਾਰ ਨੌਜਵਾਨ ਲੀਡਰ ਨਜ਼ਰ ਆਵੇਗਾ, ਅਸੀਂ ਉਸ ਨੂੰ ਨਾਲ ਲਵਾਂਗੇ। ਜਿੱਥੇ ਵੀ ਹੋਵੇ, ਜਿਸ ਅਸੈਂਬਲੀ ਵਿਚ ਹੋਵੇ, ਜਿਹੜਾ ਕਮਿਟਮੈਂਟ ਨਾਲ ਕੰਮ ਕਰਦਾ ਹੋਵੇ।
• ਕੀ ਅਕਾਲੀ ਦਲ ਪਰਿਵਾਰਵਾਦ ਖ਼ਤਮ ਕਰ ਸਕੇਗਾ?
ਅਸੀਂ ਖ਼ਤਮ ਵੀ ਨਹੀਂ ਕਰਨਾ ਚਾਹੁੰਦੇ। ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲ ਕੀਤੀ, ਜਿਹੜੇ ਅਕਾਲੀ ਦਲ ਦੇ ਡਿਸਿਪਲਿਨ ਸਿਪਾਹੀ ਹਨ ਉਹ ਰਹਿਣਗੇ। ਤੁਸੀਂ ਚੰਦੂਮਾਜਰਾ ਜੀ ਦੀ ਗੱਲ ਕੀਤੀ ਹੈ। ਉਨ੍ਹਾਂ ਦਾ ਲੜਕਾ ਅਸੈਂਬਲੀ ਲਈ ਲੜਦਾ ਹੈ ਤੇ ਉਹ ਆਪ ਪਾਰਲੀਮੈਂਟ ਲਈ ਲੜਦੇ ਹਨ। ਕਮਿਟਿਡ ਅਕਾਲੀ ਹਨ। ਉਸੇ ਤਰ੍ਹਾਂ ਰਹਿਣਗੇ। ਮੈਂ ਉਮੀਦ ਕਰਦਾ ਕਿ ਪਰਮਿੰਦਰ ਢੀਂਡਸਾ ਅਗਲਾ ਅਸੈਂਬਲੀ ਦਾ ਇਲੈਕਸ਼ਨ ਲੜਣਗੇ। ਉਹ ਸਾਡਾ ਫਰੰਟ ਲਾਈਨ ਲੀਡਰ ਹੈ।
• ਜੇਲ੍ਹ ਰਾਜਨੀਤੀ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ?
ਮੈਂ ਉਸ ਨੂੰ ਰੱਦ ਕਰਦਾ ਹਾਂ। ਮੈਂ ਕੁਰੱਪਸ਼ਨ ਦੇ ਸਖ਼ਤ ਖ਼ਿਲਾਫ਼ ਹਾਂ ਪਰ ਇਸ ਤਰ੍ਹਾਂ ਨਾ ਕਹੋ ਕਿ ਜਿਹੜਾ ਕੁਰੱਪਟ ਲੀਡਰ ਭਾਜਪਾ ਵਿਚ ਚਲਾ ਜਾਂਦਾ ਹੈ ਉਸ ਦੇ ਪਾਪ ਧੋਤੇ ਜਾਂਦੇ ਹਨ ਤੇ ਤੁਹਾਨੂੰ ਕੁਰਪੱਸ਼ਨ ਸਿਰਫ਼ ਆਪੋਜ਼ੀਸ਼ਨ ਦੇ ਲੀਡਰ ਵਿਚ ਨਜ਼ਰ ਆਉਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਭਾਜਪਾ ਲੌਂਡਰੀ ਬਣ ਜਾਂਦੀ ਹੈ।
ਇਹ ਵੀ ਪੜ੍ਹੋ- ਹਵਸ ਮਿਟਾਉਣ ਲਈ 5ਵੀਂ ਜਮਾਤ ਦੀ ਬੱਚੀ ਨਾਲ ਟੀਚਰ ਕਰਦਾ ਰਿਹਾ ਜਿਣਸੀ ਸ਼ੋਸ਼ਣ, ਇੰਝ ਖੁੱਲ੍ਹਿਆ ਭੇਤ
• ਮੋਦੀ ਸਾਬ੍ਹ ਦੇ 10 ਸਾਲ ਦੇ ਕੰਮਾਂ ਬਾਰੇ ਕੀ ਕਹੋਂਗੇ ?
