ਮੋਗਾ (ਗੋਪੀ ਰਾਊਕੇ) : ਸਾਡੇ ਸਮਾਜ ਵਿਚ ਜਿੱਥੇ ਆਧੁਨਿਕ ਸਹੂਲਤਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਇਸ ਕਦਰ ਸੁਖਾਲੇ ਕੀਤਾ ਹੈ ਕਿ ਹੁਣ ਸਾਨੂੰ ਆਨਲਾਈਨ ਵਿਧੀਆਂ ਕਰਕੇ ਬੈਂਕ, ਪਾਵਰਕਾਮ ਦਫਤਰ ਜਾਂ ਕਿੱਧਰੇ ਹੋਰ ਜਾਣ ਦੀ ਲੋੜ ਨਹੀਂ ਹੈ ਤੇ ਅਸੀਂ ਘਰ ਬੈਠੇ ਹੀ ਕਿਤੇ ਵੀ ਪੈਸਿਆਂ ਦਾ ਲੈਣ-ਦੇਣ ਕਰ ਸਕਦੇ ਹਾਂ, ਪ੍ਰੰਤੂ ਇਸ ਦੇ ਨਾਲ ਹੀ ਆਨਲਾਈਨ ਵਿਧੀਆਂ ਰਾਹੀਂ ਰੋਜ਼ਾਨਾਂ ਠੱਗੀ ਦੇ ਨਵੇਂ ਮਾਮਲੇ ਵੀ ਸਾਹਮਣੇ ਆ ਰਹੇ ਹੈ। ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵਲੋਂ ਭਾਵੇਂ ਆਪਣੇ ਗਾਹਕਾਂ ਨੂੰ ਮੋਬਾਇਲ ਫੋਨ ’ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਓ. ਟੀ. ਪੀ. ਨਾ ਮੰਗਣ ਸਬੰਧੀ ਸੁਚੇਤ ਕੀਤਾ ਜਾਂਦਾ ਹੈ ਪਰ ਠੱਗ ਕਿਸਮ ਦੇ ਲੋਕ ਰੋਜ਼ਾਨਾਂ ਹੀ ਨਵੀਆਂ-ਨਵੀਆਂ ਤਕਨੀਕਾਂ ਅਪਣਾ ਕੇ ਲੋਕਾਂ ਦੀ ‘ਚਿੱਟੇ’ ਦਿਨ ਲੁੱਟ ਕਰ ਰਹੇ ਹਨ। ਹੁਣ ਬੈਂਕਾਂ ਦੇ ਕਾਰਡਾਂ ਅਤੇ ਤੁਹਾਡੀ ਲਾਟਰੀ ਨਿਕਲੀ ਹੈ ਬੋਲ ਕੇ ਠੱਗੀ ਮਾਰਨ ਦੀ ਥਾਂ ਪਾਵਰਕਾਮ ਦੇ ਨੁਮਾਇੰਦੇ ਬਣ ਕੇ ਲੋਕਾਂ ਨੂੰ ਠੱਗਣ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ।
ਮੋਗਾ ਦੇ ਸੰਤ ਸਿੰਘ ਸਾਦਿਕ ਰੋਡ ਨਿਵਾਸੀ ਮਨਜੀਤ ਕੌਰ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਮੋਬਾਇਲ ਫੋਨ ’ਤੇ ਮੈਸੇਜ ਆਇਆ ਕਿ ਜਲਦੀ ਆਪਣਾ ਬਿਜਲੀ ਖਾਤਾ ਅਪਡੇਟ ਕਰੋ ਨਹੀਂ ਤਾਂ ਤੁਹਾਡੀ ਬਿਜਲੀ ਸਪਲਾਈ ਰਾਤ ਤੱਕ ਕੱਟ ਦਿੱਤੀ ਜਾਵੇਗੀ। ਮੈਸੇਜ ਵਿਚ ਇਕ ਮੋਬਾਇਲ ਨੰਬਰ ਵੀ ਦਿੱਤਾ ਗਿਆ ਜਦੋਂ ਉਸਤੇ ਸੰਪਰਕ ਕੀਤਾ ਤਾਂ ਉਨ੍ਹਾਂ ਤੁਰੰਤ ਮੋਬਾਇਲ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਖਾਤਾ ਅਪਡੇਟ ਕਰਨ ਲਈ ਕਿਹਾ। ਇਸ ਮਗਰੋਂ ਜਦੋਂ ਵਾਰ-ਵਾਰ ਫੋਨ ਆਉਣ ਲੱਗਾ ਤਾਂ ਸ਼ੱਕ ਹੋਇਆ ਕਿ ਪਾਵਰਕਾਮ ਦੇ ਅਧਿਕਾਰੀ ਤਾਂ ਬਿਜਲੀ ਖਰਾਬ ਹੋਣ ਵੇਲੇ ਕਾਫੀ ਫੋਨ ਕਰਨ ਦੇ ਬਾਵਜੂਦ ਮਸਾਂ ਆਉਂਦੇ ਹਨ ਜਦੋਂਕਿ ਇਹ ਅਧਿਕਾਰੀ ਤੁਹਾਡੀ ਸਹਾਇਤਾ ਕਰਨ ਦਾ ਆਖ ਕੇ ਵਾਰ ਵਾਰ ਫੋਨ ਕਰ ਰਿਹਾ ਹੈ। ਇਸ ਮਗਰੋਂ ਜਦੋਂ ਉਸ ਤੋਂ ਪੁੱਛ ਗਿੱਛ ਕੀਤੀ ਤਾਂ ਉਹ ਆਖਿਰਕਾਰ ਚੰਡੀਗੜ੍ਹ ਹੈੱਡ ਆਫਿਸ ਤੋਂ ਬੋਲਦਾ ਆਖ ਕੇ ਫੋਨ ਹੀ ਕੱਟ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਠੱਗੀਆਂ ਦੇ ਮਾਮਲਿਆਂ ਵਿਰੁੱਧ ਸਾਨੂੰ ਜਿੱਥੇ ਸੁਚੇਤ ਹੋਣ ਦੀ ਲੋੜ ਹੈ, ਉੱਥੇ ਹੀ ਪੰਜਾਬ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਨਵੀਆਂ ਠੱਗੀਆਂ ਸਬੰਧੀ ਸੁਚੇਤ ਕੀਤਾ ਜਾਵੇ ਤੇ ਅਜਿਹੇ ਮਾੜੇ ਅਨਸਰਾਂ ਵਿਰੁੱਧ ਸਖਤ ਕਰਵਾਈ ਵੀ ਕੀਤੀ ਜਾਵੇ।
ਹੁਸ਼ਿਆਰਪੁਰ ਵਿਖੇ ਵੱਡੀ ਵਾਰਦਾਤ: ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਖੇਤਾਂ 'ਚ ਬਣੇ ਕਮਰੇ 'ਚੋਂ ਮਿਲੀ ਲਾਸ਼
NEXT STORY