ਜਲੰਧਰ(ਵਰੁਣ)-ਜਲੰਧਰੀਆਂ ਦੇ 4 ਕਰੋੜ ਰੁਪਏ ਠੱਗਣ ਵਾਲੇ ਮੁਲਜ਼ਮ ਨੂੰ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਮੋਗਾ ਦੇ ਧਰਮਕੋਟ ਤੋਂ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਇੰਦਰਪਾਲ ਸਿੰਘ ਉਰਫ ਸਾਬੀ ਨੇ ਲੋਕਾਂ ਦੇ ਪੈਸੇ ਠੱਗ ਕੇ ਸ਼ਹੀਦ ਉੂਧਮ ਸਿੰਘ ਨਗਰ ਸਥਿਤ ਆਪਣੇ ਘਰ ਨੂੰ ਵੀ ਵੇਚ ਦਿੱਤਾ ਸੀ ਤੇ ਵੀਜ਼ਾ ਲਗਵਾਉਣ ਤੋਂ ਬਾਅਦ ਰਿਸ਼ਤੇਦਾਰ ਦੇ ਘਰ ਲੁਕ ਕੇ ਫਲਾਈਟ ਦੀ ਤਰੀਕ ਦੀ ਉਡੀਕ ਕਰ ਰਿਹਾ ਸੀ।
ਹਾਲ ਹੀ ਵਿਚ ਥਾਣਾ-4 ਦੀ ਪੁਲਸ ਨੇ ਇੰਦਰਪਾਲ ਸਿੰਘ ਉਰਫ ਸਾਬੀ ਪੁੱਤਰ ਕੁਲਦੀਪ ਸਿੰਘ ਵਾਸੀ ਸ਼ਹੀਦ ਉੂਧਮ ਸਿੰਘ ਨਗਰ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਅਮਿਤ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਉੱਚਾ ਸੁਰਾਜਗੰਜ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਜਦੋਂ ਇੰਦਰਪਾਲ ਸਿੰਘ ਜਮਸ਼ੇਰ ਵਿਚ ਆਪਣੀ ਡੇਅਰੀ ਚਲਾਉਂਦਾ ਸੀ ਤਾਂ ਉਸ ਨੇ ਉਸ ਕੋਲੋਂ ਕੈਟਲ ਫੀਡ ਤੇ ਪਸ਼ੂ ਖਰੀਦਣ ਨੂੰ ਲੈ ਕੇ 17 ਲੱਖ 50 ਹਜ਼ਾਰ ਰੁਪਏ ਠੱਗ ਲਏ ਸਨ। ਇਸ ਤੋਂ ਇਲਾਵਾ ਇੰਦਰਪਾਲ ਸਿੰਘ ਨੇ ਜਲੰਧਰ ਦੇ ਕਈ ਲੋਕਾਂ ਨੂੰ ਕਮੇਟੀਆਂ ਦੇ ਝਾਂਸੇ ਵਿਚ ਫਸਾ ਲਿਆ ਤੇ ਲੋਕਾਂ ਦੇ ਕਰੀਬ 4 ਕਰੋੜ ਰੁਪਏ ਲੈ ਕੇ ਅਚਾਨਕ ਗਾਇਬ ਹੋ ਗਿਆ।
ਉਸ ਦੇ ਖਿਲਾਫ ਪੁਲਸ ਵਿਚ ਵੱਖ-ਵੱਖ ਠੱਗੀਆਂ ਦੀਆਂ ਸ਼ਿਕਾਇਤਾਂ ਵੀ ਦਰਜ ਹਨ। ਕਰੋੜਾਂ ਰੁਪਏ ਦੀ ਠੱਗੀ ਮਾਰਨ ਦੌਰਾਨ ਹੀ ਇੰਦਰਪਾਲ ਨੇ ਆਪਣਾ ਵੀਜ਼ਾ ਵੀ ਲਗਵਾ ਲਿਆ ਸੀ। 74 ਲੱਖ ਰੁਪਏ ਵਿਚ ਉਸ ਨੇ ਆਪਣਾ ਸ਼ਹੀਦ ਉੂਧਮ ਸਿੰਘ ਨਗਰ ਸਥਿਤ ਘਰ ਵੀ ਵੇਚ ਦਿੱਤਾ ਸੀ ਤੇ ਹੁਣ ਧਰਮਕੋਟ ਰਹਿੰਦੇ ਆਪਣੇ ਰਿਸ਼ਤੇਦਾਰ ਓਮ ਪ੍ਰਕਾਸ਼ ਦੇ ਘਰ ਲੁਕ ਕੇ ਬੈਠਾ ਸੀ। ਜਲੰਧਰ ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਸੀ ਪਰ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਦੋ ਦਿਨ ਪਹਿਲਾਂ ਹੀ ਮਾਮਲਾ ਸੀ. ਆਈ. ਏ. ਸਟਾਫ-1 ਨੂੰ ਮਾਰਕ ਹੋਣ ਤੋਂ ਬਾਅਦ ਸੋਮਵਾਰ ਸਵੇਰੇ ਪਹਿਲਾਂ ਹੀ ਟਰੈਪ ਲਾਈ ਬੈਠੀ ਸੀ. ਆਈ. ਏ. ਸਟਾਫ ਦੀ ਟੀਮ ਤੇ ਥਾਣਾ ਚਾਰ ਦੀ ਪੁਲਸ ਨੇ ਸਾਂਝੀ ਕਾਰਵਾਈ ਕਰਦਿਆਂ ਇੰਦਰਪਾਲ ਨੂੰ ਉਸ ਦੇ ਰਿਸ਼ਤੇਦਾਰ ਦੇ ਘਰ ਰੇਡ ਕਰ ਕੇ ਕਾਬੂ ਕਰ ਲਿਆ। ਜੇਕਰ ਪੁਲਸ ਸਮੇਂ 'ਤੇ ਇੰਦਰਪਾਲ ਸਿੰਘ ਤੱਕ ਨਾ ਪਹੁੰਚਦੀ ਤਾਂ ਉਹ ਵਿਦੇਸ਼ ਭੱਜਣ ਵਿਚ ਕਾਮਯਾਬ ਹੋ ਜਾਂਦਾ।
ਕੱਲ ਕਰੇਗੀ ਪੁਲਸ ਅਦਾਲਤ 'ਚ ਪੇਸ਼
ਇੰਦਰਪਾਲ ਸਿੰਘ ਨੂੰ ਪੁਲਸ ਕੱਲ ਅਦਾਲਤ ਵਿਚ ਪੇਸ਼ ਕਰੇਗੀ। ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਇੰਦਰਪਾਲ ਕੋਲੋਂ ਪੈਸਿਆਂ ਦੀ ਰਿਕਵਰੀ ਕਰਨੀ ਹੈ। ਉਸ ਨੇ ਪੈਸੇ ਕਿੱਥੇ-ਕਿੱਥੇ ਇਨਵੈਸਟ ਕੀਤੇ ਜਾਂ ਫਿਰ ਕੋਈ ਪ੍ਰਾਪਰਟੀ ਖਰੀਦੀ, ਇਸ ਦੀ ਪੁੱਛਗਿੱਛ ਕੀਤੀ ਜਾਵੇਗੀ।
ਜਾਅਲੀ ਕਰੰਸੀ ਤਿਆਰ ਕਰਨ ਵਾਲਾ ਸਮਾਨ ਬਰਾਮਦ
NEXT STORY