ਉਨ੍ਹਾਂ ਨੇ ਕਈ ਚੰਗੇ ਕੰਮ ਕੀਤੇ ਹਨ। ਮੈਂ ਹਮੇਸ਼ਾ ਸ਼ਲਾਘਾ ਕੀਤੀ ਹੈ ਪਾਰਲੀਮੈਂਟ ਦੇ ਅੰਦਰ ਵੀ ਅਤੇ ਬਾਹਰ ਵੀ। ਉਨ੍ਹਾਂ ਨੇ ਦੇਸ਼ ਵਿਚ ਡਿਸਿਪਲਿਨ ਰੱਖਿਆ ਹੋਇਆ ਹੈ, ਜਿਸ ਨਾਲ ਮਹਿੰਗਾਈ ’ਤੇ ਕੰਟਰੋਲ ਰਿਹਾ ਹੈ। ਜਿਹੜੀ ਉਨ੍ਹਾਂ ਦੀ ਜੈੱਮ ਸਕੀਮ ਸੀ। ਉਨ੍ਹਾਂ ਨੇ ਜਿਹੜਾ ਇੰਨੇ ਸਾਰੇ ਬੈਂਕ ਅਕਾਊਂਟ ਖੋਲ੍ਹੇ। ਬੈਂਕਾਂ ਨੂੰ ਸਾਫ ਕਰ ਦਿੱਤਾ ਕਿਉਂਕਿ ਕਾਂਗਰਸ ਵੇਲੇ ਇੰਨਾ ਗੰਦ ਪੈ ਗਿਆ ਸੀ। ਜਿਹੜੀ ਚੋਰੀ ਚੱਲ ਰਹੀ ਸੀ, ਜਿਨ੍ਹਾਂ ਨੇ ਬੈਂਕਾਂ ਨੂੰ ਲੁੱਟਿਆ ਉਨ੍ਹਾਂ ਖਿਲਾਫ ਐਕਸ਼ਨ ਲਿਆ। ਪਰ ਜਿਹੜੀ ਗਲਤ ਗੱਲ ਹੈ, ਉਹ ਹੈ ਘੱਟਗਿਣਤੀਆਂ ’ਤੇ ਜੋ ਹਮਲਾ ਕੀਤਾ ਗਿਆ, ਖਾਸ ਕਰਕੇ ਮੁਸਲਮਾਨ ਅਤੇ ਸਿੱਖਾਂ ’ਤੇ, ਉਸ ਦੀ ਮੈਂ ਨਿੰਦਿਆ ਕਰਦਾ ਹਾਂ। ਇਸ ਤਰ੍ਹਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ, ਕਿਉਂਕਿ ਡੈਮੋਕ੍ਰੇਸੀ ਤਾਂ ਹੀ ਚੱਲਦੀ ਹੈ ਟੌਲਰੈਂਸ ਨਾਲ ਹੈ।
• ਤੁਹਾਨੂੰ ਵਿਦੇਸ਼ ਮਾਮਲਿਆਂ ਨੂੰ ਲੈ ਕੇ ਭਾਰਤ ਦੀ ਮੌਜੂਦਾ ਸਥਿਤੀ ਕਿਸ ਤਰ੍ਹਾਂ ਦੀ ਲੱਗਦੀ ਹੈ?
ਸਾਨੂੰ ਸਭ ਨੂੰ ਸੋਚਣਾ ਪਵੇਗਾ ਕਿ ਭਾਰਤ ਦੇ ਰਿਸ਼ਤੇ ਗੁਆਂਢੀਆਂ ਨਾਲ ਤਣਾਅ ਵਿਚ ਹਨ। ਇਨ੍ਹਾਂ ਵਿਚ ਭੂਟਾਨ, ਮਾਲਦੀਵ, ਨੇਪਾਲ, ਬੰਗਲਾਦੇਸ਼ ਤੇ ਪਾਕਿਸਤਾਨ ਸ਼ਾਮਲ ਹਨ, ਜਿੱਥੇ ਤਣਾਅ ਵਾਲੀ ਸਥਿਤੀ ਹੈ। ਮੈਂ ਉਮੀਦ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਚੋਣਾਂ ਤੋਂ ਬਾਅਦ ਇਸ ਗੱਲ ਵੱਲ ਤਵੱਜੋਂ ਦੇਣਗੇ ਅਤੇ ਇਨ੍ਹਾਂ ਨਾਲ ਸਾਡੇ ਰਿਸ਼ਤੇ ਸੁਧਰਣਗੇ। ਖਾਸ ਕਰਕੇ ਮੈਂ ਪਾਕਿਸਤਾਨ ਦੀ ਗੱਲ ਕਰਦਾ ਹਾਂ। ਪੰਜਾਬ ਲਈ ਜ਼ਰੂਰੀ ਹੈ ਕਿ ਸਾਡਾ ਬਾਰਡਰ ਰਾਹੀਂ ਟ੍ਰੇਡ ਸ਼ੁਰੂ ਹੋਵੇ। ਉਸ ਦਾ ਬਹੁਤ ਫਾਇਦਾ ਪੰਜਾਬ ਦੀ ਇਕਾਨਮੀ ਨੂੰ ਪਹੁੰਚੇਗਾ।
ਇਹ ਵੀ ਪੜ੍ਹੋ- ਜਲੰਧਰ 'ਚ ਰੂਹ ਕੰਬਾਊ ਵਾਰਦਾਤ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਥਿਆਰਬੰਦ ਫੋਰਸ ਦੀ ‘ਥ੍ਰੀ-ਲੇਅਰ’ ਸੁਰੱਖਿਆ ’ਚ ਰਹਿਣਗੀਆਂ EVM ਮਸ਼ੀਨਾਂ, SSP ਹਰੀਸ਼ ਦਾਯਮਾ ਨੇ ਲਿਆ ਜਾਇਜ਼ਾ
NEXT STORY