ਪੀੜਤਾਂ ਨੇ ਕੀਤਾ ਰੋਸ ਮਾਰਚ ਤੇ ਕੀਤੀ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ
ਬਠਿੰਡਾ(ਸੁਖਵਿੰਦਰ)- ਭੇਡਾਂ-ਬੱਕਰੀਆਂ ਦੇ ਨਾਂ 'ਤੇ ਲੋਕਾਂ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਮੁਲਜ਼ਮਾਂ ਖਿਲਾਫ਼ ਕਾਰਵਾਈ ਨਾ ਹੋਣ ਤੋਂ ਭੜਕੇ ਨਿਵੇਸ਼ਕਾਂ ਨੇ ਇਨਸਾਫ਼ ਦੀ ਲਹਿਰ ਜਥੇਬੰਦੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ। ਨਿਵੇਸ਼ਕਾਂ ਨੇ ਮੰਗ ਕੀਤੀ ਕਿ ਉਕਤ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁਲਜ਼ਮ ਅੱਜ ਵੀ ਨਵੀਆਂ-ਨਵੀਆਂ ਸਕੀਮਾਂ ਚਲਾ ਕੇ ਲੋਕਾਂ ਨੂੰ ਲੁੱਟ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਜਥੇਬੰਦੀ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ, ਰਾਸ਼ਟਰੀ ਮੀਤ ਪ੍ਰਧਾਨ ਰਣਜੀਤ ਸਿੰਘ ਮਾਈਸਰਖਾਨਾ, ਮੁੱਖ ਬੁਲਾਰਾ ਗੁਰਜੰਟ ਸਿੰਘ ਘੁੱਦਾ, ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਦਰਸ਼ਨਾ ਜੋਸ਼ੀ, ਚੇਅਰਮੈਨ ਰਾਜਵਿੰਦਰ ਕੌਰ ਬਠਿੰਡਾ ਆਦਿ ਨੇ ਦੱਸਿਆ ਕਿ ਇਕ ਫਾਰਮਿੰਗ ਕੰਪਨੀ ਦੇ ਨਾਂ 'ਤੇ ਉਕਤ ਮੁਲਜ਼ਮਾਂ ਨੇ ਭੇਡਾਂ-ਬੱਕਰੀਆਂ ਦੇ ਪ੍ਰਾਜੈਕਟ 'ਚ ਪੈਸਾ ਇਨਵੈਸਟ ਕਰਵਾਇਆ ਸੀ ਅਤੇ ਲਗਭਗ 50 ਲੋਕਾਂ ਦੇ ਨਾਲ ਮੁਲਜ਼ਮਾਂ ਨੇ 10 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਬਠਿੰਡਾ ਦੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ ਗਈ, ਜਿਸ 'ਚ ਪੀੜਤਾਂ ਦੇ ਬਿਆਨ ਵੀ ਦਰਜ ਹੋ ਚੁੱਕੇ ਹਨ ਪਰ ਅੱਗੇ ਕੋਈ ਕਾਰਵਾਈ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਪੀੜਤਾਂ ਵੱਲੋਂ ਵਾਰ-ਵਾਰ ਅਧਿਕਾਰੀਆਂ ਦੇ ਦਫ਼ਤਰਾਂ 'ਚ ਚੱਕਰ ਕੱਟੇ ਜਾ ਰਹੇ ਹਨ ਪਰ ਉਨ੍ਹਾਂ ਸਿਰਫ ਭਰੋਸਾ ਹੀ ਦਿਵਾਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਕੋਈ ਕਾਰਵਾਈ ਨਾ ਕੀਤੀ ਤਾਂ ਜਥੇਬੰਦੀ ਵੱਲੋਂ ਜਨਵਰੀ ਦੇ ਪਹਿਲੇ ਹਫ਼ਤੇ ਸ਼ਹਿਰ 'ਚ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਜਾਵੇਗਾ। ਇਸ ਮੌਕੇ ਰਣਜੀਤ ਸਿੰਘ, ਗੁਰਬਖ਼ਸ਼ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਕੌਰ, ਜਸਵਿੰਦਰ ਕੌਰ, ਪੁਸ਼ਪਾ ਰਾਣੀ ਆਦਿ ਮੌਜੂਦ ਸਨ।
ਕਿਥੇ ਨੇ ਗਊ ਰੱਖਿਅਕ : ਫਿਰ ਹੋਈਆਂ ਠੇਕੇ 'ਤੇ ਗਊ ਹੱਤਿਆਵਾਂ
NEXT STORY